- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਿਲਾ ਸਸ਼ਕ ਤੀਕਰਨ ਅਤੇ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਮਹਿਲਾ ਸਸ਼ਕਤੀਕਰਨ ਅਤੇ ਸਥਾਨਕ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਫੈਸ਼ਨ ਐਂਡ ਲਾਈਫ਼ਸਟਾਈਲ ਮੋਗਾ’ ਵੱਲੋਂ ਸ਼ਹਿਰ ਵਿਚ ਇਕ ਸ਼ਾਨਦਾਰ ਪ੍ਰਦਰਸ਼ਨੀ ਕਰਵਾਈ ਗਈ। ਇਸ ਪ੍ਰਦਰਸ਼ਨੀ ’ਚ ਫੈਸ਼ਨ, ਲਾਈਫਸਟਾਈਲ ਅਤੇ ਮਹਿਲਾ ਉੱਦਮਤਾ ਦੀ ਸ਼ਾਨਦਾਰ ਝਲਕ ਦੇਖਣ ਨੂੰ ਮਿਲੀ। ਸਮਾਗਮ ਦਾ ਮੁੱਖ ਉਦੇਸ਼ ਮਹਿਲਾਵਾਂ ਨੂੰ ਆਤਮਨਿਰਭਰ ਬਣਨ ਲਈ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਆਪਣੇ ਹੁਨਰ ਤੇ ਕਾਰੋਬਾਰੀ ਯੋਗਤਾ ਦਾ ਪ੍ਰਦਰਸ਼ਨ ਕਰਨ ਲਈ ਮੰਚ ਮੁਹੱਈਆ ਕਰਵਾਉਣਾ ਸੀ। ਪ੍ਰਦਰਸ਼ਨੀ ’ਚ ਕੁੱਲ 15 ਵੱਖ-ਵੱਖ ਸਟਾਲ ਲਗਾਏ ਗਏ, ਜਿੰਨ੍ਹਾਂ ਵਿਚ ਕੱਪੜੇ, ਗਹਿਣੇ, ਘਰ ਦੀ ਸਜਾਵਟ ਨਾਲ ਸਬੰਧਤ ਸਾਮਾਨ ਅਤੇ ਹੱਥੀਂ ਤਿਆਰ ਕੀਤੀਆਂ ਵਸਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇੰਨ੍ਹਾਂ ਸਟਾਲਾਂ ’ਤੇ ਲੋਕਾਂ ਨੇ ਵੱਖ-ਵੱਖ ਉਤਪਾਦਾਂ ’ਚ ਦਿਲਚਸਪੀ ਦਿਖਾਈ ਅਤੇ ਖ਼ਰੀਦਦਾਰੀ ਵੀ ਕੀਤੀ। ਪ੍ਰਦਰਸ਼ਨੀ ਨੇ ਸਥਾਨਕ ਕਾਰੋਬਾਰੀਆਂ ਅਤੇ ਮਹਿਲਾ ਉੱਦਮੀਆਂ ਨੂੰ ਆਪਣੇ ਉਤਪਾਦਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਵਧੀਆ ਮੌਕਾ ਪ੍ਰਦਾਨ ਕੀਤਾ। ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਸਮਾਗਮ ਮਹਿਲਾਵਾਂ ਨੂੰ ਆਪਣੀ ਪ੍ਰਤਿਭਾ ਪਛਾਣਨ, ਆਰਥਿਕ ਤੌਰ ’ਤੇ ਮਜ਼ਬੂਤ ਬਣਨ ਅਤੇ ਕਾਰੋਬਾਰ ਦੇ ਖੇਤਰ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕਰਦੇ ਹਨ। ਇਸ ਪ੍ਰਦਰਸ਼ਨੀ ਦੀ ਖ਼ਾਸ ਗੱਲ ਇਹ ਰਹੀ ਕਿ ਪ੍ਰਬੰਧਕ ਮਹਿਲਾਵਾਂ ਵੱਲੋਂ ਐੱਸਡੀ ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਨੂੰ ਵੀ ਆਪਣੀ ਪ੍ਰਤਿਭਾ ਅਤੇ ਉਤਪਾਦ ਪ੍ਰਦਰਸ਼ਿਤ ਕਰਨ ਦਾ ਮੌਕਾ ਦਿੱਤਾ ਗਿਆ। ਵਿਦਿਆਰਥਣਾਂ ਨੇ ਪੂਰੇ ਉਤਸ਼ਾਹ ਨਾਲ ਇਸ ਪ੍ਰਦਰਸ਼ਨੀ ਵਿਚ ਹਿੱਸਾ ਲਿਆ। ਉਨ੍ਹਾਂ ਦੇ ਹੁਨਰ ਅਤੇ ਰਚਨਾਤਮਕ ਵਿਚਾਰਾਂ ਦੀ ਆਏ ਹੋਏ ਲੋਕਾਂ ਨੇ ਸ਼ਲਾਘਾ ਕੀਤੀ। ਪ੍ਰਬੰਧਕ ਮਹਿਲਾਵਾਂ ਨੇ ਕਿਹਾ ਕਿ ਜਦੋਂ ਇੱਕ ਮਹਿਲਾ ਅੱਗੇ ਵਧਦੀ ਹੈ ਤਾਂ ਉਹ ਆਪਣੇ ਨਾਲ ਪੂਰੇ ਪਰਿਵਾਰ ਅਤੇ ਸਮਾਜ ਨੂੰ ਅੱਗੇ ਲੈ ਕੇ ਜਾਂਦੀ ਹੈ। ਉਨ੍ਹਾਂ ਦਾ ਉਦੇਸ਼ ਨਵੀਂ ਪੀੜ੍ਹੀ ਦੀਆਂ ਲੜਕੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਉਨ੍ਹਾਂ ਦੀ ਸੋਚ ਅਤੇ ਹੁਨਰ ਦੀ ਕੋਈ ਸੀਮਾ ਨਹੀਂ ਹੈ। ਮਹਿਲਾ ਸਸ਼ਕਤੀਕਰਨ ਸਿਰਫ਼ ਇਕ ਸ਼ਬਦ ਨਹੀਂ, ਸਗੋਂ ਸਮਾਜ ਵਿਚ ਸਕਾਰਾਤਮਕ ਤਬਦੀਲੀ ਲਿਆਉਣ ਵਾਲੀ ਸੋਚ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਮਹਿਲਾਵਾਂ ਨੂੰ ਆਪਣੇ ਉਤਪਾਦਾਂ ਦੀ ਪਛਾਣ ਬਣਾਉਣ, ਨਵੇਂ ਗਾਹਕਾਂ ਨਾਲ ਜੁੜਨ ਅਤੇ ਕਾਰੋਬਾਰ ਨੂੰ ਅੱਗੇ ਵਧਾਉਣ ਵਿਚ ਸਹਾਇਕ ਸਾਬਤ ਹੁੰਦੀਆਂ ਹਨ। ਸ਼ਹਿਰ ਵਾਸੀਆਂ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਮੋਨਿਕਾ ਘਈ, ਅੰਮ੍ਰਿਤਪਾਲ, ਨੀਤੂ ਅਗਰਵਾਲ, ਸ਼ਰਨਜੀਤ ਅਤੇ ਵੇਨਿਕਾ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।