ਹੋਲੀ ਹਾਰਟ ਸਕੂਲ ’ਚ ਅਧਿਆਪਕ ਦਿਵਸ ਮਨਾਇਆ ਇਲਾਕੇ ਦੀ ਪ੍ਰਸਿੱਧ ਵਿੱਦਿਅਕ
Publish Date: Sun, 06 Sep 2026 03:39 PM (IST)
Updated Date: Sun, 06 Sep 2026 03:40 PM (IST)
ਅਵਤਾਰ ਸਿੰਘ, ਪੰਜਾਬੀ ਜਾਗਰਣ ਅਜੀਤਵਾਲ: ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਅਧਿਆਪਕ ਦਿਵਸ ਬੜੀ ਧੂਮਧਾਮ, ਉਤਸ਼ਾਹ ਅਤੇ ਸਰਧਾ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਮਹਾਨ ਸਿੱਖਿਆ ਸ਼ਾਸਤਰੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੀ ਤਸਵੀਰ ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਕੀਤੀ ਗਈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਦੇ ਸਤਿਕਾਰ ਅਤੇ ਸਨਮਾਨ ਵਿਚ ਇਕ ਵਿਸ਼ੇਸ਼ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਕੂਲ ਦੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਸੱਭਿਆਚਾਰਕ ਵੰਨਗੀਆਂ ਪੇਸ਼ ਕਰਦਿਆਂ ਕੋਰੀਓਗ੍ਰਾਫੀ, ਭੰਗੜਾ, ਗਿੱਧਾ, ਕਵਿਤਾਵਾਂ, ਨਾਟਕ ਅਤੇ ਭਾਸ਼ਣਾਂ ਰਾਹੀਂ ਅਧਿਆਪਕ ਦੇ ਸਮਾਜ ਅਤੇ ਜੀਵਨ ਵਿਚ ਮਹੱਤਵ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਦਰਸਾਇਆ। ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਭੂਮਿਕਾ ਨਿਭਾਉਂਦੇ ਹੋਏ ਛੋਟੀਆਂ ਜਮਾਤਾਂ ਨੂੰ ਪੜ੍ਹਾਇਆ ਅਤੇ ਸਕੂਲ ਦੀ ਅਨੁਸ਼ਾਸਨੀ ਵਿਵਸਥਾ ਨੂੰ ਬੜੀ ਜ਼ਿੰਮੇਵਾਰੀ ਨਾਲ ਸੰਭਾਲਿਆ। ਵਿਦਿਆਰਥੀਆਂ ਨੇ ਆਪਣੇ ਪਿਆਰੇ ਅਧਿਆਪਕਾਂ ਲਈ ਵੱਖ-ਵੱਖ ਮਜ਼ੇਦਾਰ ਖੇਡਾਂ, ਕੁਇਜ਼ ਮੁਕਾਬਲੇ ਅਤੇ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ, ਜਿਨ੍ਹਾਂ ਦਾ ਸਾਰੇ ਅਧਿਆਪਕਾਂ ਨੇ ਭਰਪੂਰ ਆਨੰਦ ਲਿਆ। ਇਸ ਮੌਕੇ ਬੱਚਿਆਂ ਨੇ ਅਧਿਆਪਕਾਂ ਨੂੰ ਆਪਣੇ ਹੱਥਾਂ ਨਾਲ ਬਣਾਏ ਖੂਬਸੂਰਤ ਗ੍ਰੀਟਿੰਗ ਕਾਰਡ ਅਤੇ ਤੋਹਫ਼ੇ ਭੇਟ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਕੂਲ ਪ੍ਰਬੰਧਕ ਚੇਅਰਮੈਨ ਸ਼ੁਬਾਸ਼ ਪਲਤਾ ਅਤੇ ਡਾਇਰੈਕਟਰ ਅਮਿਤ ਪਲਤਾ, ਸ਼੍ਰੇਆ ਪਲਤਾ, ਸ਼ਿਵਾਨੀ ਅਰੋੜਾ ਅਤੇ ਰਮਨ ਅਰੋੜਾ ਅਤੇ ਪ੍ਰਿੰਸੀਪਲ ਸ਼ਾਕਸ਼ੀ ਗੁਲੇਰੀਆ ਨੇ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਅਧਿਆਪਕ ਸਮਾਜ ਦਾ ਨਿਰਮਾਤਾ ਹੁੰਦਾ ਹੈ, ਜੋ ਬੱਚਿਆਂ ਨੂੰ ਸਹੀ ਮਾਰਗਦਰਸ਼ਨ ਦੇ ਕੇ ਉਨ੍ਹਾਂ ਦੇ ਭਵਿੱਖ ਨੂੰ ਉੱਜਵਲ ਬਣਾਉਂਦਾ ਹੈ। ਉਨ੍ਹਾਂ ਨੇ ਅਧਿਆਪਕਾਂ ਦੀ ਮਿਹਨਤ, ਲਗਨ ਅਤੇ ਸਮਰਪਣ ਭਾਵਨਾ ਦੀ ਭਰਪੂਰ ਸ਼ਲਾਘਾ ਕੀਤੀ। ਅੰਤ ਵਿਚ ਅਧਿਆਪਕਾਂ ਲਈ ਇਕ ਵਿਸ਼ੇਸ਼ ਪ੍ਰੀਤੀ ਭੋਜ ਦਾ ਆਯੋਜਨ ਕੀਤਾ ਗਿਆ ਅਤੇ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਅਧਿਆਪਕਾਂ ਨੂੰ ਵਿਸ਼ੇਸ਼ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚਕਾਰ ਪਿਆਰ, ਸਤਿਕਾਰ ਅਤੇ ਅਨੁਸ਼ਾਸਨ ਦਾ ਇਕ ਅਨੋਖਾ ਸੁਨੇਹਾ ਦਿੰਦਾ ਹੋਇਆ ਯਾਦਗਾਰੀ ਹੋ ਨਿੱਬੜਿਆ।