- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੇ ਹੀ ਸਾਲ ਤੋਂ ਹੋਂਦ ਵਿਚ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਪਿਛਲੇ ਹੀ ਸਾਲ ਤੋਂ ਹੋਂਦ ਵਿਚ ਆਈ ਪੰਜਾਬ ਪੱਧਰੀ ਸਮਾਜ ਸੇਵੀ ਜਥੇਬੰਦੀ ਸੱਭੋ ਸਾਂਝੀਵਾਲ ਸੰਸਥਾ ਵੱਖੋ ਵੱਖ ਪਿੰਡਾਂ ਦੀਆਂ ਸੱਥਾਂ ਅਤੇ ਸਕੂਲਾਂ ਵਿਚ ਜਾ ਕੇ ਸਮਾਜਿਕ ਚੇਤਨਾ ਸਮਾਰੋਹ ਕਰ ਰਹੀ ਹੈ। ਇਸੇ ਹੀ ਲੜੀ ਅਧੀਨ ਬੀਤੇ ਦਿਨੀਂ ਸ਼ਹੀਦ ਜੋਰਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਘੇਲੇ ਵਾਲ਼ਾ ਵਿਖੇ ਸਕੂਲ ਦੇ ਸਟਾਫ਼ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ਼ ਰੂਬਰੂ ਸਮਾਗਮ ਕੀਤਾ ਗਿਆ, ਜਿਸ ਵਿਚ ਸੰਸਥਾ ਦੀ ਪ੍ਰਧਾਨ ਬੱਬਲਜੀਤ ਕੌਰ ਮੋਗਾ ਨੇ ਸੁਆਗਤੀ ਸ਼ਬਦਾਂ ਤੋਂ ਇਲਾਵਾ ਸੰਸਥਾ ਦੀ ਲੋੜ, ਜਥੇਬੰਦੀ ਦੇ ਉਦੇਸ਼ ਅਤੇ ਹੁਣ ਤੱਕ ਦੇ ਕੀਤੇ ਕੰਮਾਂ ਦਾ ਵੇਰਵਾ ਸਾਂਝਾ ਕੀਤਾ। ਇਸ ਤੋਂ ਉਪਰੰਤ ਬਲਵਿੰਦਰ ਸਿੰਘ ਦੌਲਤਪੁਰਾ ਸੇਵਾ ਮੁਕਤ ਲੈਕਚਰਾਰ ਅਤੇ ਡਾ. ਅਜੀਤਪਾਲ ਸਿੰਘ ਜਟਾਣਾ ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਮੁੱਖ ਬੁਲਾਰਿਆਂ ਵਜੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਮਾਜਿਕ ਕੁਰੀਤੀਆਂ ਬਾਰੇ ਸੁਚੇਤ ਕੀਤਾ ਗਿਆ ਅਤੇ ਵਿਗਿਆਨਕ ਸੋਚ ਅਪਣਾਉਂਣ, ਸਖ਼ਤ ਮਿਹਨਤ ਕਰਨ ਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਸਾਰਥਕ ਸੁਨੇਹਾ ਦਿੱਤਾ ਗਿਆ। ਬੱਚਿਆਂ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੀ ਸਮਾਜਿਕ ਜਿੰਮੇਵਾਰੀ, ਵਾਤਾਵਰਣ ਸੁਰੱਖਿਆ ਅਤੇ ਸਮਾਜ ਸੇਵਾ ’ਚ ਆਪਣਾ ਬਣਦਾ ਯੋਗਦਾਨ ਪਾਉਂਣ ਲਈ ਵੀ ਕਿਹਾ। ਸਭਾ ਦੇ ਅਹੁਦੇਦਾਰ ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਨੇ ਵੀ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਅਖ਼ੀਰ ਵਿਚ ਸਕੂਲ ਵਿਦਿਆਰਥੀਆਂ ਨੇ ਆਪਣੇ ਗੀਤ, ਕਵਿਤਾਵਾਂ ਅਤੇ ਕੋਰੀਓਗ੍ਰਾਫੀ ਰਾਹੀਂ ਹਾਜ਼ਰੀਨ ਦਾ ਮਨੋਰੰਜਨ ਕਰਦਿਆਂ ਚੰਗੇ ਸੇਧਦਾਇਕ ਸੁਨੇਹੇ ਵੀ ਦੇਣ ਦੀ ਕੋਸ਼ਿਸ਼ ਕੀਤੀ। ਸੰਸਥਾ ਵੱਲੋਂ ਸਕੂਲ ਦੇ ਪ੍ਰਿੰਸੀਪਲ ਸਾਹਿਬ ਅਤੇ ਪਿੰਡ ਦੀ ਸਰਪੰਚ ਸਮੇਤ ਸਮਾਗਮ ਵਿਚ ਯੋਗਦਾਨ ਦੇਣ ਵਾਲ਼ੇ ਨਗਰ ਨਿਵਾਸੀਆਂ ਨੂੰ ਸਰਟੀਫਿਕੇਟ ਅਤੇ ਸਾਹਿਤਕ ਕਿਤਾਬਾਂ ਭੇਂਟ ਕਰਕੇ ਫਲ਼ਦਾਰ ਬੂਟਿਆਂ ਦਾ ਲੰਗਰ ਲਗਾਇਆ ਅਤੇ ਸਕੂਲ ਸਟਾਫ਼ ਵੱਲੋਂ ਸੰਸਥਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਨਰਲ ਸਕੱਤਰ ਮੂਲ ਚੰਦ ਸ਼ਰਮਾ ਰੰਚਣਾਂ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਭਾ ਦੇ ਬਾਕੀ ਅਹੁਦੇਦਾਰ ਨਵਜੋਤ ਜੋਸ਼ੀ, ਰਾਹੁਲ ਸ਼ਰਮਾ ਅਤੇ ਨਿਰਮਲਜੀਤ ਕੌਰ ਡਰੋਲੀ ਭਾਈ ਵੀ ਹਾਜ਼ਰ ਸਨ।