ਵਿਦਿਆਰਥੀਆਂ ਨੇ ਕੀਤਾ ਡਾਕਖਾਨੇ ਦਾ ਵਿੱਦਿਅਕ ਦੌਰਾ ਹੋਲੀ ਹਾਰਟ ਕੌਨਵੈਂਟ ਸਕੂਲ ਮੋਗਾ
Publish Date: Sat, 10 Oct 2026 04:51 PM (IST)
Updated Date: Sat, 10 Oct 2026 04:53 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮੋਗਾ : ਹੋਲੀ ਹਾਰਟ ਕੌਨਵੈਂਟ ਸਕੂਲ ਮੋਗਾ ਵੱਲੋਂ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਗਿਆਨ ਦੇਣ ਲਈ ਸਮੇਂ-ਸਮੇਂ ਤੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸੇ ਲੜੀ ਤਹਿਤ ਸਕੂਲ ਦੀ ਪਹਿਲੀ ਅਤੇ ਦੂਜੀ ਜਮਾਤ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੂੰ ਸਥਾਨਕ ਡਾਕਖਾਨੇ ਦਾ ਵਿਦਿਅਕ ਦੌਰਾ ਕਰਵਾਇਆ ਗਿਆ। ਇਸ ਦੌਰੇ ਦਾ ਮੁੱਖ ਉਦੇਸ਼ ਬੱਚਿਆਂ ਨੂੰ ਡਾਕ ਪ੍ਰਣਾਲੀ ਬਾਰੇ ਜਾਣਕਾਰੀ ਦੇਣਾ ਸੀ। ਅੱਜ ਦੇ ਡਿਜੀਟਲ ਯੁੱਗ ਵਿਚ ਬੱਚੇ ਈਮੇਲ ਅਤੇ ਮੋਬਾਈਲ ਤੋਂ ਤਾਂ ਜਾਣੂ ਹਨ, ਪਰ ਚਿੱਠੀ-ਪੱਤਰ ਅਤੇ ਡਾਕਖਾਨੇ ਦੇ ਕੰਮ ਬਾਰੇ ਉਨ੍ਹਾਂ ਨੂੰ ਬਹੁਤ ਘੱਟ ਪਤਾ ਹੈ। ਇਸ ਲਈ ਸਕੂਲ ਦੀ ਪ੍ਰਿੰਸੀਪਲ ਸ਼ਿਵਾਨੀ ਅਰੋੜਾ ਨੇ ਬੱਚਿਆਂ ਨੂੰ ਉੱਥੇ ਜਾ ਕੇ ਸਿੱਖਣ ਲਈ ਪ੍ਰੇਰਿਤ ਕੀਤਾ। ਸਵੇਰੇ ਅਧਿਆਪਕਾਂ ਦੀ ਦੇਖ-ਰੇਖ ਹੇਠ ਬੱਚੇ ਬੜੇ ਉਤਸ਼ਾਹ ਨਾਲ ਡਾਕਖਾਨੇ ਪਹੁੰਚੇ। ਉੱਥੇ ਡਾਕਖਾਨੇ ਦੇ ਅਧਿਕਾਰੀਆਂ ਨੇ ਬੱਚਿਆਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਬੱਚਿਆਂ ਨੂੰ ਬਹੁਤ ਹੀ ਸਰਲ ਭਾਸ਼ਾ ਵਿਚ ਸਮਝਾਇਆ ਕਿ ਚਿੱਠੀ ਕਿਵੇਂ ਲਿਖੀ ਜਾਂਦੀ ਹੈ, ਉਸ ਉੱਤੇ ਟਿਕਟ ਕਿਵੇਂ ਲਗਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਚਿੱਠੀ ਕਿਵੇਂ ਆਪਣੇ ਸਹੀ ਪਤੇ ਤੇ ਪਹੁੰਚਦੀ ਹੈ। ਬੱਚਿਆਂ ਨੂੰ ਪੋਸਟ ਬਾਕਸ, ਰਜਿਸਟਰੀ, ਮਨੀਆਰਡਰ, ਪਾਰਸਲ ਅਤੇ ਸਪੀਡ ਪੋਸਟ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ। ਬੱਚਿਆਂ ਨੇ ਆਪਣੇ ਹੱਥਾਂ ਨਾਲ ਪੋਸਟ ਬਾਕਸ ਵਿਚ ਚਿੱਠੀਆਂ ਵੀ ਪਾਈਆਂ, ਜਿਸ ਨਾਲ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਉਨ੍ਹਾਂ ਨੇ ਡਾਕੀਏ ਦੀ ਵਰਦੀ ਅਤੇ ਉਸਦੇ ਕੰਮ ਬਾਰੇ ਵੀ ਜਾਣਿਆ। ਡਾਕਖਾਨੇ ਦੇ ਸਟਾਫ ਨੇ ਦੱਸਿਆ ਕਿ ਡਾਕੀਆ ਕਿਵੇਂ ਘਰ-ਘਰ ਜਾ ਕੇ ਚਿੱਠੀਆਂ ਵੰਡਦਾ ਹੈ। ਇਹ ਦੌਰਾ ਬੱਚਿਆਂ ਲਈ ਬਹੁਤ ਹੀ ਰੋਚਕ ਅਤੇ ਗਿਆਨਵਰਧਕ ਰਿਹਾ। ਬੱਚਿਆਂ ਨੇ ਉੱਥੇ ਬਹੁਤ ਸਾਰੀਆਂ ਨਵੀਆਂ ਗੱਲਾਂ ਸਿੱਖੀਆਂ ਜੋ ਉਨ੍ਹਾਂ ਨੂੰ ਕਿਤਾਬਾਂ ਵਿੱਚ ਪੜ੍ਹਨ ਨੂੰ ਨਹੀਂ ਮਿਲਦੀਆਂ। ਇਸ ਨਾਲ ਉਨ੍ਹਾਂ ਦੇ ਆਮ ਗਿਆਨ ਵਿਚ ਵਾਧਾ ਹੋਇਆ। ਸਕੂਲ ਪਰਤਣ ਤੇ ਪ੍ਰਿੰਸੀਪਲ ਸ਼ਿਵਾਨੀ ਅਰੋੜਾ ਨੇ ਬੱਚਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਦੌਰੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਡਾਕ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ ਅਤੇ ਚਿੱਠੀਆਂ ਦਾ ਸਾਡੇ ਜੀਵਨ ਵਿਚ ਕੀ ਮਹੱਤਵ ਹੈ। ਉਨ੍ਹਾਂ ਨੇ ਸਾਰੇ ਅਧਿਆਪਕਾਂ ਅਤੇ ਡਾਕਖਾਨੇ ਦੇ ਸਟਾਫ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਦੌਰੇ ਨੂੰ ਸਫਲ ਬਣਾਇਆ।