- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਸ਼ਹਿਰ ਦੇ ਨੇੜਲੇ ਪਿੰਡ ਦੁਨ੍ਹੇਕੇ

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਮੋਗਾ ਸ਼ਹਿਰ ਦੇ ਨੇੜਲੇ ਪਿੰਡ ਦੁਨ੍ਹੇਕੇ ਵਿਚ ਸਾਢੇ ਛੇ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਆਯੁਸ਼ ਹਸਪਤਾਲ ਦੀ ਵਿਸ਼ਾਲ ਇਮਾਰਤ ਪਿਛਲੇ ਦੋ ਸਾਲਾਂ ਤੋਂ ਉਦਘਾਟਨ ਦੀ ਉਡੀਕ ਕਰ ਰਹੀ ਹੈ। ਸਰਕਾਰ ਵੱਲੋਂ ਇਸਨੂੰ ਅਜੇ ਤੱਕ ਚਾਲੂ ਨਾ ਕਰਨ ਕਾਰਨ ਇਹ ਹਸਪਤਾਲ ਲੋਕਾਂ ਲਈ ਵਰਦਾਨ ਬਣਨ ਦੀ ਥਾਂ ਕਬੂਤਰਾਂ ਦੀ ਰਿਹਾਇਸ਼ ਬਣ ਕੇ ਰਹਿ ਗਿਆ ਹੈ। ਖ਼ਾਲੀ ਵਾਰਡਾਂ ਵਿਚ ਕਬੂਤਰ ਉੱਡਦੇ ਫਿਰਦੇ ਹਨ ਅਤੇ ਉਨ੍ਹਾਂ ਦੀਆਂ ਬਿੱਠਾਂ ਨਾਲ ਪੂਰਾ ਹਸਪਤਾਲ ਗੰਦਗੀ ਦਾ ਸ਼ਿਕਾਰ ਹੋ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਭਗ ਨੌਂ ਕਰੋੜ ਰੁਪਏ ਦੀ ਇਸ ਯੋਜਨਾਂ ਵਿੱਚੋਂ ਛੇ ਕਰੋੜ ਪੰਜਾਹ ਲੱਖ ਰੁਪਏ ਇਮਾਰਤ ਨਿਰਮਾਣ ਉੱਤੇ ਖਰਚ ਕੀਤੇ ਗਏ। ਇਹ ਯੋਜਨਾਂ ਸਾਲ 2020 ਵਿਚ ਸ਼ੁਰੂ ਹੋਈ ਸੀ ਅਤੇ 2022 ਵਿਚ ਇਮਾਰਤ ਪੂਰੀ ਤਰ੍ਹਾਂ ਤਿਆਰ ਹੋ ਗਈ। ਇਸ ਤੋਂ ਬਾਅਦ ਅਪ੍ਰੈਲ 2023 ਵਿਚ ਨਾਨਕ ਨਗਰੀ ਸਥਿਤ ਆਯੂਰਵੇਦ ਡਿਸਪੈਂਸਰੀ ਨੂੰ ਇੱਥੇ ਤਬਦੀਲ ਕਰ ਦਿੱਤਾ ਗਿਆ। ਕੁੱਝ ਸਮੇਂ ਬਾਅਦ ਇਕ ਹੋਮਿਓਪੈਥੀ ਡਿਸਪੈਂਸਰੀ ਵੀ ਅਸਥਾਈ ਤੌਰ ’ਤੇ ਇੱਥੇ ਚਲਾਈ ਗਈ ਅਤੇ ਮੌਜੂਦਾ ਸਮੇਂ ਇੱਥੇ ਯੋਗ ਕੇਂਦਰ ਵੀ ਸੰਚਾਲਿਤ ਕੀਤਾ ਜਾ ਰਿਹਾ ਹੈ। ਆਯੂਸ਼ ਪੱਧਤੀ ਹੇਠ ਬਣੇ ਇਸ ਹਸਪਤਾਲ ਨੂੰ ਕੇਂਦਰ ਸਰਕਾਰ ਦੀ ਯੋਜਨਾਂ ਤਹਿਤ ਤਿਆਰ ਕੀਤਾ ਗਿਆ ਸੀ। ਪੰਜਾਬ ਵਿਚ ਕੇਵਲ ਦੋ ਹੀ ਆਯੂਸ਼ ਹਸਪਤਾਲ ਮਨਜ਼ੂਰ ਹੋਏ ਸਨ ਇਕ ਮੋਗਾ ਵਿਚ ਅਤੇ ਦੂਜਾ ਬਠਿੰਡਾ ਵਿਚ। ਇਸ ਹਸਪਤਾਲ ਵਿਚ ਆਯੂਰਵੇਦ, ਹੋਮਿਓਪੈਥੀ, ਯੂਨਾਨੀ, ਸਿੱਧਾ ਅਤੇ ਯੋਗ ਪੱਧਤੀ ਰਾਹੀਂ ਇਲਾਜ ਦੀ ਸੁਵਿਧਾ ਹੋਣੀ ਸੀ। ਇਸ ਵੇਲੇ ਆਯੂਰਵੇਦ ਡਿਸਪੈਂਸਰੀ ਨੂੰ ਡਾ. ਭੂਪਿੰਦਰ ਪਾਲ ਸਿੰਘ ਅਤੇ ਹੋਮਿਓਪੈਥੀ ਡਿਸਪੈਂਸਰੀ ਨੂੰ ਡਾ. ਰਣਜੀਤ ਸਿੰਘ ਚਲਾ ਰਹੇ ਹਨ।
ਹਸਪਤਾਲ ’ਚ ਇਹ ਹਨ ਸੁਵਿਧਾਵਾਂ
ਹਸਪਤਾਲ ਵਿਚ ਤਿੰਨ ਵਾਰਡ, ਸੱਤ ਪ੍ਰਾਈਵੇਟ ਕਮਰੇ, ਲੇਬਰ ਰੂਮ, ਰਿਕਵਰੀ ਰੂਮ, ਆਉਟਡੋਰ, ਲੈਬੋਰਟਰੀ, ਰਿਸੈਪਸ਼ਨ ਕਾਊਂਟਰ ਸਮੇਤ ਸਾਰੀਆਂ ਆਧੁਨਿਕ ਸੁਵਿਧਾਵਾਂ ਤਿਆਰ ਕੀਤੀਆਂ ਗਈਆਂ ਹਨ। ਇੱਥੇ ਇਕ ਆਪਰੇਸ਼ਨ ਥੀਏਟਰ ਵੀ ਬਣਾਇਆ ਗਿਆ ਹੈ ਜਿਸ ਵਿਚ ਲਾਈਟਾਂ ਅਤੇ ਟੇਬਲ ਆ ਚੁੱਕੀਆਂ ਹਨ ਪਰ ਅਜੇ ਤੱਕ ਇਹ ਫਿੱਟ ਨਹੀਂ ਕੀਤੀਆਂ ਗਈਆਂ। ਫਿਜ਼ੀਓਥੈਰੇਪੀ ਕਮਰੇ ਵਿਚ ਫਿਜ਼ੀਓਥੈਰੇਪੀ ਟੇਬਲ ਰੱਖੀ ਹੋਈ ਹੈ। ਲੇਬਰ ਰੂਮ ਵਿਚ ਪ੍ਰਸੂਤੀ ਲਈ ਲੋੜੀਂਦਾ ਸਾਮਾਨ ਅਜੇ ਤੱਕ ਨਹੀਂ ਪਹੁੰਚਿਆ ਹਾਲਾਂਕਿ ਨਵਜਾਤ ਦੇ ਇਲਾਜ ਲਈ ਵਾਰਮਰ ਆ ਚੁੱਕਾ ਹੈ। ਹਸਪਤਾਲ ਚਲਾਉਣ ਲਈ ਤੀਹ ਬਿਸਤਰ, ਪਲਸ ਆਕਸੀਮੀਟਰ, ਬੈਂਡੇਜ, ਰੂਈ ਦੇ ਬੰਡਲ, ਆਪਰੇਸ਼ਨ ਟੇਬਲ, ਏਅਰ ਕੰਡੀਸ਼ਨਰ, ਆਉਟਡੋਰ ਲਈ ਕੁੱਝ ਸਾਮਾਨ, ਫੋਟੋਥੈਰੇਪੀ ਮਸ਼ੀਨ ਅਤੇ ਲੈਬੋਰਟਰੀ ਵਿਚ ਵਰਤੀ ਜਾਣ ਵਾਲੀ ਸੈੱਲ ਕਾਊਂਟਰ ਮਸ਼ੀਨ ਵੀ ਆ ਚੁੱਕੀ ਹੈ। ਦੁੱਖ ਦੀ ਗੱਲ ਇਹ ਹੈ ਕਿ ਇਹ ਸਾਰਾ ਸਾਮਾਨ ਧੂੜ ਫਾਂਕ ਰਿਹਾ ਹੈ ਅਤੇ ਕਈ ਉਪਕਰਣਾਂ ਦੀ ਗਾਰੰਟੀ ਮਿਆਦ ਵੀ ਖ਼ਤਮ ਹੋਣ ਦੇ ਕਗਾਰ ’ਤੇ ਹੈ। ਪੂਰਾ ਹਸਪਤਾਲ ਲਗਭਗ ਪੰਜ ਕਨਾਲ ਜ਼ਮੀਨ ’ਤੇ ਬਣਿਆ ਹੋਇਆ ਹੈ।
ਉਦਘਾਟਨ ਹੁੰਦਾ-ਹੁੰਦਾ ਰਹਿ ਗਿਆ
ਸਾਲ 2022 ਵਿਚ ਕਾਂਗਰਸ ਸਰਕਾਰ ਦੇ ਸਿਹਤ ਮੰਤਰੀ ਓਪੀ. ਸੋਨੀ ਨੂੰ ਇਸ ਹਸਪਤਾਲ ਦਾ ਉਦਘਾਟਨ ਕਰਨ ਲਈ ਆਉਣਾ ਸੀ। ਸਾਰਾ ਕਾਰਜਕ੍ਰਮ ਤੈਅ ਹੋ ਗਿਆ ਸੀ ਅਤੇ ਤਿਆਰੀਆਂ ਵੀ ਪੂਰੀਆਂ ਹੋ ਚੁੱਕੀਆਂ ਸਨ ਪਰ ਐਨ ਮੌਕੇ ’ਤੇ ਕਾਂਗਰਸ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਇਕ ਵੱਡੀ ਰੈਲੀ ਰੱਖੀ ਗਈ। ਰੈਲੀ ਨੂੰ ਵਿਗੜਨ ਤੋਂ ਬਚਾਉਣ ਲਈ ਸਰਕਾਰ ਨੇ ਹਸਪਤਾਲ ਦੇ ਉਦਘਾਟਨ ਦਾ ਕਾਰਜਕ੍ਰਮ ਰੱਦ ਕਰ ਦਿੱਤਾ। ਉਸ ਤੋਂ ਬਾਅਦ ਅੱਜ ਤੱਕ ਕੋਈ ਵੀ ਸਰਕਾਰੀ ਨੁਮਾਇੰਦਾ ਇੱਥੇ ਉਦਘਾਟਨ ਕਰਨ ਨਹੀਂ ਆਇਆ।
ਕਰਮਚਾਰੀ ਨਿਯੁਕਤੀ ਦੀ ਪ੍ਰਕਿਰਿਆ ਤੇਜ਼ : ਰਮਨ ਖੰਨਾ
ਇਸ ਸਬੰਧੀ ਗੱਲਬਾਤ ਕਰਦਿਆਂ ਸੰਯੁਕਤ ਨਿਰਦੇਸ਼ਕ, ਆਯੂਰਵੇਦ ਵਿਭਾਗ ਪੰਜਾਬ ਰਮਨ ਖੰਨਾ ਨੇ ਕਿਹਾ ਕਿ ਆਯੂਸ਼ ਹਸਪਤਾਲ ਨੂੰ ਚਾਲੂ ਕਰਨ ਵੱਲ ਸਰਕਾਰ ਨੇ ਕਦਮ ਤੇਜ਼ ਕਰ ਦਿੱਤੇ ਹਨ। ਹਸਪਤਾਲ ਵਿਚ ਕਰਮਚਾਰੀ ਨਿਯੁੱਕਤੀ ਦੀ ਪ੍ਰਕਿਰਿਆ ਇਸ ਸਮੇਂ ਜਾਰੀ ਹੈ ਅਤੇ ਇਹ ਮਾਮਲਾ ਸਰਕਾਰ ਦੇ ਸਮੁੱਖ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਲੋੜੀਂਦੇ ਡਾਕਟਰਾਂ, ਪੈਰਾਮੈਡੀਕਲ ਸਟਾਫ਼ ਅਤੇ ਹੋਰ ਕਰਮਚਾਰੀਆਂ ਦੀ ਨਿਯੁੱਕਤੀ ਕੀਤੀ ਜਾਵੇ ਤਾਂ ਜੋ ਮੋਗਾ ਵਾਸੀਆਂ ਨੂੰ ਆਯੂਰਵੇਦ, ਯੋਗ ਅਤੇ ਹੋਰ ਪਰੰਪਰਾਗਤ ਚਿਕਿਤਸਾ ਸੇਵਾਵਾਂ ਦਾ ਲਾਭ ਮਿਲ ਸਕੇ। ਰਮਨ ਖੰਨਾ ਨੇ ਆਸ ਜਤਾਈ ਕਿ ਸਰਕਾਰੀ ਮਨਜ਼ੂਰੀ ਮਿਲਦਿਆਂ ਹੀ ਹਸਪਤਾਲ ਨੂੰ ਜਲਦੀ ਹੀ ਲੋਕ ਅਰਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਇਲਾਜ ਲਈ ਦੂਰਦਰਾਜ਼ ਸ਼ਹਿਰਾਂ ਦਾ ਰੁਖ ਨਹੀਂ ਕਰਨਾ ਪਵੇਗਾ ਅਤੇ ਸਿਹਤ ਸੇਵਾਵਾਂ ਸਸਤੇ ਢੰਗ ਨਾਲ ਉਪਲਬਧ ਹੋਣਗੀਆਂ।
ਫੋਟੋ ਡਾ. ਭੁਪਿੰਦਰ ਸਿੰਘ
ਪ੍ਰਸ਼ਾਸਨਿਕ ਮੀਟਿੰਗਾਂ ’ਚ ਕਈ ਵਾਰ ਚੁੱਕਿਆ ਗਿਆ ਮਸਲਾ
ਆਯੂਰਵੇਦਿਕ ਡਾਕਟਰ ਡਾ. ਭੂਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਕਈ ਵਾਰ ਪ੍ਰਸ਼ਾਸਨਕ ਮੀਟਿੰਗਾਂ ਵਿਚ ਚੁੱਕਿਆ ਜਾ ਚੁੱਕਾ ਹੈ। ਅਧਿਕਾਰੀਆਂ ਨੇ ਵੀ ਕਿਹਾ ਹੈ ਕਿ ਇਸ ਇਮਾਰਤ ਦਾ ਉਦਘਾਟਨ ਕੀਤਾ ਜਾਵੇ ਪਰ ਇੱਥੇ ਨਾ ਤਾਂ ਪੂਰਾ ਸਟਾਫ਼ ਹੈ ਅਤੇ ਨਾ ਹੀ ਲੋੜੀਂਦੇ ਸਾਜ਼ੋ-ਸਾਮਾਨ ਦੀ ਵਿਵਸਥਾ ਹੋਈ ਹੈ। ਇਸ ਕਾਰਨ ਇਮਾਰਤ ਦੀ ਵਰਤੋਂ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਜੇ ਸਰਕਾਰ ਇਕ ਵਾਰ ਇਸ ਹਸਪਤਾਲ ਨੂੰ ਪੂਰੀ ਤਰ੍ਹਾਂ ਸ਼ੁਰੂ ਕਰ ਦੇਵੇ ਤਾਂ ਇੱਥੇ ਬਹੁਤ ਸਾਰੇ ਲੋਕਾਂ ਨੂੰ ਲਾਭ ਮਿਲ ਸਕਦਾ ਹੈ।