- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿੱਲੀ ਵਰਲਡ ਪਬਲਿਕ ਸਕੂਲ ਮੋਗਾ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਦਿੱਲੀ ਵਰਲਡ ਪਬਲਿਕ ਸਕੂਲ ਮੋਗਾ ਵਿਖੇ ਵਿਸ਼ਵ ਡਾਕ ਦਿਵਸ ਦੇ ਮੌਕੇ ’ਤੇ ਅੱਠਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਗਤੀਵਿਧੀ ਕਰਵਾਈ ਗਈ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਡਾਕ ਸੇਵਾ ਦੀ ਮਹੱਤਤਾ, ਚਿੱਠੀ ਲਿਖਣ ਦੀ ਪਰੰਪਰਾ ਅਤੇ ਸੰਚਾਰ ਦੇ ਬਦਲਦੇ ਰੂਪ ਬਾਰੇ ਜਾਣਕਾਰੀ ਦੇਣਾ ਸੀ। ਇਸ ਦੌਰਾਨ ਵਿਦਿਆਰਥੀਆਂ ਨੂੰ ਪੁਰਾਣੇ ਸਮੇਂ ਵਿਚ ਸੁਨੇਹੇ ਭੇਜਣ ਦੇ ਤਰੀਕਿਆਂ ਅਤੇ ਆਧੁਨਿਕ ਸੰਚਾਰ ਸਾਧਨਾਂ ਦੇ ਵਿਕਾਸ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ। ਗਤੀਵਿਧੀ ਦੌਰਾਨ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਪੁਰਾਣੇ ਸਮੇਂ ਵਿਚ ਲੋਕ ਆਪਣੇ ਰਿਸ਼ਤੇਦਾਰਾਂ, ਦੋਸਤਾਂ ਅਤੇ ਹੋਰ ਜਾਣਕਾਰਾਂ ਤੱਕ ਆਪਣੀਆਂ ਭਾਵਨਾਵਾਂ ਅਤੇ ਸੁਨੇਹੇ ਪਹੁੰਚਾਉਣ ਲਈ ਚਿੱਠੀਆਂ ਲਿਖਦੇ ਸਨ। ਚਿੱਠੀ ਭੇਜਣ ਲਈ ਡਾਕਘਰ ਤੋਂ ਪੋਸਟਕਾਰਡ ਜਾਂ ਲਿਫ਼ਾਫ਼ਾ ਲਿਆ ਜਾਂਦਾ ਸੀ ਅਤੇ ਉਸ ਉੱਤੇ ਡਾਕ ਟਿਕਟ ਲਗਾ ਕੇ ਡਾਕ ਪੇਟੀ ਵਿਚ ਪਾਇਆ ਜਾਂਦਾ ਸੀ। ਇਸ ਤੋਂ ਬਾਅਦ ਡਾਕ ਵਿਭਾਗ ਦੇ ਕਰਮਚਾਰੀ ਅਤੇ ਡਾਕੀਏ ਚਿੱਠੀਆਂ ਨੂੰ ਉਨ੍ਹਾਂ ਦੇ ਸਹੀ ਪਤੇ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਉਂਦੇ ਸਨ। ਉਸ ਸਮੇਂ ਚਿੱਠੀਆਂ ਰਾਹੀਂ ਸੁਨੇਹੇ ਭੇਜਣਾ ਲੋਕਾਂ ਦੇ ਜੀਵਨ ਦਾ ਅਹਿਮ ਹਿੱਸਾ ਹੁੰਦਾ ਸੀ। ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਸਮੇਂ ਦੇ ਨਾਲ ਸੰਚਾਰ ਦੇ ਸਾਧਨਾਂ ਵਿਚ ਵੱਡੀ ਤਬਦੀਲੀ ਆਈ ਹੈ। ਪਹਿਲਾਂ ਚਿੱਠੀ ਰਾਹੀਂ ਸੁਨੇਹਾ ਪਹੁੰਚਣ ਵਿਚ ਕਈ ਦਿਨ ਲੱਗ ਜਾਂਦੇ ਸਨ ਪਰ ਅੱਜ ਮੋਬਾਈਲ ਫ਼ੋਨ, ਇੰਟਰਨੈੱਟ ਅਤੇ ਡਿਜੀਟਲ ਸੰਦੇਸ਼ਾਂ ਦੀ ਮਦਦ ਨਾਲ ਕੁਝ ਹੀ ਪਲਾਂ ਵਿਚ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਸੁਨੇਹਾ ਪਹੁੰਚਾਇਆ ਜਾ ਸਕਦਾ ਹੈ। ਇਸ ਦੇ ਬਾਵਜੂਦ ਡਾਕ ਸੇਵਾ ਦੀ ਆਪਣੀ ਵਿਸ਼ੇਸ਼ ਮਹੱਤਤਾ ਹੈ ਅਤੇ ਇਹ ਅੱਜ ਵੀ ਲੋਕਾਂ ਤੱਕ ਚਿੱਠੀਆਂ, ਦਸਤਾਵੇਜ਼ ਅਤੇ ਹੋਰ ਜ਼ਰੂਰੀ ਸਮੱਗਰੀ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ।