ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ਦੇ ਵਿਦਿਆਰਥੀਆਂ ਲਾਇਆ ਵਿੱਦਿਅਕ ਟੂਰ ਮੋਗਾ ਦੇ ਨਾਮਵਰ ਵਿੱਦਿਅਕ
Publish Date: Tue, 03 Nov 2026 05:22 PM (IST)
Updated Date: Wed, 04 Nov 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮੋਗਾ : ਮੋਗਾ ਦੇ ਨਾਮਵਰ ਵਿੱਦਿਅਕ ਅਦਾਰੇ ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਮਨੋਰੰਜਨ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਰੋਜ਼ਾ ਵਿੱਦਿਅਕ ਟੂਰ ਲਗਾਇਆ ਗਿਆ। ਇਹ ਟੂਰ ਚੰਡੀਗੜ੍ਹ ਦੇ ਪ੍ਰਸਿੱਧ ਰੌਕ ਗਾਰਡਨ ਅਤੇ ਰਾਜਸਥਾਨ ਦੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੇ ਚੋਖੀ ਢਾਣੀ ਲਈ ਕਰਵਾਇਆ ਗਿਆ। ਇਹ ਟੂਰ ਸਕੂਲ ਦੇ ਡਾਇਰੈਕਟਰ ਸੁਭਾਸ਼ ਪਲਤਾ ਅਤੇ ਪ੍ਰਿੰਸੀਪਲ ਸ਼ਿਵਾਨੀ ਅਰੋੜਾ ਦੀ ਯੋਗ ਅਗਵਾਈ ਹੇਠ ਕੀਤਾ ਗਿਆ। ਸਕੂਲ ਪ੍ਰਬੰਧਨ ਦਾ ਮੁੱਖ ਉਦੇਸ਼ ਇਹ ਸੀ ਕਿ ਵਿਦਿਆਰਥੀ ਕਿਤਾਬੀ ਗਿਆਨ ਤੋਂ ਇਲਾਵਾ ਬਾਹਰੀ ਦੁਨੀਆ ਨੂੰ ਦੇਖਣ, ਨਵੀਆਂ ਥਾਵਾਂ ਬਾਰੇ ਜਾਣਨ ਅਤੇ ਆਪਸ ਵਿਚ ਸੁਨਹਿਰੀ ਯਾਦਾਂ ਬਣਾ ਸਕਣ। ਇਸ ਦੌਰਾਨ ਵਿਦਿਆਰਥੀਆਂ ਲਈ ਵੱਖ-ਵੱਖ ਖੇਡਾਂ ਅਤੇ ਝੂਲਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿੱਚ ਉਹਨਾਂ ਨੇ ਖੂਬ ਮਸਤੀ ਕੀਤੀ। ਸਕੂਲ ਵੱਲੋਂ ਵਿਦਿਆਰਥੀਆਂ ਦੀ ਸਹੂਲਤ ਦਾ ਪੂਰਾ ਧਿਆਨ ਰੱਖਿਆ ਗਿਆ ਸੀ। ਇਸ ਟ੍ਰਿਪ ਵਿਚ ਵਿਦਿਆਰਥੀਆਂ ਲਈ ਸਵੇਰ ਦਾ ਨਾਸ਼ਤਾ ਅਤੇ ਦੁਪਹਿਰ ਦਾ ਖਾਣਾ ਵੀ ਸ਼ਾਮਲ ਸੀ। ਇਸ ਮੌਕੇ ’ਤੇ ਪ੍ਰਿੰਸੀਪਲ ਸ਼ਿਵਾਨੀ ਅਰੋੜਾ ਨੇ ਕਿਹਾ ਕਿ ਅਜਿਹੇ ਟੂਰ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ। ਇਸ ਨਾਲ ਵਿਦਿਆਰਥੀਆਂ ਵਿਚ ਆਪਸੀ ਸਹਿਯੋਗ, ਅਨੁਸ਼ਾਸਨ ਅਤੇ ਨਵਾਂ ਸਿੱਖਣ ਦੀ ਭਾਵਨਾ ਪੈਦਾ ਹੁੰਦੀ ਹੈ। ਡਾਇਰੈਕਟਰ ਸੁਭਾਸ਼ ਪਲਤਾ ਨੇ ਕਿਹਾ ਕਿ ਸਕੂਲ ਭਵਿੱਖ ਵਿਚ ਵੀ ਵਿਦਿਆਰਥੀਆਂ ਲਈ ਅਜਿਹੀਆਂ ਯਾਦਗਾਰ ਟ੍ਰਿਪਾਂ ਦਾ ਆਯੋਜਨ ਕਰਦਾ ਰਹੇਗਾ।