ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ:
Publish Date: Tue, 03 Nov 2026 07:41 PM (IST)
Updated Date: Wed, 04 Nov 2026 04:06 AM (IST)
ਸਨਮਾਨਿਤ ਕਰ ਕੇ ਸਭਾ ਮਾਣ ਮਹਿਸੂਸ ਕਰ ਰਹੀ ਹੈ : ਡਾ. ਬਰਾੜ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਮੋਗਾ : ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ: ਮੋਗਾ ਕਿਸੇ ਪਹਿਚਾਣ ਦੀ ਮੁਥਾਜ ਨਹੀਂ ਹੈ। ਸਭਾ ਵੱਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਨਾਲ ਨਾਲ ਸਮਾਜਿਕ, ਸੱਭਿਆਚਾਰਕ, ਸਾਹਿਤਕ ਅਤੇ ਭਾਈਚਾਰਕ ਸਾਂਝ ਦੀ ਹੋਂਦ ਨੂੰ ਕਾਇਮ ਰੱਖਣ ਦੇ ਉਪਰਾਲੇ ਲਗਾਤਾਰ ਕਰਵਾਏ ਜਾਂਦੇ ਹਨ। ਡਾਕਟਰ ਸਾਹਿਬ ਸਿੰਘ ਦਾ ਵਿਸ਼ਵ ਪ੍ਰਸਿੱਧ ਨਾਟਕ ਲੱਛੂ ਕਬਾੜੀਆ, ਖੁਸ਼ਹਾਲ ਜ਼ਿੰਦਗੀ ਦਾ ਈਵੈਂਟ, ਸਾਹਿਬਜ਼ਾਦਿਆਂ ਦੀ ਸ਼ਹਾਦਤ ਸਮਾਰੋਹ, ਔਰਤ ਦਿਵਸ, ਸਕੂਲੀ ਬੱਚਿਆਂ ਦੀ ਵਰਕਸ਼ਾਪ ਅਤੇ ਤੀਆਂ ਤੀਜ਼ ਵਰਗੇ ਸਮਾਗਮ ਕਰਵਾ ਕੇ ਸਭਾ ਨੇ ਵਿਲੱਖਣ ਪੈੜਾਂ ਪਾਈਆਂ ਹਨ ਅਤੇ ਸਮਾਜ ਪ੍ਰਤੀ ਆਪਣੀ ਅਹਿਮ ਜ਼ਿੰਮੇਵਾਰੀ ਨਿਭਾਉਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ। ਸਭਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਆਪਣੀ ਪੂਰੀ ਟੀਮ ਨਾਲ ਹਮੇਸ਼ਾ ਪਰਿਵਾਰਕ ਮਾਹੌਲ ਬਣਾ ਕੇ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਸਮਾਗਮ ਨੂੰ ਉਲੀਕਦੇ ਹਨ ਅਤੇ ਸੰਪਨ ਕਰਦੇ ਹਨ। ਸਭਾ ਨੇ ਮੀਟਿੰਗ ਕਰ ਕੇ ਇਸ ਸਾਲ ਤੋਂ ਪਹਿਲੀ ਵਾਰ ਸਾਹਿਤਕਾਰ ਪੁਰਸਕਾਰ ਦੀ ਸ਼ੁਰੂਆਤ ਕਰਨ ਦਾ ਨਿਰਣੇ ਲਿਆ ਅਤੇ ਸਭ ਤੋਂ ਉੱਪਰ ਨਾਮ ਵਿਸ਼ਵ ਪ੍ਰਸਿੱਧ ਉੱਘੇ ਵਿਦਵਾਨ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਦਾ ਆਇਆ। ਸਭਾ ਨੇ ਫ੍ਰੀਡਮ ਫਾਈਟਰ ਭਵਨ ਮੋਗਾ ਵਿਚ ਸਨਮਾਨ ਸਮਾਰੋਹ ਦੇ ਨਾਲ ਨਾਲ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਅਤੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਸਮਾਗਮ ਵਿਚ ਭਾਗ ਲਿਆ। ਮੰਚ ਸੰਚਾਲਨ ਦੀ ਭੂਮਿਕਾ ਨੂੰ ਬਹੁਤ ਜ਼ਿੰਮੇਵਾਰੀ ਨਾਲ ਅਧਿਆਪਕਾ ਪਰਮਿੰਦਰ ਕੌਰ ਨੇ ਸੰਭਾਲਿਆ ਅਤੇ ਲੰਮੇ ਚੱਲੇ ਸਮਾਗਮ ਵਿਚ ਆਪਣੀ ਭਾਸ਼ਾ ਸ਼ੈਲੀ ਨਾਲ ਸਰੋਤਿਆਂ ਨੂੰ ਮੰਤਰਮੁਗਧ ਕੀਤਾ। ਜਦੋਂ ਸਭਾ ਨੇ ਸਾਰੇ ਸਤਿਕਾਰਯੋਗ ਮਹਿਮਾਨਾਂ ਦੀ ਮੌਜੂਦਗੀ ਵਿਚ ਉੱਘੇ ਵਿਦਵਾਨ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੂੰ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਦਿੱਤਾ ਤਾਂ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਇਸ ਮੌਕੇ ਅਮਰੀਕ ਸਿੰਘ ਸੈਦੋਕੇ, ਜਸਵੰਤ ਸਿੰਘ ਰਾਉਕੇ, ਪਿਆਰਾ ਸਿੰਘ ਚਾਹਲ, ਪ੍ਰੇਮ ਕੁਮਾਰ, ਦਿਲਬਾਗ ਬੁੱਕਣ ਵਾਲਾ, ਜਸਬੀਰ ਸਿੰਘ ਕਲਸੀ ਜਸਵੀਰ ਸ਼ਰਮਾ ਦੱਦਾਹੂਰ, ਕਰਨਲ ਬਾਬੂ ਸਿੰਘ, ਗੁਰਮੇਲ ਸਿੰਘ ਬੋਡੇ, ਨਰਿੰਦਰ ਸਿੰਘ ਗਜ਼ਲਗੋ, ਮੰਗਲਮੀਤ ਪੱਤੋ, ਤਰਸੇਮ ਘਾਰੂ ਗੱਜਣਵਾਲੀਆ, ਇਕਬਾਲ ਸਿੰਘ, ਅਮਰ ਘੋਲੀਆ, ਰਣਜੀਤ ਸਰਾਂਵਾਲੀਆ, ਸੋਨੀ ਮੋਗਾ, ਹਰਭਜਨ ਸਿੰਘ ਨਾਗਰਾ, ਅਵਤਾਰ ਸਿੰਘ ਕਰੀਰ, ਕੁਲਵਿੰਦਰ ਸਿੰਘ, ਜਗਦੇਵ ਸਿੰਘ, ਇਸ਼ਮੀਤ ਸਿੰਘ ਤੇ ਸਕੂਲੀ ਬੱਚੇ ਮੌਜੂਦ ਰਹੇ। ਸਭਾ ਦੇ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਨੇ ਕਿਹਾ ਕਿ ਸਭਾ ਐਹੋ ਜਿਹੀ ਸ਼ਖ਼ਸੀਅਤ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਲੜੀ ਹਮੇਸ਼ਾ ਚੱਲਦੀ ਰਹੇਗੀ। ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਬੇਸ਼ੱਕ ਵਿਸ਼ਵ ਭਰ ਤੋਂ ਮਿਲੇ ਸਨਮਾਨ ਵੀ ਸਨਮਾਨਯੋਗ ਹਨ ਪਰ ਆਪਣੇ ਸ਼ਹਿਰ ਤੋਂ ਮਿਲਿਆ ਇਹ ਸਨਮਾਨ ਇਕ ਵਿਸ਼ੇਸ਼ ਸਥਾਨ ਰੱਖਦਾ ਹੈ।