
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐੱਸਡੀ ਗਰਲਜ਼ ਸਕੂਲ ’ਚ ਤੀਆਂ

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਐੱਸਡੀ ਗਰਲਜ਼ ਸਕੂਲ ’ਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ, ਖੁਸ਼ੀ ਅਤੇ ਪੰਜਾਬੀ ਸੱਭਿਆਚਾਰਕ ਰੰਗਾਂ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਹੜੇ ਵਿਚ ਵਿਦਿਆਰਥਣਾਂ ਨੇ ਝੂਲਾ ਝੂਟਣ, ਮਹਿੰਦੀ ਲਗਾਉਣ ਅਤੇ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ’ਚ ਭਾਗ ਲੈ ਕੇ ਤੀਆਂ ਦੇ ਤਿਉਹਾਰ ਦਾ ਆਨੰਦ ਮਾਣਿਆ। ਸਾਰੀਆਂ ਵਿਦਿਆਰਥਣਾਂ ਪੰਜਾਬੀ ਮੁਟਿਆਰਾਂ ਦੇ ਰਵਾਇਤੀ ਪਹਿਰਾਵੇ ’ਚ ਸਜ-ਧਜ ਕੇ ਸਕੂਲ ਪਹੁੰਚੀਆਂ। ਇਸ ਉਪਰੰਤ ਰਵਾਇਤੀ ਪੰਜਾਬੀ ਪਹਿਰਾਵਿਆਂ ’ਚ ਸਜੀਆਂ ਵਿਦਿਆਰਥਣਾਂ ਵੱਲੋਂ ਗਿੱਧਾ, ਭੰਗੜਾ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜਿਸ ਨਾਲ ਸਕੂਲ ਦਾ ਸਮੁੱਚਾ ਮਾਹੌਲ ਤਿਉਹਾਰਮਈ ਹੋ ਗਿਆ। ਸਕੂਲ ਸਟਾਫ਼ ਵੱਲੋਂ ਵੀ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਕਰਕੇ ਵਿਦਿਆਰਥਣਾਂ ਦਾ ਉਤਸ਼ਾਹ ਵਧਾਇਆ ਗਿਆ। ਵਿਦਿਆਰਥਣਾਂ ਦੀਆਂ ਪੇਸ਼ਕਾਰੀਆਂ ਵਿਚ ਪੰਜਾਬੀ ਲੋਕ-ਸੱਭਿਆਚਾਰ, ਲੋਕ ਗੀਤਾਂ, ਬੋਲੀਆਂ ਅਤੇ ਪੁਰਾਤਨ ਰਵਾਇਤਾਂ ਦੀ ਖੂਬਸੂਰਤ ਝਲਕ ਦੇਖਣ ਨੂੰ ਮਿਲੀ। ਸਮਾਗਮ ਦੌਰਾਨ ਕਰਵਾਈ ਗਈ ਮਿਸ ਤੀਜ ਪ੍ਰਤੀਯੋਗਤਾ ਖ਼ਾਸ ਖਿੱਚ ਦਾ ਕੇਂਦਰ ਰਹੀ। ਵਿਦਿਆਰਥਣਾਂ ਨੇ ਇਸ ਮੁਕਾਬਲੇ ’ਚ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸੋਨੀਆ ਹਰਸ਼ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਡੂੰਘਾ ਸਬੰਧ ਰੱਖਦਾ ਹੈ। ਇਹ ਤਿਉਹਾਰ ਵਰਖਾ ਰੁੱਤ ਦੌਰਾਨ ਚਾਰੇ ਪਾਸੇ ਫੈਲੀ ਹਰਿਆਲੀ ਦੇ ਮਾਹੌਲ ਵਿਚ ਮਨਾਇਆ ਜਾਂਦਾ ਹੈ, ਜਿਸ ਕਰਕੇ ਇਸ ਨੂੰ ਹਰਿਆਲੀ ਤੀਜ ਵੀ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਰਾਹੀਂ ਵਿਦਿਆਰਥਣਾਂ ਨੂੰ ਪੰਜਾਬੀ ਲੋਕ ਵਿਰਸੇ, ਸੱਭਿਆਚਾਰ ਅਤੇ ਪੁਰਾਤਨ ਪਰੰਪਰਾਵਾਂ ਨਾਲ ਜੋੜਨ ਦਾ ਮੌਕਾ ਮਿਲਦਾ ਹੈ।