ਥੀਏਟਰ ਜ਼ਿੰਦਾਬਾਦ ਟੀਮ ਵੱਲੋਂ ਨਸ਼ਿਆਂ ਵਿਰੁੱਧ ਨਾਟਕ 'ਸੁਲਘਦੀ ਧਰਤੀ' ਦਾ ਮੰਚਨ ਡੀਸੀ ਮੋਗਾ ਸਾਗਰ ਸੇਤੀਆ
Publish Date: Wed, 21 Oct 2026 03:48 PM (IST)
Updated Date: Wed, 21 Oct 2026 03:48 PM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਡੀਸੀ ਮੋਗਾ ਸਾਗਰ ਸੇਤੀਆ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਅਸ਼ੀਸ਼ ਕੁਮਾਰ ਸ਼ਰਮਾ ਦੇ ਹੁਕਮਾਂ ਅਨੁਸਾਰ ਰੰਗਮੰਚ ਟੀਮ ਥੀਏਟਰ ਜ਼ਿੰਦਾਬਾਦ ਨਿਹਾਲ ਸਿੰਘ ਵਾਲਾ ਵੱਲੋਂ ਲੇਖ਼ਕ ਬਲਰਾਜ ਸਾਗਰ ਹੋਰਾਂ ਦਾ ਲਿਖਿਆ ਅਤੇ ਸੁਖਦੇਵ ਲੱਧੜ ਦੁਆਰਾ ਨਿਰਦੇਸ਼ਿਤ ਨਾਟਕ ਸੁਲਘਦੀ ਧਰਤੀ ਦੀ ਪੇਸ਼ਕਾਰੀ ਪ੍ਰਿੰਸੀਪਲ ਅਤੇ ਬਲਾਕ ਨੋਡਲ ਅਫ਼ਸਰ ਨਿਹਾਲ ਸਿੰਘ ਵਾਲਾ ਗੁਰਸੇਵਕ ਸਿੰਘ ਅਤੇ ਸਕੂਲ ਇੰਚਾਰਜ ਅਮਨਦੀਪ ਸਿੰਘ ਦੀ ਰਹਿਨੁਮਾਈ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਤੋਂ ਹੀਰਾ ਸਿੰਘ ਅਤੇ ਸ਼ਹੀਦ ਸੀਐੱਚਐੱਮ ਤੇਜਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਧ ਭਾਈ ਵਿਖੇ ਕੀਤੀ ਗਈ। ਇਸ ਨਾਟਕ ਵਿਚ ਵੱਖ-ਵੱਖ ਪਾਤਰ ਰੰਗਕਰਮੀ ਸੁਖਦੇਵ ਲੱਧੜ ਅਤੇ ਆਸ਼ੂ ਨਈਅਰ ਵੱਲੋਂ ਬਾਖੂਬੀ ਨਿਭਾਏ ਗਏ। ਇਹ ਨਾਟਕ ਸਮਾਜ ਵਿਚ ਫੈਲੀਆਂ ਸਮਾਜਿਕ ਕੁਰੀਤੀਆ ਨਸ਼ੇ ਦਾ ਸੇਵਨ ਕਰਨਾ ਅਤੇ ਵੇਚਣਾ, ਭਰੂਣ ਹੱਤਿਆਂ, ਦਿਨੋਂ ਦਿਨ ਵਧਦੀਆਂ ਲੁੱਟਾਂ ਖੋਹਾਂ, ਨਿਘਰਦੀ ਕਿਸਾਨੀ ਅਤੇ ਮਾਪਿਆਂ ਦਾ ਨਿਰਾਦਰ ਉੱਤੇ ਗਹਿਰੀ ਚੋਟ ਕਰਦਾ ਹੈ। ਇਸ ਨਾਟਕ ਦੀ ਪੇਸ਼ਕਾਰੀ ਸਮੇਂ ਜਿੱਥੇ ਦਰਸ਼ਕ ਹੱਸੇ, ਭਾਵੁਕ ਹੋਏ ਉੱਥੇ ਸੋਚਣ ਲਈ ਵੀ ਮਜਬੂਰ ਹੋਏ ਕਿ ਸਾਡੇ ਸਮਾਜ ਪ੍ਰਤੀ ਆਪਣੇ ਘਰਾਂ ਪ੍ਰਤੀ ਅਤੇ ਆਪਣੇ ਆਪ ਪ੍ਰਤੀ ਕੀ-ਕੀ ਫਰਜ਼ ਹਨ। ਪੇਸ਼ਕਾਰੀ ਦੌਰਾਨ ਸਕੂਲ ਪ੍ਰਿੰਸੀਪਲ ਸਾਹਿਬਾਨ, ਸਮੂਹ ਅਧਿਆਪਕ ਸਟਾਫ਼ ਅਤੇ ਵਿਦਿਆਰਥੀ ਲੜਕੇ ਲੜਕੀਆਂ ਹਾਜ਼ਰ ਸਨ। ਬਲਾਕ ਨੋਡਲ ਅਫ਼ਸਰ ਨਿਹਾਲ ਸਿੰਘ ਵਾਲਾ ਸਾਹਿਬ ਨੇ ਨਾਟਕ ਉਪਰੰਤ ਰੰਗਕਰਮੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਵਿਲੱਖਣ ਤਰੀਕਾ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਘਰ ਪਰਿਵਾਰ ਦੇ ਜੀਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਛੋਟੇ ਨਸ਼ਿਆਂ ਤੋਂ ਬਚਾਉਣ ਦੀ ਲੋੜ ਹੈ ਤਾਂ ਕਿ ਉਹ ਵੱਡੇ ਹੋਕੇ ਵੱਡੇ ਨਸ਼ਿਆਂ ਤੋਂ ਬਚ ਸਕਣ,ਸਮਾਜ਼ ਵਿਚ ਵਿਕ ਰਹੇ ਐਨਰਜੀ ਡਰਿੰਕਸ ਨਾਮ ਦੇ ਛੋਟੇ ਨਸ਼ਿਆਂ ਤੋਂ ਬਚਣਾ ਬਹੁਤ ਜ਼ਰੂਰੀ ਹੈ। ਨਿਰਦੇਸ਼ਕ ਸੁਖਦੇਵ ਲੱਧੜ ਨੇ ਕਿਹਾ ਕਿ ਇਹ ਪੇਸ਼ਕਾਰੀ ਪਿਛਲੇ ਦਿਨੀਂ ਵਾਪਰੀ ਮੰਦਭਾਗੀ ਘਟਨਾ ਚ ਸ਼ਹੀਦ ਹੋਏ ਭਾਈ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਜਦੋਂ ਕੋਈ ਜਿਉਂਦੇ ਜੀਅ ਨਸ਼ਿਆਂ ਤੋਂ ਵਰਜ ਰਿਹਾ ਹੋਵੇ ਤੇ ਨਸ਼ਿਆਂ ਨੂੰ ਰੋਕਣ ਲਈ ਯੋਗਦਾਨ ਪਾ ਰਿਹਾ ਹੋਵੇ ਤਾਂ ਉਸਦੀ ਗੱਲ ਨੂੰ ਸਮਝਣਾ ਚਾਹੀਦਾ ਹੈ ਤੇ ਆਪਣੇ ਪਰਿਵਾਰਾਂ ਨੂੰ ਬਚਾਉਣ ਲਈ ਸਾਥ ਦੇਣਾ ਚਾਹੀਦਾ ਹੈ। ਕਿਸੇ ਦੂਜੇ ਦੇ ਪਰਿਵਾਰ ਦੇ ਜੀਅ ਦੀ ਸ਼ਹੀਦੀ ਉਦੋਂ ਹੀ ਹੁੰਦੀ ਹੈ ਜਦੋਂ ਅਸੀਂ ਲੋਕ ਖ਼ੁਦ ਆਪਣੀਆ ਜੁੰਮੇਵਾਰੀਆ ਤੋਂ ਭੱਜਦੇ ਹਾਂ, ਸਾਨੂੰ ਸਭ ਨੂੰ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜ਼ੋ ਇਹ ਪੰਜਾਬ ਖੁਸ਼ਹਾਲ ਹੋ ਸਕੇ।