ਬਾਬਾ ਜਿਉਣ ਦਾਸ ਤੇ ਸੰਤ ਅਜਮੇਰ ਸਿੰਘ ਰੱਬ ਜੀ ਦੀ 28ਵੀਂ ਬਰਸੀ ਸ਼ਰਧਾ ਨਾਲ ਮਨਾਈ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ
Publish Date: Fri, 30 Oct 2026 03:54 PM (IST)
Updated Date: Fri, 30 Oct 2026 03:55 PM (IST)
ਸੰਤ ਗੁਰਦੀਪ ਸਿੰਘ ਜੀ ਨੇ ਸੰਗਤਾਂ ਨੂੰ ਨਾਮ ਸਿਮਰਨ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦੇ ਪਾਵਨ ਚਰਨਾਂ ਦੀ ਅਪਾਰ ਬਖ਼ਸ਼ਿਸ਼ ਸਦਕਾ ਅਤੇ ਜੁਗੋ-ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਡੇਰਾ ਬਾਬਾ ਤਪੀਆ ਜੀ ਪਿੰਡ ਮਹਿਰੋਂ ਵਿਖੇ ਨਗਰ ਮਹਿਰੋਂ ਦੀ ਸੰਗਤ, ਇਲਾਕਾ ਨਿਵਾਸੀਆਂ, ਨਗਰ ਪੰਚਾਇਤ, ਐੱਨਆਰਆਈ ਵੀਰਾਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬ੍ਰਹਮ ਗਿਆਨੀ ਸੰਤ ਬਾਬਾ ਜਿਉਣ ਦਾਸ ਜੀ ਦੀ 42ਵੀਂ ਬਰਸੀ, ਕਾਰ ਸੇਵਾ ਵਾਲੇ ਸੰਤ ਅਜਮੇਰ ਸਿੰਘ ਰੱਬ ਜੀ ਦੀ 28ਵੀਂ ਬਰਸੀ ਅਤੇ ਸੱਚਖੰਡ ਵਾਸੀ ਬਾਬਾ ਮੁਖਤਿਆਰ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਮਹਾਨ ਧਾਰਮਿਕ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਨਤਮਸਤਕ ਹੋ ਕੇ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਸਮਾਗਮ ਦੌਰਾਨ ਸਵੇਰ ਤੋਂ ਹੀ ਗੁਰਬਾਣੀ ਕੀਰਤਨ ਦਾ ਪ੍ਰਵਾਹ ਚੱਲਦਾ ਰਿਹਾ। ਵੱਖ-ਵੱਖ ਰਾਗੀ ਜਥਿਆਂ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪ੍ਰਸਿੱਧ ਮਹਾਂਪੁਰਖ ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ ਵਾਲਿਆਂ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਮਨੁੱਖ ਨੂੰ ਪਰਮਾਤਮਾ ਨੇ ਅਨੇਕਾਂ ਜੂਨਾਂ ਵਿਚੋਂ ਸਭ ਤੋਂ ਉੱਤਮ ਮਨੁੱਖਾ ਜਨਮ ਬਖ਼ਸ਼ਿਆ ਹੈ। ਉਨ੍ਹਾਂ ਕਿਹਾ ਕਿ ਦੁਨਿਆਵੀ ਕੰਮਾਂ ਲਈ ਮਨੁੱਖ ਦਿਨ-ਰਾਤ ਮਿਹਨਤ ਕਰਦਾ ਹੈ ਪਰ ਦਰਗਾਹ ਦੇ ਰਸਤੇ ਨੂੰ ਸਾਫ਼ ਕਰਨ ਲਈ ਗੁਰਬਾਣੀ ਅਨੁਸਾਰ ਨਾਮ ਸਿਮਰਨ ਕਰਨਾ ਵੀ ਬਹੁਤ ਜ਼ਰੂਰੀ ਹੈ। ਹਰ ਸਾਹ ਨਾਲ ਪਰਮਾਤਮਾ ਨੂੰ ਯਾਦ ਕਰਨਾ ਅਤੇ ਉਸ ਦੀ ਅਰਾਧਨਾ ਕਰਨਾ ਹੀ ਮਨੁੱਖ ਨੂੰ ਅਸਲ ਮੰਜ਼ਿਲ ਵੱਲ ਲੈ ਕੇ ਜਾਂਦਾ ਹੈ। ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਕਿਹਾ ਕਿ ਧਾਰਮਿਕ ਸਮਾਗਮ ਕੇਵਲ ਰਸਮਾਂ ਨਿਭਾਉਣ ਜਾਂ ਇਕੱਠੇ ਹੋਣ ਦਾ ਸਾਧਨ ਨਹੀਂ ਹੁੰਦੇ, ਸਗੋਂ ਇਹ ਮਨੁੱਖ ਨੂੰ ਆਪਣੇ ਜੀਵਨ ਦੀ ਅਸਲੀਅਤ ਨਾਲ ਜੋੜਨ ਅਤੇ ਗੁਰੂ ਦੇ ਉਪਦੇਸ਼ਾਂ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ, ਸਿੱਖ ਇਤਿਹਾਸ, ਸੇਵਾ ਅਤੇ ਸਿਮਰਨ ਨਾਲ ਜੋੜਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵਿਚ ਧਾਰਮਿਕ ਸੰਸਕਾਰ ਅਤੇ ਗੁਰੂ ਘਰ ਪ੍ਰਤੀ ਸ਼ਰਧਾ ਬਣੀ ਰਹੇ। ਇਸ ਮੌਕੇ ਸੰਤ ਮਹਾਂਪੁਰਖਾਂ ਨੇ ਬ੍ਰਹਮ ਗਿਆਨੀ ਸੰਤ ਬਾਬਾ ਜਿਉਣ ਦਾਸ ਜੀ, ਕਾਰ ਸੇਵਾ ਵਾਲੇ ਸੰਤ ਅਜਮੇਰ ਸਿੰਘ ਰੱਬ ਜੀ ਅਤੇ ਸੱਚਖੰਡ ਵਾਸੀ ਬਾਬਾ ਮੁਖਤਿਆਰ ਸਿੰਘ ਜੀ ਵੱਲੋਂ ਕੀਤੇ ਗਏ ਧਾਰਮਿਕ ਅਤੇ ਸਮਾਜ ਸੇਵੀ ਕਾਰਜਾਂ ਨੂੰ ਯਾਦ ਕਰਦਿਆਂ ਕਿਹਾ ਕਿ ਮਹਾਂਪੁਰਖਾਂ ਦਾ ਜੀਵਨ ਹਮੇਸ਼ਾ ਸੰਗਤਾਂ ਲਈ ਪ੍ਰੇਰਣਾ ਦਾ ਸਰੋਤ ਬਣਿਆ ਰਹਿੰਦਾ ਹੈ। ਉਨ੍ਹਾਂ ਵੱਲੋਂ ਦਰਸਾਏ ਸੇਵਾ, ਸਿਮਰਨ ਅਤੇ ਨਿਮਰਤਾ ਦੇ ਮਾਰਗ ਤੇ ਚੱਲਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਸਮਾਗਮ ਦੌਰਾਨ ਤਿੰਨੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਬੰਧਕਾਂ ਵੱਲੋਂ ਸਮਾਗਮ ਵਿਚ ਸਹਿਯੋਗ ਦੇਣ ਵਾਲੀਆਂ ਸਮੂਹ ਸੰਗਤਾਂ, ਇਲਾਕਾ ਨਿਵਾਸੀਆਂ, ਨਗਰ ਪੰਚਾਇਤ ਅਤੇ ਐੱਨਆਰਆਈ ਵੀਰਾਂ ਦਾ ਧੰਨਵਾਦ ਕੀਤਾ ਗਿਆ। ਸਮੁੱਚਾ ਧਾਰਮਿਕ ਸਮਾਗਮ ਗੁਰਬਾਣੀ ਦੇ ਰਸ, ਨਾਮ ਸਿਮਰਨ ਅਤੇ ਸੇਵਾ ਭਾਵਨਾ ਦੇ ਮਾਹੌਲ ਵਿਚ ਸੰਪੰਨ ਹੋਇਆ।