- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੇ ਸਾਲਾਂ ਦੀ ਮਰਿਆਦਾ ਅਨੁਸਾਰ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਪਿਛਲੇ ਸਾਲਾਂ ਦੀ ਮਰਿਆਦਾ ਅਨੁਸਾਰ ਇਸ ਵਾਰ ਵੀ ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਹਰਗੋਬਿੰਦਸਰ ਟਿੱਬੀ ਸਾਹਿਬ ਬਿਲਾਸਪੁਰ ਵਿਖੇ ਸਾਲਾਨਾ ਇਕੋਤਰੀ ਸਮਾਗਮਾਂ ਦੀ ਸੰਪੂਰਨਤਾ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਸ਼ਰਧਾ ਅਤੇ ਸਤਿਕਾਰ ਸਹਿਤ ਪਾਏ ਗਏ। ਇਸ ਮੌਕੇ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਨਾਮੀ ਪੰਥਕ ਜਥਿਆਂ ਨੇ ਹਾਜ਼ਰੀ ਲਗਵਾਈ। ਕਵੀਸ਼ਰ ਅਤੇ ਢਾਡੀ ਜਥਿਆਂ ਨੇ ਆਪਣੀਆਂ ਰਚਨਾਵਾਂ ਤੇ ਵਾਰਾਂ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਮੌਜੂਦਾ ਗੱਦੀਨਸ਼ੀਨ ਬਾਬਾ ਜਗਮੋਹਣ ਸਿੰਘ ਖ਼ਾਲਸਾ ਨੇ ਦੱਸਿਆ ਕਿ ਸੱਚਖੰਡ ਵਾਸੀ ਸੰਤ ਬਾਬਾ ਅਵਤਾਰ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਗਈ ਮਰਿਆਦਾ ਅਨੁਸਾਰ ਗੁਰਬਾਣੀ ਦੇ ਪਾਠ ਸੰਪੂਰਨ ਹੋਏ ਹਨ ਜਿਸ ਵਿਚ ਵੱਡੀ ਗਿਣਤੀ ਵਿਚ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਨੇ ਹਾਜ਼ਰੀ ਭਰ ਕੇ ਸੇਵਾ ਅਤੇ ਸਿਮਰਨ ਰਾਹੀਂ ਆਪਣਾ ਜੀਵਨ ਸਫ਼ਲ ਕੀਤਾ ਹੈ। ਉਨ੍ਹਾਂ ਨੇ ਪਹੁੰਚੀ ਹੋਈ ਸੰਗਤ ਦਾ ਪ੍ਰਬੰਧਕਾਂ ਦੀ ਤਰਫੋਂ ਧੰਨਵਾਦ ਕੀਤਾ। ਬੁਲਾਰਿਆਂ ਨੇ ਇਸ ਅਸਥਾਨ ਦੇ ਇਤਿਹਾਸਕ ਪਿਛੋਕੜ ਬਾਰੇ ਵੀ ਰੌਸ਼ਨੀ ਪਾਈ। ਉਨ੍ਹਾਂ ਦੱਸਿਆ ਕਿ ਇਥੇ ਹਰ ਸਾਲ 16 ਅਕਤੂਬਰ ਨੂੰ ਸਾਲਾਨਾ ਇਕੋਤਰੀ ਸਮਾਗਮਾਂ ਦੇ ਭੋਗ ਪਾਏ ਜਾਂਦੇ ਹਨ। ਇਸ ਸਮੇਂ ਖੀਰ ਅਤੇ ਮਾਲ ਪੂੜਿਆਂ ਦਾ ਲੰਗਰ ਅਤੁੱਟ ਵਰਤਿਆ ਜਿਸ ਵਿਚ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਵਲੰਟੀਅਰਾਂ ਨੇ ਵੀ ਸੇਵਾ ਨਿਭਾਈ।