
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੀ ਗਈ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੀ ਗਈ ਬੰਦ ਦੀ ਕਾਲ ਦੇ ਸਬੰਧ ਵਿਚ ਅੱਜ ਮੋਗਾ ਵਿਖੇ ਭਾਰਤੀ ਕਿਸਾਨ ਯੂਨੀਅਨ (ਖੋਸਾ) ਦੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਨੇ ਬੁੱਘੀਪੁਰਾ ਚੌਕ ਅਤੇ ਇਸ ਤੋਂ ਬਾਅਦ ਮੇਨ ਚੌਂਕ ਮੋਗਾ ਵਿਖੇ ਮੋਰਚਾ ਸੰਭਾਲਦਿਆਂ ਬੰਦ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਵਾਲੀਆਂ ਸਮੂਹ ਜਥੇਬੰਦੀਆਂ, ਦੁਕਾਨਦਾਰਾਂ, ਕਾਰੋਬਾਰੀਆਂ ਅਤੇ ਆਮ ਲੋਕਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਪ੍ਰੈੱਸ ਨੂੰ ਸੰਬੋਧਨ ਕਰਦਿਆਂ ਸੁਖਜਿੰਦਰ ਸਿੰਘ ਖੋਸਾ ਨੇ ਕਿਹਾ ਕਿ ਅੱਜ ਦੇ ਬੰਦ ਅਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਦਾ ਮੁੱਖ ਮਕਸਦ ਬੰਦੀ ਸਿੰਘਾਂ ਦੀ ਰਿਹਾਈ ਅਤੇ ਇਨਸਾਫ਼ ਦੀ ਮੰਗ ਨੂੰ ਸਰਕਾਰਾਂ ਤੱਕ ਪਹੁੰਚਾਉਣਾ ਸੀ। ਉਨ੍ਹਾਂ ਕਿਹਾ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਦੇ ਮਾਮਲਿਆਂ ’ਤੇ ਸਰਕਾਰਾਂ ਨੂੰ ਮਨੁੱਖੀ ਅਤੇ ਕਾਨੂੰਨੀ ਪੱਖ ਤੋਂ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਆਵਾਜ਼ ਕਿਸੇ ਵਿਅਕਤੀ, ਦੁਕਾਨਦਾਰ ਜਾਂ ਕਿਸੇ ਭਾਈਚਾਰੇ ਦੇ ਖ਼ਿਲਾਫ਼ ਨਹੀਂ, ਸਗੋਂ ਇਨਸਾਫ਼, ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਲਈ ਉਠਾਈ ਗਈ ਹੈ। ਉਨ੍ਹਾਂ ਕਿਹਾ ਕਿ ਮੋਗਾ ਵਿਖੇ ਕੀਤਾ ਗਿਆ ਰੋਸ ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤਮਈ, ਸੰਜਮ ਅਤੇ ਭਾਈਚਾਰਕ ਸਾਂਝ ਨਾਲ ਸੰਪੰਨ ਹੋਇਆ। ਖੋਸਾ ਨੇ ਕਿਹਾ ਕਿ ਬੰਦ ਦੌਰਾਨ ਯੂਨਾਈਟਡ ਸ਼੍ਰੋਮਣੀ ਅਕਾਲੀ ਦਲ, ਆਜ਼ਾਦ ਗਰੁੱਪ, ਮੋਗਾ ਕਾਰ ਐਸੋਸੀਏਸ਼ਨ, ਵਾਰਿਸ ਪੰਜਾਬ ਦੇ ਜਥੇਬੰਦੀ, ਸਰਬੱਤ ਦਾ ਭਲਾ ਸਾਂਝਾ ਮੰਚ, ਪੰਜਾਬ ਸਟੂਡੈਂਟ ਯੂਨੀਅਨ, ਸਿੱਖ ਫੁਲਵਾੜੀ ਦਲ, ਮਾਲਵਾ ਢਾਡੀ ਸਭਾ, ਪੰਜਾਬ ਪੈਨਸ਼ਨਰ ਐਸੋਸੀਏਸ਼ਨ, ਕਿਸਾਨ ਜਥੇਬੰਦੀਆਂ ਤੋਂ ਇਲਾਵਾ ਦੁਕਾਨਦਾਰਾਂ ਅਤੇ ਕਾਰੋਬਾਰੀ ਵਰਗ ਵੱਲੋਂ ਆਪ-ਮੁਹਾਰੇ ਬੰਦ ਦਾ ਸਾਥ ਦੇਣਾ ਇਨਸਾਫ਼ਪਸੰਦ ਲੋਕਾਂ ਦੀ ਇਕਜੁੱਟਤਾ ਦਾ ਪ੍ਰਤੀਕ ਹੈ। ਉਨ੍ਹਾਂ ਮੋਗਾ ਵਾਸੀਆਂ ਵੱਲੋਂ ਦਿਖਾਈ ਗਈ ਇਕਜੁੱਟਤਾ ਅਤੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦਾ ਇਹ ਸਹਿਯੋਗ ਇਨਸਾਫ਼ ਦੀ ਆਵਾਜ਼ ਨੂੰ ਹੋਰ ਮਜ਼ਬੂਤ ਕਰਦਾ ਹੈ। ਉਨ੍ਹਾਂ ਸਮੂਹ ਸਹਿਯੋਗੀਆਂ ਦੇ ਨਾਲ ਵਿਸ਼ੇਸ਼ ਤੌਰ ’ਤੇ ਗੁਰਪ੍ਰੀਤ ਸਿੰਘ ਜੋਹਲ ਦਾ ਵੀ ਧੰਨਵਾਦ ਕੀਤਾ, ਜਿੰਨ੍ਹਾਂ ਨੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੁਚਾਰੂ ਢੰਗ ਨਾਲ ਨਿਭਾਈ। ਸੁਖਜਿੰਦਰ ਸਿੰਘ ਖੋਸਾ ਨੇ ਅਪੀਲ ਕੀਤੀ ਕਿ ਭਵਿੱਖ ਵਿਚ ਵੀ ਲੋਕ ਆਪਣੇ ਹੱਕਾਂ ਅਤੇ ਇਨਸਾਫ਼ ਦੀਆਂ ਮੰਗਾਂ ਲਈ ਸ਼ਾਂਤਮਈ ਅਤੇ ਲੋਕਤੰਤਰਿਕ ਢੰਗ ਨਾਲ ਆਵਾਜ਼ ਬੁਲੰਦ ਕਰਦੇ ਰਹਿਣ। ਇਸ ਮੌਕੇ ਉਨ੍ਹਾਂ ਦੇ ਨਾਲ ਸੁਖਮੰਦਰ ਸਿੰਘ ਜ਼ਿਲ੍ਹਾ ਪ੍ਰਧਾਨ, ਸੰਤ ਸਿੰਘ, ਭਗਵਾਨ ਸਿੰਘ ਬਲਾਕ ਪ੍ਰਧਾਨ, ਅਮਰ ਸਿੰਘ, ਸਿਮਰ ਸਿੰਘ ਸਲੀਨਾ, ਜਸਵਿੰਦਰ ਸਿੰਘ ਸੋਢੀ, ਜਗਦੀਪ ਸਿੰਘ ਹੈਪੀ, ਜਗਿੰਦਰ ਸਿੰਘ, ਪਿਆਰਾ ਸਿੰਘ, ਜਥੇਦਾਰ ਬੂਟਾ ਸਿੰਘ ਜੋਹਲ, ਲਖਵੀਰ ਸਿੰਘ ਧੱਲੇ ਕੇ, ਮਨਜਿੰਦਰ ਸਿੰਘ ਜੋਹਲ, ਹਾਕਮ ਸਿੰਘ ਜੋਹਲ ਅਤੇ ਨੌਜਵਾਨ ਆਗੂ ਹਰਮਨ ਤੂਰ ਸਮੇਤ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।