ਮੋਟਰਸਾਈਕਲ ਸਵਾਰ ਸ਼ੱਕੀ ਬਦਮਾਸ਼ਾਂ ਨੇ ਪੁਲਿਸ ’ਤੇ ਕੀਤੀ ਫਾਇਰਿੰਗ ਮੋਗਾ ਦੇ ਪਿੰਡ ਨੱਥੂਵਾਲਾ ਜਦੀਦ
Publish Date: Tue, 10 Nov 2026 05:48 PM (IST)
Updated Date: Wed, 11 Nov 2026 04:03 AM (IST)
ਜਵਾਬੀ ਕਾਰਵਾਈ ਵਿਚ ਦੋਨੋਂ ਮੋਟਰਸਾਈਕਲ ਸਵਾਰ ਬਦਮਾਸ ਜ਼ਖ਼ਮੀ ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ : ਮੋਗਾ ਦੇ ਪਿੰਡ ਨੱਥੂਵਾਲਾ ਜਦੀਦ ਲਿੰਕ ਰੋਡ ਮੰਗਲਵਾਰ ਦੀ ਦੁਪਿਹਰੇ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ ਤਾਂ ਪੁਲਿਸ ਵੱਲੋਂ ਆਪਣੇ ਬਚਾਅ ਵਿਚ ਜਵਾਬੀ ਕਾਰਵਾਈ ਕੀਤੀ ਤਾਂ ਦੋਨੋਂ ਬਦਮਾਸ਼ ਜ਼ਖ਼ਮੀ ਹੋ ਗਏ। ਦੋਨੋਂ ਬਦਮਾਸ਼ ਜ਼ਿਲ੍ਹਾ ਮੋਗਾ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਮੋਗਾ ਸਰਤਾਜ ਸਿੰਘ ਚਾਹਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਿਣਾ ਥਾਣੇ ਦੀ ਪੁਲਿਸ ਪਾਰਟੀ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਮੋਟਰਸਾਈਕਲ ਸਵਾਰ ਕੁੱਝ ਸ਼ੱਕੀ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਪੁਲਿਸ ਪਾਰਟੀ ਨੂੰ ਵੇਖਦਿਆਂ ਉਨ੍ਹਾਂ ਮੋਟਰਸਾਈਕਲ ਨੂੰ ਵਾਪਸ ਮੋੜਨ ਦੀ ਕੋਸਿਸ਼ ਕੀਤੀ, ਜਿਸ ਕਾਰਨ ਮੋਟਰਸਾਈਕਲ ਸਲਿੱਪ ਹੋ ਗਿਆ। ਜਦ ਪੁਲਿਸ ਪਾਰਟੀ ਉਨ੍ਹਾਂ ਕੋਲ ਪੁੱਜੀ ਤਾਂ ਸ਼ੱਕੀ ਵਿਅਕਤੀਆਂ ਵੱਲੋ ਪੁਲਿਸ ’ਤੇ ਦੋ ਫਾਇਰ ਕੀਤੇ ਗਏ। ਪੁਲਿਸ ਵੱਲੋਂ ਆਪਣੇ ਬਚਾਅ ਲਈ ਜਵਾਬੀ ਕਾਰਵਾਈ ਦੌਰਾਨ ਕੀਤੀ ਗੋਲੀਬਾਰੀ ਵਿਚ ਦੋਨੋਂ ਬਦਮਾਸ਼ਾਂ ਦੇ ਗੋਡਿਆਂ ਵਿਚ ਗੋਲੀਆਂ ਲੱਗੀਆਂ । ਜਿੰਨ੍ਹਾਂ ਦੀ ਪਹਿਚਾਣ ਗੁਰਸੇਵਕ ਸਿੰਘ ਅਤੇ ਅਕਾਸ਼ਦੀਪ ਸਿੰਘ ਜ਼ਿਲ੍ਹਾ ਮੋਗਾ ਵੱਜੋ ਹੋਈ ਹੈ। ਜਿੰਨ੍ਹਾਂ ਖਿਲਾਫ਼ ਪਹਿਲਾ ਵੀ ਵੱਖ ਵੱਖ ਥਾਣਿਆਂ ਵਿਚ ਮਾਮਲੇ ਦਰਜ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਤੋਂ ਹੋਰ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਸਭਾਵਨਾ ਹੈ।