- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਵੱਲੋਂ ਮਾਂ ਭਗਵਤੀ ਦੀ ਅਪਾਰ ਕਿਰਪਾ ਅਤੇ ਆਸ਼ੀਰਵਾਦ ਨਾਲ 14 ਨਵੰਬਰ ਨੂੰ ਪੁਰਾਣੀ ਦਾਣਾ ਮੰਡੀ ਮੋਗਾ ਵਿਖੇ 30ਵਾਂ ਸਾਲਾਨਾ ਵਿਸ਼ਾਲ ਭਗਵਤੀ ਜਾਗਰਣ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਵੱਲੋਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਜਾਗਰਣ ਸਬੰਧੀ ਸੱਦਾ ਪੱਤਰ ਸ਼ੁੱਕਰਵਾਰ ਸ਼ਾਮ ਮਾਤਾ ਬਗਲਾਮੁਖੀ ਯੱਗਸ਼ਾਲਾ ਵਿਖੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਜਾਰੀ ਕੀਤਾ ਗਿਆ। ਇਸ ਮੌਕੇ ਅਗਰਵਾਲ ਸਭਾ ਮੋਗਾ ਦੇ ਪ੍ਰਧਾਨ ਮਨਜੀਤ ਕਾਂਸਲ, ਆਚਾਰੀਆ ਨੰਦ ਲਾਲ ਸ਼ਾਸਤਰੀ, ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਸਿੰਗਲਾ ਅਤੇ ਸਮੂਹ ਮੈਂਬਰਾਂ ਨੇ ਸਾਂਝੇ ਤੌਰ ’ਤੇ ਸੱਦਾ ਪੱਤਰ ਦੀ ਘੁੰਡ ਚੁਕਾਈ ਕੀਤੀ। ਇਸ ਮੌਕੇ ਸੱਦਾ ਪੱਤਰ ਜਾਰੀ ਕਰਨ ਤੋਂ ਪਹਿਲਾਂ ਮਾਤਾ ਬਗਲਾਮੁਖੀ ਜੀ ਦੇ ਦਰਬਾਰ ਵਿਚ ਵਿਸ਼ੇਸ਼ ਪੂਜਾ-ਅਰਚਨਾ ਕੀਤੀ ਗਈ ਅਤੇ ਮਾਂ ਭਗਵਤੀ ਅੱਗੇ ਜਾਗਰਣ ਦੀ ਸਫ਼ਲਤਾ, ਸ਼ਹਿਰ ਦੀ ਸੁੱਖ-ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਹਾਜ਼ਰ ਸ਼ਰਧਾਲੂਆਂ ਨੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਸਿੰਗਲਾ ਨੇ ਦੱਸਿਆ ਕਿ 30ਵੇਂ ਸਾਲਾਨਾ ਜਾਗਰਣ ਨੂੰ ਸ਼ਾਨਦਾਰ ਅਤੇ ਯਾਦਗਾਰੀ ਬਣਾਉਣ ਲਈ ਮੈਂਬਰਾਂ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਵਾਰ ਜਾਗਰਣ ਵਿਚ ਮੋਗਾ ਵਾਸੀਆਂ ਨੂੰ ਵਿਸ਼ੇਸ਼ ਧਾਰਮਿਕ ਸੰਗੀਤਕ ਪੇਸ਼ਕਾਰੀ ਸੁਣਨ ਦਾ ਮੌਕਾ ਮਿਲੇਗਾ ਕਿਉਂਕਿ ਪ੍ਰਸਿੱਧ ਗਾਇਕ ਸ਼ੇਖਰ ਜਾਇਸਵਾਲ ਪਹਿਲੀ ਵਾਰ ਮੋਗਾ ਪਹੁੰਚ ਕੇ ਮਾਂ ਭਗਵਤੀ ਦੀਆਂ ਭੇਟਾਂ ਦਾ ਗੁਣਗਾਨ ਕਰਨਗੇ। ਜਾਗਰਣ ਦੀਆਂ ਤਿਆਰੀਆਂ ਤਹਿਤ 2 ਨਵੰਬਰ ਨੂੰ ਜਵਾਲਾ ਜੀ ਧਾਮ ਤੋਂ ਪਾਵਨ ਜੋਤ ਲਿਆਂਦੀ ਜਾਵੇਗੀ, ਜਿਸ ਨੂੰ ਐਸੋਸੀਏਸ਼ਨ ਦੇ ਕੈਸ਼ੀਅਰ ਸੰਦੀਪ ਜਿੰਦਲ ਦੇ ਨਿਵਾਸ ਸਥਾਨ ’ਤੇ ਸਥਾਪਿਤ ਕੀਤਾ ਜਾਵੇਗਾ। ਇਸ ਉਪਰੰਤ 10 ਨਵੰਬਰ ਨੂੰ ਫੋਕਲ ਪੁਆਇੰਟ ਵਿਖੇ ਚੇਅਰਮੈਨ ਰਾਜੇਸ਼ ਅਗਰਵਾਲ ਦੀ ਅਗਵਾਈ ਹੇਠ ਝੰਡਾ ਪੂਜਨ ਅਤੇ ਮਾਤਾ ਦੀ ਚੌਕੀ ਕਰਵਾਈ ਜਾਵੇਗੀ। ਜਾਗਰਣ ਵਿਚ ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਦਰਬਾਰ ਪੂਜਨ ਦੀ ਰਸਮ ਉਦਯੋਗਪਤੀ ਨਰੇਸ਼ ਗੋਇਲ ਕਿੱਟੂ ਵੱਲੋਂ ਨਿਭਾਈ ਜਾਵੇਗੀ, ਜਦਕਿ ਦਰਬਾਰ ਦਾ ਉਦਘਾਟਨ ਸਮਾਜ ਸੇਵੀ ਅਸ਼ੋਕ ਮਿੱਤਲ ਅਤੇ ਗੋਪਾਲ ਮਿੱਤਲ ਕਰਨਗੇ। ਸਟੇਜ ਦਾ ਉਦਘਾਟਨ ਸਮਾਜ ਸੇਵੀ ਅਮਨ ਸ਼ਰਮਾ ਵੱਲੋਂ ਕੀਤਾ ਜਾਵੇਗਾ। ਇਸੇ ਤਰ੍ਹਾਂ ਕੰਨਿਆ ਪੂਜਨ ਦੀ ਰਸਮ ਡਾ. ਸੀਮਾਂਤ ਗਰਗ ਆਪਣੇ ਪਰਿਵਾਰ ਸਮੇਤ ਨਿਭਾਉਣਗੇ। ਐਸੋਸੀਏਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਸੁਬੋਧ ਜਿੰਦਲ ਨੇ ਕਿਹਾ ਕਿ 30ਵਾਂ ਵਿਸ਼ਾਲ ਭਗਵਤੀ ਜਾਗਰਣ ਸਾਰੇ ਮੈਂਬਰਾਂ ਅਤੇ ਸਹਿਯੋਗੀ ਸੰਸਥਾਵਾਂ ਦੇ ਸਾਂਝੇ ਯਤਨਾਂ ਨਾਲ ਕਰਵਾਇਆ ਜਾ ਰਿਹਾ ਹੈ। ਸੱਦਾ ਪੱਤਰ ਜਾਰੀ ਕਰਨ ਦੇ ਸਮਾਗਮ ਵਿਚ ਲਾਇਨਜ਼ ਕਲੱਬ ਮੋਗਾ ਰਾਇਲ, ਸਾਈਂ ਧਾਮ ਮੋਗਾ, ਅਗਰਵਾਲ ਸਭਾ ਮੋਗਾ, ਸੀਤਾ ਸਵੰਬਰ ਕਲਾ ਕੇਂਦਰ ਮੋਗਾ, ਸੰਕਟ ਮੋਚਨ ਸੰਕੀਰਤਨ ਮੰਡਲ ਮੋਗਾ, ਰੋਟੀ ਬੈਂਕ ਮੋਗਾ ਅਤੇ ਇੰਟਰਨੈਸ਼ਨਲ ਵਿਸ਼ਵ ਹਿੰਦੂ ਪ੍ਰੀਸ਼ਦ ਸਮੇਤ ਸ਼ਹਿਰ ਦੀਆਂ ਕਈ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਸੀਐੱਮ ਪਰਿਵਾਰ ਵੱਲੋਂ ਪੀਯੂਸ਼ ਗੋਇਲ ਵੀ ਆਪਣੀ ਪੂਰੀ ਟੀਮ ਸਮੇਤ ਮੌਜੂਦ ਰਹੇ। ਸੱਦਾ ਪੱਤਰ ਜਾਰੀ ਕਰਨ ਮੌਕੇ ਸਮਾਗਮ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।