ਤੀਜ ਉਤਸਵਾਂ ਨੇ ਮੋਗਾ ’ਚ ਬਿਖੇਰੇ ਪੰਜਾਬੀ ਵਿਰਸੇ ਦੇ ਰੰਗ ਮੋਗਾ ’ਚ ਤੀਆਂ ਦੇ ਪਾਵਨ
Publish Date: Fri, 07 Aug 2026 03:50 PM (IST)
Updated Date: Fri, 07 Aug 2026 03:53 PM (IST)
ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜਨਾ ਸਮੇਂ ਦੀ ਲੋੜ : ਡਾ. ਰਜਿੰਦਰ ਕੌਰ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਮੋਗਾ ’ਚ ਤੀਆਂ ਦੇ ਪਾਵਨ ਤਿਉਹਾਰ ਮੌਕੇ ਪੰਜਾਬੀ ਵਿਰਾਸਤ, ਸੱਭਿਆਚਾਰ ਅਤੇ ਲੋਕ-ਰਵਾਇਤਾਂ ਦੇ ਰੰਗਾਂ ਨਾਲ ਰੰਗਿਆ ਸ਼ਾਨਦਾਰ ਤੀਜ ਉਤਸਵ ਮਨਾਇਆ ਗਿਆ। ਚੋਖਾ ਅੰਪਾਇਰ ਵਿਖੇ ਪੱਲਵੀ ਮੱਦੀਆ ਦੀ ਅਗਵਾਈ ਅਤੇ ਰੈੱਡ ਕਾਰਪੇਟ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਏ ਗਏ। ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਮਹਿਲਾਵਾਂ, ਧੀਆਂ ਅਤੇ ਪਰਿਵਾਰਾਂ ਨੇ ਸ਼ਿਰਕਤ ਕਰਕੇ ਤੀਜ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਪੂਰਾ ਸਮਾਗਮ ਪੰਜਾਬੀ ਵਿਰਸੇ, ਭਾਈਚਾਰੇ ਅਤੇ ਸੱਭਿਆਚਾਰਕ ਏਕਤਾ ਦਾ ਸੁੰਦਰ ਪ੍ਰਤੀਕ ਬਣਿਆ ਰਿਹਾ। ਸਮਾਗਮ ਵਿਚ ਮੋਗਾ ਦੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਦੀ ਧਰਮਪਤਨੀ ਡਾ. ਰਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਤੀਜ ਮੇਲਾ ਪੰਜਾਬੀ ਵਿਰਾਸਤ ਅਤੇ ਸਭਿਆਚਾਰ ਦੀ ਸ਼ਾਨ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਮੇਂ ਦੇ ਨਾਲ ਤਿਉਹਾਰ ਮਨਾਉਣ ਦੇ ਢੰਗ ਬਦਲੇ ਹਨ ਪਰ ਤੀਜ ਅੱਜ ਵੀ ਪੰਜਾਬੀ ਸੱਭਿਆਚਾਰ, ਪਰਿਵਾਰਕ ਸਾਂਝ ਅਤੇ ਆਪਸੀ ਪਿਆਰ ਦੀ ਪਹਿਚਾਣ ਹੈ। ਉਨ੍ਹਾਂ ਕਿਹਾ ਕਿ ਪਰੰਪਰਾਗਤ ਤਿਉਹਾਰਾਂ ਨੂੰ ਇਕਜੁੱਟਤਾ ਨਾਲ ਮਨਾਉਣਾ ਅਤੇ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਰੈੱਡ ਕਾਰਪੇਟ ਚੈਰੀਟੇਬਲ ਸੁਸਾਇਟੀ ਦੀ ਪ੍ਰਧਾਨ ਗਗਨਦੀਪ ਕੌਰ ਗਿੱਲ ਨੇ ਦੱਸਿਆ ਕਿ ਸੰਸਥਾ ਹਰ ਸਾਲ ਤੀਜ ਦਾ ਉਤਸਵ ਮਨਾਉਂਦੀ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ, ਰਵਾਇਤਾਂ ਅਤੇ ਲੋਕ-ਵਿਰਸੇ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਤੀਜ ਕੇਵਲ ਧੀਆਂ ਦਾ ਤਿਉਹਾਰ ਹੀ ਨਹੀਂ, ਸਗੋਂ ਪਰਿਵਾਰਕ ਏਕਤਾ, ਖੁਸ਼ਹਾਲੀ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦਾ ਸੁਨੇਹਾ ਵੀ ਦਿੰਦਾ ਹੈ। ਆਯੋਜਕ ਪੱਲਵੀ ਮੱਦੀਆ ਨੇ ਕਿਹਾ ਕਿ ਪੰਜਾਬੀ ਪੁਰਾਤਨ ਵਿਰਾਸਤ ਨੂੰ ਸੰਭਾਲਣਾ ਹਰ ਪੰਜਾਬੀ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਪੰਜਾਬੀ ਤਿਉਹਾਰਾਂ ਅਤੇ ਲੋਕ-ਰਸਮਾਂ ਨਾਲ ਜਾਣੂੰ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਾਡੀ ਅਮੀਰ ਸੱਭਿਆਚਾਰਕ ਪਛਾਣ ਆਉਣ ਵਾਲੀਆਂ ਪੀੜ੍ਹੀਆਂ ਤੱਕ ਸੁਰੱਖਿਅਤ ਰਹੇ। ਸਮਾਗਮ ਦੌਰਾਨ ਗਿੱਧਾ, ਭੰਗੜਾ, ਲੋਕ-ਗੀਤ, ਬੋਲੀਆਂ, ਨਾਚ, ਨਾਟਿਕਾਵਾਂ ਅਤੇ ਹੋਰ ਰੰਗਾ-ਰੰਗ ਸੱਭਿਆਚਾਰਕ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਰਵਾਇਤੀ ਪੰਜਾਬੀ ਪਹਿਰਾਵਿਆਂ ਵਿਚ ਸਜੀਆਂ ਮਹਿਲਾਵਾਂ ਨੇ ਡੀਜੇ ਦੀਆਂ ਧੁਨਾਂ ਅਤੇ ਪੰਜਾਬੀ ਬੋਲੀਆਂ ਤੇ ਖੂਬ ਨੱਚ ਕੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਫੁਲਕਾਰੀ, ਚਰਖਾ, ਸੱਗੀ-ਫੁੱਲ, ਪੰਜਾਬੀ ਜੁੱਤੀ, ਮਹਿੰਦੀ ਅਤੇ ਰੰਗ-ਬਰੰਗੀਆਂ ਚੂੜੀਆਂ ਨੇ ਮੇਲੇ ਦੀ ਰੌਣਕ ਨੂੰ ਹੋਰ ਵੀ ਵਧਾ ਦਿੱਤਾ। ਇਸ ਮੌਕੇ ਤੰਬੋਲਾ, ਇਕ ਮਿੰਟ ਗੇਮ, ਕੁਰਸੀ ਦੌੜ ਅਤੇ ਹੋਰ ਮਨੋਰੰਜਕ ਮੁਕਾਬਲੇ ਕਰਵਾਏ ਗਏ। ਜੇਤੂਆਂ ਨੂੰ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਮਿਸਿਜ਼ ਪੰਜਾਬਣ–2026 ਦਾ ਖਿਤਾਬ ਹਰਪ੍ਰੀਤ ਕੌਰ ਗਿੱਲ ਨੇ ਜਿੱਤਿਆ, ਜਦਕਿ ਮਿਸਿਜ਼ ਤੀਜ–2026 ਦਾ ਸਨਮਾਨ ਗੁਰਪ੍ਰੀਤ ਕੌਰ ਮਲੇਸ਼ੀਆ ਨੂੰ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਸਮਾਗਮ ਵਿਚ ਸ਼ਾਮਲ ਸਮੂਹ ਮਹਿਲਾਵਾਂ ਨੂੰ ਯਾਦਗਾਰੀ ਚਾਂਦੀ ਦੀਆਂ ਅੰਗੂਠੀਆਂ, ਰਿਟਰਨ ਗਿਫ਼ਟ ਅਤੇ ਸਰਪ੍ਰਾਈਜ਼ ਤੋਹਫ਼ੇ ਭੇਟ ਕੀਤੇ ਗਏ। ਸਮਾਗਮ ਵਿਚ ਜੱਜ ਜੁਐਲਰਜ਼ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਹਾਜ਼ਰੀਨਾਂ ਲਈ ਹਲਕੇ ਜਲਪਾਨ, ਠੰਢੇ ਪੇਅ ਅਤੇ ਰਾਤ ਦੇ ਭੋਜਨ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਗੁਰਚਰਨ ਕੌਰ, ਗਗਨਦੀਪ ਕੌਰ ਗਿੱਲ, ਸਿਮਰਜੀਤ ਕੌਰ, ਨੀਨਾ, ਬਲਜੀਤ ਕੌਰ, ਨੇਹਾ, ਹਰਪ੍ਰੀਤ, ਸੀਮਾ ਅਤੇ ਹੋਰ ਅਨੇਕਾਂ ਮਹਿਲਾਵਾਂ ਹਾਜ਼ਰ ਸਨ।