ਬਜ਼ੁਰਗ ਸਮਾਜ ਦੀ ਅਨਮੋਲ ਧਰੋਹਰ, ਸੰਭਾਲ ਤੇ ਸਨਮਾਨ ਸਾਡਾ ਨੈਤਿਕ ਫ਼ਰਜ਼ : ਗੁਰਪ੍ਰੀਤ ਸਿੰਘ ਅੰਤਰਰਾਸ਼ਟਰੀ ਬਜ਼ੁਰਗ ਦਿਵਸ
Publish Date: Sat, 03 Oct 2026 05:53 PM (IST)
Updated Date: Sun, 04 Oct 2026 04:05 AM (IST)
ਗੁਰਦੇਵ ਮਨੇਸ, ਪੰਜਾਬੀ ਜਾਗਰਣ ਕੋਟ ਈਸੇ ਖਾਂ : ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮੌਕੇ ਮਾਈ ਭਾਰਤ’ ਕੇਂਦਰ ਮੋਗਾ ਵੱਲੋਂ ਸ਼ਿਵ ਕ੍ਰਿਪਾ ਬਜ਼ੁਰਗ ਆਸ਼ਰਮ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਨੌਜਵਾਨ ਵਲੰਟੀਅਰਾਂ ਨੇ ਬਜ਼ੁਰਗਾਂ ਨਾਲ ਸਮਾਂ ਬਿਤਾ ਕੇ ਉਨ੍ਹਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਬਜ਼ੁਰਗਾਂ ਦੇ ਸਤਿਕਾਰ ਤੇ ਸੰਭਾਲ ਦਾ ਸੰਦੇਸ਼ ਦਿੱਤਾ। ਸਮਾਗਮ ਵਿਚ ਜ਼ਿਲ੍ਹਾ ਯੁਵਾ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਬਜ਼ੁਰਗਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਜੀਵਨ ਸੰਘਰਸ਼ਾਂ ਅਤੇ ਤਜਰਬਿਆਂ ਨੂੰ ਸੁਣਿਆ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦੀ ਅਨਮੋਲ ਧਰੋਹਰ ਹਨ ਅਤੇ ਉਨ੍ਹਾਂ ਦਾ ਤਜਰਬਾ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਵੱਡਾ ਸਰੋਤ ਹੈ। ਬਜ਼ੁਰਗਾਂ ਦੀ ਸੰਭਾਲ ਕਰਨਾ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦੇਣਾ ਹਰੇਕ ਵਿਅਕਤੀ ਦੀ ਨੈਤਿਕ ਜ਼ਿੰਮੇਵਾਰੀ ਹੈ। ਇਸ ਮੌਕੇ ‘ਮਾਈ ਭਾਰਤ’ ਦੇ ਨੌਜਵਾਨ ਵਲੰਟੀਅਰਾਂ ਨੇ ਆਸ਼ਰਮ ਵਾਸੀ ਬਜ਼ੁਰਗਾਂ ਨਾਲ ਮਨੋਰੰਜਕ ਤੇ ਸੱਭਿਆਚਾਰਕ ਗਤੀਵਿਧੀਆਂ ’ਚ ਹਿੱਸਾ ਲਿਆ। ਨੌਜਵਾਨਾਂ ਨੇ ਬਜ਼ੁਰਗਾਂ ਨਾਲ ਖੁਸ਼ੀ ਦੇ ਪਲ ਸਾਂਝੇ ਕੀਤੇ, ਜਿਸ ਨਾਲ ਆਸ਼ਰਮ ਦਾ ਮਾਹੌਲ ਖੁਸ਼ਗਵਾਰ ਹੋ ਗਿਆ। ਇਸ ਉਪਰਾਲੇ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਬਜ਼ੁਰਗਾਂ ਦੀਆਂ ਭਾਵਨਾਤਮਕ ਲੋੜਾਂ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨਾਲ ਆਪਣਾਪਣ ਦੀ ਭਾਵਨਾ ਮਜ਼ਬੂਤ ਕਰਨਾ ਸੀ। ਇਸ ਮੌਕੇ ਨੈਸ਼ਨਲ ਯੂਥ ਵਲੰਟੀਅਰ ਰਾਮਦੀਪ ਸਿੰਘ ਸਮੇਤ ਹੋਰ ਨੌਜਵਾਨ ਆਗੂ ਅਤੇ ਵਲੰਟੀਅਰ ਹਾਜ਼ਰ ਸਨ।