- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਵਿਭਾਗ ਵੱਲੋਂ ਮੌਸਮ ਵਿਚ ਹੋ

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਸਿਹਤ ਵਿਭਾਗ ਵੱਲੋਂ ਮੌਸਮ ਵਿਚ ਹੋ ਰਹੀ ਤਬਦੀਲੀ ਅਤੇ ਫਲੂ ਵਰਗੀਆਂ ਬਿਮਾਰੀਆਂ ਦੇ ਮੱਦੇਨਜ਼ਰ ਸਿਹਤ ਵਿਭਾਗ ਮੋਗਾ ਵੱਲੋਂ ਇਨਫਲੂਐਂਜ਼ਾ ਲਾਈਕ ਇਲਨੈੱਸ ਤੋਂ ਬਚਾਅ ਅਤੇ ਇਸ ਦੇ ਫੈਲਾਅ ਨੂੰ ਰੋਕਣ ਲਈ ਆਮ ਲੋਕਾਂ ਦੇ ਨਾਮ ਸਿਹਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਵਿਭਾਗ ਵੱਲੋਂ ਲੋਕਾਂ ਨੂੰ ਫਲੂ ਵਰਗੇ ਲੱਛਣਾਂ ਪ੍ਰਤੀ ਸੁਚੇਤ ਰਹਿਣ ਅਤੇ ਲੋੜ ਪੈਣ ’ਤੇ ਸਮੇਂ ਸਿਰ ਡਾਕਟਰੀ ਸਲਾਹ ਲੈਣ ਦੀ ਅਪੀਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮੋਗਾ ਡਾ. ਅਸ਼ੋਕ ਕੁਮਾਰ ਸਿੰਗਲਾ ਨੇ ਦੱਸਿਆ ਕਿ ਆਈਐੱਲਆਈ ਦੌਰਾਨ ਆਮ ਤੌਰ ’ਤੇ ਬੁਖਾਰ, ਖੰਘ, ਗਲੇ ਵਿਚ ਦਰਦ, ਸਰੀਰ ਵਿਚ ਦਰਦ, ਸਿਰ ਦਰਦ ਅਤੇ ਥਕਾਵਟ ਵਰਗੇ ਲੱਛਣ ਦਿਖਾਈ ਦੇ ਸਕਦੇ ਹਨ। ਅਜਿਹੇ ਲੱਛਣ ਹੋਣ ’ਤੇ ਵਿਅਕਤੀ ਨੂੰ ਆਪਣੀ ਸਿਹਤ ਪ੍ਰਤੀ ਸਾਵਧਾਨ ਰਹਿਣ ਦੇ ਨਾਲ ਨਾਲ ਇਨਫੈਕਸ਼ਨ ਨੂੰ ਦੂਜਿਆਂ ਤੱਕ ਫੈਲਣ ਤੋਂ ਰੋਕਣ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਫਲੂ ਵਰਗੇ ਲੱਛਣ ਹੋਣ ’ਤੇ ਘਰ ਵਿਚ ਰਹਿ ਕੇ ਆਰਾਮ ਕੀਤਾ ਜਾਵੇ। ਜਨਤਕ ਥਾਵਾਂ ’ਤੇ ਜਾਣ ਸਮੇਂ ਮਾਸਕ ਦੀ ਵਰਤੋਂ ਕੀਤੀ ਜਾਵੇ ਅਤੇ ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਪਰਹੇਜ਼ ਕੀਤਾ ਜਾਵੇ। ਖੰਘਣ ਜਾਂ ਛਿੱਕਣ ਸਮੇਂ ਨੱਕ ਅਤੇ ਮੂੰਹ ਨੂੰ ਰੁਮਾਲ, ਟਿਸ਼ੂ ਜਾਂ ਕੋਹਣੀ ਨਾਲ ਢੱਕਿਆ ਜਾਵੇ ਅਤੇ ਸਾਬਣ ਤੇ ਪਾਣੀ ਨਾਲ ਹੱਥ ਵਾਰ ਵਾਰ ਧੋਤੇ ਜਾਣ। ਸਿਹਤ ਵਿਭਾਗ ਵੱਲੋਂ ਦੱਸਿਆ ਗਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਆਈਐੱਲਆਈ ਦੇ ਮਰੀਜ਼ਾਂ ਦੀ ਫਲੂ ਕਾਰਨਰ ’ਤੇ ਸਕ੍ਰੀਨਿੰਗ ਅਤੇ ਲੱਛਣਾਂ ਅਨੁਸਾਰ ਵਰਗੀਕਰਨ ਕੀਤਾ ਜਾਂਦਾ ਹੈ। ਹਲਕੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਲੋੜ ਅਨੁਸਾਰ ਇਲਾਜ ਅਤੇ ਸਿਹਤ ਸਬੰਧੀ ਸਲਾਹ ਦਿੱਤੀ ਜਾਂਦੀ ਹੈ, ਜਦਕਿ ਗੰਭੀਰ ਲੱਛਣਾਂ ਜਾਂ ਉੱਚ ਜੋਖਮ ਵਾਲੇ ਮਰੀਜ਼ਾਂ ਦੀ ਡਾਕਟਰੀ ਜਾਂਚ ਕਰਕੇ ਲੋੜ ਅਨੁਸਾਰ ਅੱਗੇ ਦੀ ਜਾਂਚ ਅਤੇ ਇਲਾਜ ਕੀਤਾ ਜਾਂਦਾ ਹੈ। ਜਟਿਲ ਮਾਮਲਿਆਂ ’ਚ ਮਰੀਜ਼ ਨੂੰ ਉੱਚ ਪੱਧਰੀ ਇਲਾਜ ਲਈ ਰੈਫਰ ਕੀਤਾ ਜਾਂਦਾ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਵਧਾਨੀ, ਸਫ਼ਾਈ ਅਤੇ ਸਮੇਂ ਸਿਰ ਡਾਕਟਰੀ ਸਲਾਹ ਨੂੰ ਤਰਜੀਹ ਦਿੱਤੀ ਜਾਵੇ ਅਤੇ ਫਲੂ ਵਰਗੇ ਲੱਛਣ ਹੋਣ ਦੀ ਸੂਰਤ ਵਿਚ ਦੂਜਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਲੋੜੀਂਦੀਆਂ ਸਾਵਧਾਨੀਆਂ ਵਰਤੀਆਂ ਜਾਣ। ਡਾ. ਸੁਮੀ ਗੁਪਤਾ ਐਪੀਡੀਮੋਲੋਜਿਸਟ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਬਜਾਏ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਮਰੀਜ਼ ਨੂੰ ਸਾਹ ਲੈਣ ਵਿਚ ਮੁਸ਼ਕਲ, ਛਾਤੀ ਵਿਚ ਦਰਦ, ਚੱਕਰ ਆਉਣਾ, ਬਹੁਤ ਜ਼ਿਆਦਾ ਕਮਜ਼ੋਰੀ ਜਾਂ ਚਮੜੀ/ਹੋਠਾਂ ਦਾ ਨੀਲਾ ਪੈਣਾ ਵਰਗੇ ਗੰਭੀਰ ਲੱਛਣ ਦਿਖਾਈ ਦੇਣ ਤਾਂ ਬਿਨ੍ਹਾਂ ਦੇਰੀ ਕੀਤੇ ਤੁਰੰਤ ਨਜ਼ਦੀਕੀ ਹਸਪਤਾਲ ਜਾਂ ਸਿਹਤ ਸੰਸਥਾ ’ਚ ਡਾਕਟਰੀ ਸਹਾਇਤਾ ਲਈ ਪਹੁੰਚਣਾ ਚਾਹੀਦਾ ਹੈ।