- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਮੋਗਾ ਦੇ ਪਿੰਡ ਸਿੰਘਾਂਵਾਲਾ ਤੋਂ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਜ਼ਿਲ੍ਹਾ ਮੋਗਾ ਦੇ ਪਿੰਡ ਸਿੰਘਾਂਵਾਲਾ ਤੋਂ ਪਿੰਡ ਚੰਦਨਵਾਂ ਨੂੰ ਜਾਂਦੇ ਰਸਤੇ ਵਿਚ ਸੇਮ ਨਾਲੇ ਉੱਪਰ ਬਣੇ ਪੁੱਲ ਦੀ ਰੇਲਿੰਗ ਚੋਰੀ ਹੋਣ ਅਤੇ ਪੁੱਲ ਦੀ ਖਸਤਾ ਹਾਲਤ ਸਬੰਧੀ ਮੋਗਾ ਦੇ ਸਮਾਜ ਸੇਵੀ ਵਿਸ਼ੇਸ਼ ਖੇੜਾ ਅਤੇ ਪਿੰਡ ਚੰਦਨਵਾਂ ਦੀ ਗ੍ਰਾਂਮ ਪੰਚਾਇਤ ਵੱਲੋਂ ਸਬੰਧਤ ਵਿਭਾਗ ਨੂੰ ਦਰਖ਼ਾਸਤ ਦੇ ਕੇ ਇਸ ਸਮੱਸਿਆ ਵੱਲ ਧਿਆਨ ਦਿਵਾਇਆ ਗਿਆ ਸੀ। ਇਸ ਦਰਖਾਸਤ ਦੇ ਸਬੰਧ ਵਿਚ ਜਲ ਸਰੋਤ ਵਿਭਾਗ ਦੇ ਜੇਈ ਅਨੁਭਵ ਸਿੰਘ ਸਿਸੋਦੀਆ ਵੱਲੋਂ ਮੌਕੇ ਦਾ ਨਿਰੀਖਣ ਕੀਤਾ ਗਿਆ ਅਤੇ ਪੁੱਲ ਦੀ ਮੌਜੂਦਾ ਹਾਲਤ ਦਾ ਜਾਇਜ਼ਾ ਲੈਣ ਉਪਰੰਤ ਆਪਣੀ ਰਿਪੋਰਟ ਪੇਸ਼ ਕੀਤੀ ਗਈ। ਵਿਭਾਗੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੋਗਾ ਡਰੇਨ ਦੀ ਬੁਰਜੀ ਨੰਬਰ 33900 ’ਤੇ ਬਣੇ ਇਸ ਪੁੱਲ ਦੀ ਸਲੈਬ ਦੀ ਰੀਇਨਫੋਰਸਮੈਂਟ ਲੋਹੇ ਦੇ ਸਰੀਏ ਐਕਸਪੋਜ਼ ਹੋ ਚੁੱਕੀ ਹੈ। ਇਸ ਕਾਰਨ ਪੁੱਲ ਦੀ ਹਾਲਤ ਕਾਫ਼ੀ ਖ਼ਰਾਬ ਹੋ ਗਈ ਹੈ ਅਤੇ ਸਿਰਫ਼ ਰੇਲਿੰਗ ਦੀ ਮੁਰੰਮਤ ਕਰਵਾ ਕੇ ਸਮੱਸਿਆ ਦਾ ਪੱਕਾ ਹੱਲ ਕਰਨਾ ਸੰਭਵ ਨਹੀਂ ਹੈ। ਇਸ ਤੋਂ ਇਲਾਵਾ ਪੁੱਲ ਦੀਆਂ ਅਬਟਮੈਂਟਾਂ ਅਤੇ ਬੁਨਿਆਦੀ ਢਾਂਚੇ ’ਚੋਂ ਇੱਟਾਂ ਨਿਕਲਣ ਕਾਰਨ ਵੀ ਪੁੱਲ ਦੀ ਮਜ਼ਬੂਤੀ ਪ੍ਰਭਾਵਿਤ ਹੋ ਰਹੀ ਹੈ। ਵਿਭਾਗੀ ਰਿਪੋਰਟ ਅਨੁਸਾਰ ਪੁੱਲ ਦੀ ਸਮੁੱਚੀ ਹਾਲਤ ਖਸਤਾ ਹੋ ਚੁੱਕੀ ਹੈ, ਜਿਸ ਨੂੰ ਦੇਖਦਿਆਂ ਇਸ ਦੇ ਨਵ-ਨਿਰਮਾਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਪੁੱਲ ਦੇ ਨਵੇਂ ਨਿਰਮਾਣ ’ਤੇ ਲਗਭਗ 80 ਲੱਖ ਰੁਪਏ ਖ਼ਰਚ ਆਉਣ ਦੀ ਸੰਭਾਵਨਾ ਹੈ। ਪੁੱਲ ਦੀ ਖਸਤਾ ਹਾਲਤ ਅਤੇ ਰੇਲਿੰਗ ਨਾ ਹੋਣ ਕਾਰਨ ਇਸ ਰਸਤੇ ਤੋਂ ਲੰਘਣ ਵਾਲੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਖ਼ਾਸ ਕਰਕੇ ਰਾਤ ਸਮੇਂ ਜਾਂ ਘੱਟ ਦਿੱਖ ਵਾਲੇ ਮੌਸਮ ਵਿਚ ਪੁੱਲ ਤੋਂ ਲੰਘਣਾ ਜੋਖ਼ਮ ਭਰਿਆ ਹੋ ਸਕਦਾ ਹੈ। ਇਸ ਲਈ ਪੁੱਲ ਦੀ ਮੌਜੂਦਾ ਹਾਲਤ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਸਬੰਧੀ ਜਲਦ ਢੁੱਕਵੇਂ ਕਦਮ ਚੁੱਕਣ ਦੀ ਲੋੜ ਹੈ। ਸਮਾਜ ਸੇਵੀ ਵਿਸ਼ੇਸ਼ ਖੇੜਾ ਅਤੇ ਪਿੰਡ ਚੰਦਨਵਾਂ ਦੀ ਪੰਚਾਇਤ ਵੱਲੋਂ ਸਬੰਧਤ ਵਿਭਾਗ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਇਸ ਪੁੱਲ ਦੀ ਖਸਤਾ ਹਾਲਤ ਨੂੰ ਧਿਆਨ ਵਿਚ ਰੱਖਦਿਆਂ ਇਸ ਦੇ ਨਵ-ਨਿਰਮਾਣ ਲਈ ਲੋੜੀਂਦੀ ਪ੍ਰਵਾਨਗੀ ਅਤੇ ਫੰਡ ਜਲਦ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ ਪੁੱਲ ਦੀ ਮੁਰੰਮਤ ਜਾਂ ਨਵ-ਨਿਰਮਾਣ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਸਕੇ ਅਤੇ ਪਿੰਡ ਸਿੰਘਾਂਵਾਲਾ ਤੋਂ ਪਿੰਡ ਚੰਦਨਵਾਂ ਨੂੰ ਜਾਣ ਵਾਲੇ ਰਸਤੇ ’ਤੇ ਆਵਾਜਾਈ ਸੁਰੱਖਿਅਤ ਬਣਾਈ ਜਾ ਸਕੇ। ਪੰਚਾਇਤ ਵੱਲੋਂ ਆਸ ਪ੍ਰਗਟਾਈ ਗਈ ਹੈ ਕਿ ਸਬੰਧਤ ਅਧਿਕਾਰੀ ਇਸ ਮਾਮਲੇ ਨੂੰ ਪਹਿਲ ਦੇ ਆਧਾਰ ’ਤੇ ਵਿਚਾਰਦਿਆਂ ਲੋਕ ਹਿੱਤ ਵਿਚ ਜਲਦ ਕਾਰਵਾਈ ਕਰਨਗੇ ਅਤੇ ਇਸ ਮਹੱਤਵਪੂਰਨ ਪੁੱਲ ਦੀ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾਵੇਗਾ।