- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵ ਪੱਧਰ 'ਤੇ ਫਾਈਬਰ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਵਿਸ਼ਵ ਪੱਧਰ 'ਤੇ ਫਾਈਬਰ ਆਪਟਿਕ ਤਕਨਾਲੋਜੀ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਅਤੇ 'ਫਾਈਬਰ ਆਪਟਿਕਸ ਦੇ ਪਿਤਾਮਾ' ਵਜੋਂ ਜਾਣੇ ਜਾਂਦੇ ਮੋਗਾ ਦੇ ਜੰਮਪਲ ਮਹਾਨ ਵਿਗਿਆਨੀ ਨਰਿੰਦਰ ਸਿੰਘ ਕਪਾਨੀ ਦੀ 100ਵੀਂ ਜਨਮ ਵਰ੍ਹੇਗੰਢ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਦੋ ਰੋਜ਼ਾ ਵਿਗਿਆਨ ਪ੍ਰਦਰਸ਼ਨੀ ਦੀ ਅੱਜ ਸ਼ੁਰੂਆਤ ਹੋਈ ਹੈ । ਇਸ ਪ੍ਰਦਰਸ਼ਨੀ ਵਿੱਚ ਜ਼ਿਲ੍ਹੇ ਦੇ ਲਗਭਗ 40 ਸਕੂਲਾਂ ਦੇ ਵਿਦਿਆਰਥੀ ਆਪਣੇ ਵਿਗਿਆਨਕ ਮਾਡਲਾਂ, ਨਵੀਨਤਮ ਵਿਚਾਰਾਂ ਅਤੇ ਖੋਜਾਂ ਨਾਲ ਭਾਗ ਲੈ ਰਹੇ ਹਨ। ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਕਿਹਾ ਕਿ ਨਰਿੰਦਰ ਸਿੰਘ ਕਪਾਨੀ ਨੇ ਆਪਣੀ ਵਿਗਿਆਨਕ ਪ੍ਰਤਿਭਾ ਅਤੇ ਖੋਜਾਂ ਰਾਹੀਂ ਨਾ ਸਿਰਫ਼ ਭਾਰਤ, ਸਗੋਂ ਪੂਰੀ ਦੁਨੀਆ ਵਿਚ ਮੋਗਾ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਜੀਵਨ ਯਾਤਰਾ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਹਾਨ ਵਿਗਿਆਨੀਆਂ ਨੂੰ ਯਾਦ ਕਰਨ ਦਾ ਅਸਲ ਮਕਸਦ ਨੌਜਵਾਨਾਂ ’ਚ ਖੋਜ, ਨਵੀਨਤਾ ਅਤੇ ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕਰਨਾ ਹੈ। ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਹਰ ਗੱਲ ਨੂੰ ਤਰਕ ਦੀ ਕਸੌਟੀ 'ਤੇ ਪਰਖਣ, ਸਵਾਲ ਪੁੱਛਣ ਅਤੇ ਨਵੀਆਂ ਚੀਜ਼ਾਂ ਸਿੱਖਣ ਦੀ ਜਗਿਆਸਾ ਬਣਾਈ ਰੱਖਣ। ਡੀਸੀ ਸੇਤੀਆ ਨੇ ਇਹ ਵੀ ਕਿਹਾ ਕਿ ਡਾ. ਕਪਾਨੀ ਨਾ ਸਿਰਫ ਮੋਗਾ ਸਗੋਂ ਪੰਜਾਬ ਤੇ ਦੇਸ਼ ਦਾ ਮਾਣ ਹਨ ਅਤੇ ਉਨ੍ਹਾਂ ਦੀ ਯਾਦ ਵਿਚ ਮੋਗਾ ਵਿਖੇ ਅਤਿ ਆਧੁਨਿਕ ਲਾਇਬ੍ਰੇਰੀ ਦਾ ਸਥਾਪਨਾ ਜਲਦ ਕੀਤੀ ਜਾਵੇਗੀ ਤਾਂ ਜੋ ਬੱਚਿਆਂ ਵਿਚ ਵਿਗਿਆਨਕ ਸੋਚ ਨੂੰ ਪੈਦਾ ਕੀਤਾ ਜਾ ਸਕੇ। ਇਸ ਮੌਕੇ ਨਰਿੰਦਰ ਸਿੰਘ ਕਪਾਨੀ ਦੇ ਪੁੱਤਰ ਰਾਜ ਸਿੰਘ ਕਪਾਨੀ ਨੇ ਅਮਰੀਕਾ ਤੋਂ ਵੀਡੀਓ ਕਾਨਫਰੰਸ ਰਾਹੀਂ ਸਮਾਗਮ ਵਿਚ ਸ਼ਿਰਕਤ ਕੀਤੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੇ ਪਿਤਾ ਦੀ 100ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਵਿਗਿਆਨ ਪ੍ਰਦਰਸ਼ਨੀ ਕਰਵਾਉਣ ਅਤੇ ਨੌਜਵਾਨਾਂ ਵਿਚ ਵਿਗਿਆਨਕ ਸੋਚ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਨਰਿੰਦਰ ਸਿੰਘ ਕਪਾਨੀ ਦੇ ਜੀਵਨ, ਖੋਜਾਂ ਅਤੇ ਵਿਗਿਆਨ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਇੱਕ ਵਿਸ਼ੇਸ਼ ਡਾਕੂਮੈਂਟਰੀ ਵੀ ਦਿਖਾਈ ਗਈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਸਾਲ 2021 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਮੌਕੇ ਜਿੱਥੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਵੱਲੋਂ ਸ਼ਿਰਕਤ ਕੀਤੀ ਗਈ ਤੇ ਉਨ੍ਹਾਂ ਵੱਖ ਵੱਖ ਮਾਡਲਾਂ ਰਾਹੀਂ ਵਿਗਿਆਨਕ ਖੋਜਾਂ ਨੂੰ ਦਰਸਾਇਆ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਭਾਗੀ ਮੁਖੀਆਂ ਪ੍ਰੋ. ਐੱਮਐੱਲ ਸਿੰਘ ਅਤੇ ਅਤੁਲ ਖੰਨਾ ਆਦਿ ਵੱਲੋਂ ਪ੍ਰਦਰਸ਼ਨੀ ਦੌਰਾਨ ਪਾਏ ਗਏ ਯੋਗਦਾਨ ਲਈ ਸਨਮਾਨਿਤ ਵੀ ਕੀਤਾ ਗਿਆ । ਸਮਾਗਮ ਦੌਰਾਨ ਪਿੰਡ ਘੋਲੀਆ ਖੁਰਦ ਦੀਆਂ ਔਰਤਾਂ ਵੱਲੋਂ ਤਿਆਰ ਕੀਤਾ ਗਏ ਛੋਟੇ ਰੋਬੋਟ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਅਤੇ ਇੰਨ੍ਹਾਂ ਦੀ ਪ੍ਰਮੁੱਖ ਸ਼ਖਸ਼ੀਅਤਾਂ ਵਿਚ ਵੰਡ ਕੀਤੀ ਗੀਈ। ਇਸ ਮੌਕੇ ਐੱਸਐੱਸਪੀ ਮੋਗਾ ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਉਪਰਾਲਾ ਨਰਿੰਦਰ ਸਿੰਘ ਕਪਾਨੀ ਦੀ ਵਿਗਿਆਨਕ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਅਤੇ ਮੋਗਾ ਨੂੰ ਵਿਗਿਆਨ ਤੇ ਨਵੀਨਤਾ ਦੇ ਖੇਤਰ ਵਿਚ ਨਵੀਂ ਪਛਾਣ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਪਿੰਦਰ ਸਿੰਘ, ਵਿਸ਼ੇਸ਼ ਕਾਰਜ ਅਫ਼ਸਰ ਸ਼ਹਿਰੀ ਵਿਕਾਸ ਮੋਗਾ ਹਰਸ਼ਿਤਾ ਸ਼ਰਮਾ, ਐੱਸਡੀਐੱਮ ਮੋਗਾ ਸਤਵਿੰਦਰਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।