
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਾਉਣ ਦਾ ਮਹੀਨਾ ਸ਼ੁਰੂ ਹੁੰਦਿਆਂ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਸਾਉਣ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਪੰਜਾਬ ਦੀ ਧਰਤੀ ’ਤੇ ਤੀਆਂ ਦੀ ਰੌਣਕ ਮੁੜ ਪਰਤ ਆਉਂਦੀ ਹੈ। ਇਸੇ ਅਮੀਰ ਪੰਜਾਬੀ ਵਿਰਸੇ, ਲੋਕ-ਰੰਗ ਅਤੇ ਪਰਿਵਾਰਕ ਸਾਂਝ ਨੂੰ ਜਿਊਂਦਾ ਰੱਖਣ ਦੇ ਮਕਸਦ ਨਾਲ ਮੋਗਾ ਵਿਖੇ ਮਹਿਲਾਵਾਂ ਵੱਲੋਂ ਮਹਿਫ਼ਲੇ ਤੀਜ ਨਾਮ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਵੱਡੀ ਗਿਣਤੀ ਵਿਚ ਮਹਿਲਾਵਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਅਤੇ ਗਿੱਧਾ, ਬੋਲੀਆਂ, ਭੰਗੜਾ, ਲੋਕ-ਖੇਡਾਂ ਅਤੇ ਰਵਾਇਤੀ ਪੰਜਾਬੀ ਪਹਿਰਾਵਿਆਂ ਰਾਹੀਂ ਤੀਆਂ ਦੇ ਪੁਰਾਤਨ ਰੰਗ ਨੂੰ ਸਾਕਾਰ ਕੀਤਾ। ਸਮਾਗਮ ਦੌਰਾਨ ਮਹਿਲਾਵਾਂ ਰਵਾਇਤੀ ਪੰਜਾਬੀ ਪਹਿਰਾਵਿਆਂ ਵਿਚ ਸਜ-ਧਜ ਕੇ ਪਹੁੰਚੀਆਂ। ਗਿੱਧੇ ਦੀਆਂ ਬੋਲੀਆਂ, ਹਾਸੇ-ਮਜ਼ਾਕ ਅਤੇ ਲੋਕ-ਰੰਗਾਂ ਨਾਲ ਪੂਰਾ ਮਾਹੌਲ ਤੀਆਂ ਦੇ ਰੰਗ ਵਿੱਚ ਰੰਗਿਆ ਗਿਆ। ਇਸ ਮੌਕੇ ਪੰਜਾਬੀ ਲੋਕ-ਨਾਚ ਦੀਆਂ ਵੱਖ-ਵੱਖ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਗਈਆਂ। ਪੰਜਾਬੀ ਸੱਭਿਆਚਾਰ ਵਿਚ ਤੀਆਂ ਸਿਰਫ਼ ਨੱਚਣ-ਗਾਉਣ ਦਾ ਤਿਉਹਾਰ ਨਹੀਂ, ਸਗੋਂ ਧੀਆਂ-ਭੈਣਾਂ ਦੇ ਪਿਆਰ, ਮੋਹ ਅਤੇ ਪਰਿਵਾਰਕ ਰਿਸ਼ਤਿਆਂ ਦੀ ਗੂੜ੍ਹੀ ਸਾਂਝ ਦਾ ਪ੍ਰਤੀਕ ਹਨ। ਸਾਉਣ ਦੇ ਮਹੀਨੇ ਵਿਆਹੀਆਂ ਧੀਆਂ ਆਪਣੇ ਪੇਕੇ ਘਰ ਆ ਕੇ ਮਾਪਿਆਂ ਨਾਲ ਦੁੱਖ-ਸੁੱਖ ਸਾਂਝਾ ਕਰਦੀਆਂ ਹਨ ਅਤੇ ਸਹੇਲੀਆਂ ਨਾਲ ਤੀਆਂ ਦੀਆਂ ਖੁਸ਼ੀਆਂ ਮਨਾਉਂਦੀਆਂ ਹਨ। ਮਹਿਫ਼ਲੇ ਤੀਜ’ ਸਮਾਗਮ ਵਿਚ ਦੇਸ਼-ਪ੍ਰੇਮ ਦਾ ਜਜ਼ਬਾ ਵੀ ਦੇਖਣ ਨੂੰ ਮਿਲਿਆ। ਮਹਿਲਾਵਾਂ ਵੱਲੋਂ ਤਿਰੰਗਾ ਲਹਿਰਾ ਕੇ ਰਾਸ਼ਟਰੀ ਝੰਡੇ ਨੂੰ ਸਨਮਾਨ ਸਹਿਤ ਸਲਾਮ ਕੀਤਾ ਗਿਆ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਨਾਲ ਯਾਦ ਕੀਤਾ ਗਿਆ। ਸਮਾਗਮ ਰਾਹੀਂ ਪੰਜਾਬੀ ਸੱਭਿਆਚਾਰ ਦੀ ਸੰਭਾਲ ਦੇ ਨਾਲ-ਨਾਲ ਦੇਸ਼-ਪ੍ਰੇਮ, ਭਾਈਚਾਰਕ ਸਾਂਝ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਸੁਨੇਹਾ ਵੀ ਦਿੱਤਾ ਗਿਆ ਮਹਿਫ਼ਲੇ ਤੀਜ’ ਦੀ ਇਕ ਹੋਰ ਖਾਸ ਗੱਲ ਇਹ ਰਹੀ ਕਿ ਖੁਸ਼ੀਆਂ ਦੇ ਇਸ ਸਮਾਗਮ ਨੂੰ ਵਾਤਾਵਰਨ ਸੰਭਾਲ ਨਾਲ ਵੀ ਜੋੜਿਆ ਗਿਆ। ਬੂਟੇ ਲਗਾਉਣ, ਤੁਲਸੀ ਦੇ ਪੌਦੇ ਵੰਡਣ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕਰਨ ਵਰਗੇ ਉਪਰਾਲਿਆਂ ਰਾਹੀਂ ਵਾਤਾਵਰਨ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਦਿੱਤਾ ਗਿਆ। ਇਸ ਵਾਰ ਮਹਿਫ਼ਲੇ ਤੀਜ ਨੂੰ ਕਾਮਯਾਬ ਬਣਾਉਣ ਵਿੱਚ ਵਰਿੰਦਾ ਮਜੀਠੀਆ, ਸ਼ੈਲੀ ਕਾਲੜਾ, ਕਿਰਨ ਛਾਬੜਾ, ਮਮਤਾ ਆਹੂਜਾ, ਮੋਨਿਕਾ, ਹੇਮਾ, ਸੁਨੀਤਾ ਚੋਪੜਾ, ਜੋਤੀ ਅਰੋੜਾ, ਸਪਨਾ, ਮਮਤਾ ਕਾਲੜਾ, ਰਜਵਿੰਦਰ, ਬਬੀਤਾ, ਨੇਹਾ, ਕਿਰਨ, ਮਨੀਸ਼ਾ ਕੋਚਰ, ਸੋਨੀਆ, ਅੰਕਿਤਾ, ਮਧੁਰ ਗਾਬਾ, ਮੀਨਾ ਪਾਲ, ਨਵਿਆ ਸਮੇਤ ਕਈ ਮਹਿਲਾਵਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਮਹਿਫ਼ਲੇ ਤੀਜ’ ਨੇ ਇਹ ਸੁਨੇਹਾ ਦਿੱਤਾ ਕਿ ਪੰਜਾਬੀ ਸੱਭਿਆਚਾਰ ਦੀ ਰੂਹ ਸਿਰਫ਼ ਗਿੱਧੇ ਅਤੇ ਬੋਲੀਆਂ ’ਚ ਹੀ ਨਹੀਂ, ਸਗੋਂ ਧੀਆਂ-ਭੈਣਾਂ ਦੇ ਪਿਆਰ, ਪਰਿਵਾਰਕ ਸਾਂਝ, ਦੇਸ਼-ਪ੍ਰੇਮ, ਵਾਤਾਵਰਨ ਦੀ ਸੰਭਾਲ ਅਤੇ ਸਮਾਜ ਸੇਵਾ ਵਿਚ ਵੀ ਵੱਸਦੀ ਹੈ।