ਹੋਲੀ ਹਾਰਟ ਸਕੂਲ ’ਚ ਫਲੂਐਂਟੋ ਇੰਗਲਿਸ਼ ਪ੍ਰੋਗਰਾਮ ਕਰਵਾਇਆ ਅਜੀਤਵਾਲ ਦੇ ਹੋਲੀ ਹਾਰਟ ਸਕੂਲ ਵਿਖੇ
Publish Date: Fri, 25 Sep 2026 03:55 PM (IST)
Updated Date: Fri, 25 Sep 2026 03:57 PM (IST)
ਅਵਤਾਰ ਸਿੰਘ, ਪੰਜਾਬੀ ਜਾਗਰਣ ਅਜੀਤਵਾਲ : ਅਜੀਤਵਾਲ ਦੇ ਹੋਲੀ ਹਾਰਟ ਸਕੂਲ ਵਿਖੇ ਪਿਨਾਕਲ ਪਬਲੀਕੇਸ਼ਨਜ਼ ਦੇ ਸਹਿਯੋਗ ਨਾਲ ਅਧਿਆਪਕਾਂ ਲਈ ਉੱਚ ਪੱਧਰੀ ਫਲੂਐਂਟੋ ਇੰਗਲਿਸ਼ ਕਨਵੋਕੇਸ਼ਨ ਸੈਮੀਨਾਰ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ। ਇਹ ਖ਼ਾਸ ਸੈਮੀਨਾਰ ਵਿਸ਼ੇਸ਼ ਤੌਰ ਤੇ ਅਧਿਆਪਕਾਂ ਦੇ ਅੰਗਰੇਜ਼ੀ ਭਾਸ਼ਾ ਵਿਚ ਸੰਚਾਰ ਕਲਾ ਅਤੇ ਪੜ੍ਹਾਉਣ ਦੇ ਤਰੀਕਿਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਮਕਸਦ ਨਾਲ ਕਰਵਾਇਆ ਗਿਆ ਸੀ। ਸਮਾਗਮ ਦੀ ਸ਼ੁਰੂਆਤ ਸਕੂਲ ਪ੍ਰਬੰਧਕ ਕਮੇਟੀ ਚੇਅਰਮੈਨ ਸ਼ੁਬਾਸ਼ ਪਲਤਾ ਜੀ ਅਤੇ ਡਾਇਰੈਕਟਰ ਅਮਿਤ ਪਲਤਾ, ਸ਼੍ਰੇਆ ਪਲਤਾ, ਸ਼ਿਵਾਨੀ ਅਰੋੜਾ ਅਤੇ ਰਮਨ ਅਰੋੜਾ ਅਤੇ ਪ੍ਰਿੰਸੀਪਲ ਸ਼ਾਕਸ਼ੀ ਗੁਲੇਰੀਆ ਦੇ ਨਾਲ ਸਮੂਹ ਅਧਿਆਪਕਾਂ ਵੱਲੋਂ ਕੀਤੀ ਗਈ। ਇਸ ਤੋਂ ਬਾਅਦ ਵਿਸ਼ੇਸ਼ ਤੌਰ ’ਤੇ ਪਹੁੰਚੇ ਮੁੱਖ ਬੁਲਾਰਿਆਂ ਅਤੇ ਭਾਸ਼ਾ ਮਾਹਰਾਂ ਨੇ ਅਧਿਆਪਕਾਂ ਨਾਲ ਅੰਗਰੇਜ਼ੀ ਬੋਲਚਾਲ ਵਿਚ ਸੁਧਾਰ ਲਿਆਉਣ, ਜਮਾਤ ਵਿਚ ਸਹੀ ਉਚਾਰਨ ਦਾ ਇਸਤੇਮਾਲ ਕਰਨ ਅਤੇ ਵਿਦਿਆਰਥੀਆਂ ਅੰਦਰ ਭਾਸ਼ਾ ਪ੍ਰਤੀ ਝਿਜਕ ਨੂੰ ਦੂਰ ਕਰਨ ਲਈ ਅਹਿਮ ਨੁਕਤੇ ਸਾਂਝੇ ਕੀਤੇ। ਪਿਨਾਕਲ ਪਬਲੀਕੇਸ਼ਨਜ਼ ਵੱਲੋਂ ਤਿਆਰ ਕੀਤੇ ਗਏ ਫਲੂਐਂਟੋ ਇੰਗਲਿਸ਼ ਮਾਡਿਊਲ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕਿਵੇਂ ਆਧੁਨਿਕ ਤਕਨੀਕਾਂ ਅਤੇ ਸਰਲ ਤਰੀਕਿਆਂ ਨਾਲ ਅਧਿਆਪਨ ਪ੍ਰਕਿਰਿਆ ਨੂੰ ਹੋਰ ਰੋਚਕ ਬਣਾਇਆ ਜਾ ਸਕਦਾ ਹੈ। ਸੈਮੀਨਾਰ ਦੌਰਾਨ ਵੱਖ-ਵੱਖ ਗਤੀਵਿਧੀਆਂ ਰਾਹੀਂ ਅਧਿਆਪਕਾਂ ਨੂੰ ਪ੍ਰੈਕਟੀਕਲ ਸਿਖਲਾਈ ਦਿੱਤੀ ਗਈ, ਜਿਸ ਵਿਚ ਸਾਰੇ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਸਕੂਲ ਪ੍ਰਿੰਸੀਪਲ ਨੇ ਆਪਣੇ ਸੰਬੋਧਨ ਵਿਚ ਪਿਨਾਕਲ ਪਬਲੀਕੇਸ਼ਨਜ਼ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਅਧਿਆਪਕਾਂ ਨੂੰ ਸਮੇਂ-ਸਮੇਂ ਤੇ ਅਜਿਹੀਆਂ ਵਰਕਸ਼ਾਪਾਂ ਰਾਹੀਂ ਨਵੀਆਂ ਤਕਨੀਕਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ, ਉਹ ਵਿਦਿਆਰਥੀਆਂ ਨੂੰ ਬਿਹਤਰ ਭਵਿੱਖ ਪ੍ਰਦਾਨ ਕਰ ਸਕਣ। ਇਸ ਮੌਕੇ ਸਮੂਹ ਅਧਿਆਪਕਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਸੈਮੀਨਾਰ ਉਨ੍ਹਾਂ ਦੇ ਪੇਸ਼ੇਵਰ ਵਿਕਾਸ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ।