ਦਸਮੇਸ਼ ਹਾਈ ਸਕੂਲ ਮੋਗਾ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਦੀਵਾਲੀ ਦਾ ਤਿਉਹਾਰ ਮਨਾਉਣ ਮੌਕੇ ਬੱਚੇ ਅਧਿਆਪਕਾਂ ਨਾਲ।
Publish Date: Sat, 07 Nov 2026 03:40 PM (IST)
Updated Date: Sat, 07 Nov 2026 03:41 PM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਦਸਮੇਸ਼ ਹਾਈ ਸਕੂਲ ਮੋਗਾ ਵਿਖੇ ਦੀਵਾਲੀ ਦਾ ਤਿਉਹਾਰ ਬੜੇ ਹੀ ਜੋਸ਼, ਉਤਸ਼ਾਹ ਅਤੇ ਰੰਗਾਰੰਗ ਮਾਹੌਲ ਵਿਚ ਮਨਾਇਆ ਗਿਆ। ਪੂਰਾ ਸਕੂਲ ਰੰਗ-ਬਿਰੰਗੀਆਂ ਸਜਾਵਟਾਂ, ਜਗਮਗਾਉਂਦੇ ਦੀਵਿਆਂ ਅਤੇ ਫੁੱਲਾਂ ਨਾਲ ਸਜਿਆ ਹੋਇਆ ਸੀ। ਵਿਦਿਆਰਥੀਆਂ ਦੇ ਚਿਹਰਿਆਂ ਤੇ ਖੁਸ਼ੀ ਦੀ ਚਮਕ ਅਤੇ ਮਨਾਂ ਵਿਚ ਤਿਉਹਾਰ ਦਾ ਉਤਸ਼ਾਹ ਦੇਖਣਯੋਗ ਸੀ। ਬੱਚਿਆਂ ਨੇ ਆਪਣੀ ਕਲਾ ਅਤੇ ਰਚਨਾਤਮਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਨਮੋਹਕ ਰੰਗੋਲੀਆਂ ਬਣਾਈਆਂ, ਦੀਵੇ ਸਜਾਏ ਅਤੇ ਸੁੰਦਰ ਸਜਾਵਟੀ ਵਸਤੂਆਂ ਤਿਆਰ ਕੀਤੀਆਂ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਈਕੋ-ਫ੍ਰੈਂਡਲੀ ਰੰਗੋਲੀ ਤਿਆਰ ਕੀਤੀ ਗਈ, ਜਿਸ ਵਿਚ ਕੁਦਰਤੀ ਫੁੱਲਾਂ, ਪੱਤਿਆਂ ਅਤੇ ਵੱਖ-ਵੱਖ ਕੁਦਰਤੀ ਸਮੱਗਰੀ ਦੀ ਵਰਤੋਂ ਕੀਤੀ ਗਈ। ਇਸ ਗਤੀਵਿਧੀ ਰਾਹੀਂ ਬੱਚਿਆਂ ਨੇ ਕੁਦਰਤ ਨਾਲ ਪਿਆਰ ਅਤੇ ਵਾਤਾਵਰਣ ਦੀ ਸੰਭਾਲ ਦਾ ਸੁੰਦਰ ਸੰਦੇਸ਼ ਦਿੱਤਾ। ਸਕੂਲ ਦੇ ਡਾਇਰੈਕਟਰ ਸਰਦਾਰ ਗੁਰਬੀਰ ਸਿੰਘ ਜੱਸਲ ਜੀ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਦੀਵਾਲੀ ਸਿਰਫ਼ ਦੀਵੇ ਜਗਾਉਣ ਦਾ ਤਿਉਹਾਰ ਨਹੀਂ, ਸਗੋਂ ਹਨੇਰੇ ਉੱਤੇ ਚਾਨਣ, ਬੁਰਾਈ ਉੱਤੇ ਚੰਗਿਆਈ ਅਤੇ ਨਿਰਾਸ਼ਾ ਉੱਤੇ ਉਮੀਦ ਦੀ ਜਿੱਤ ਦਾ ਪ੍ਰਤੀਕ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਪਟਾਕਿਆਂ ਤੋਂ ਹੋਣ ਵਾਲੇ ਹਵਾ ਅਤੇ ਆਵਾਜ਼ ਦੇ ਪ੍ਰਦੂਸ਼ਣ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਨੂੰ ਘੱਟ ਪ੍ਰਦੂਸ਼ਣ, ਸਾਫ਼-ਸੁਥਰੇ ਵਾਤਾਵਰਣ ਅਤੇ ਸਿਹਤਮੰਦ ਜੀਵਨ ਲਈ ਹਰੀ-ਭਰੀ ਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਸਰਦਾਰ ਗੁਰਬੀਰ ਸਿੰਘ ਜੱਸਲ ਜੀ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਦੀਵਾਲੀ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਸਾਰਿਆਂ ਨੂੰ ਆਪਸੀ ਪਿਆਰ, ਭਾਈਚਾਰੇ ਅਤੇ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦਿੱਤਾ।