- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦਿਆਰਥੀਆਂ ਨੂੰ ਆਪਣੀ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਵਿਦਿਆਰਥੀਆਂ ਨੂੰ ਆਪਣੀ ਅਮੀਰ ਅਧਿਆਤਮਿਕ ਵਿਰਾਸਤ, ਨੈਤਿਕ ਕਦਰਾਂ-ਕੀਮਤਾਂ ਅਤੇ ਮਹਾਨ ਸੰਤਾਂ ਦੇ ਜੀਵਨ ਆਦਰਸ਼ਾਂ ਨਾਲ ਜੋੜਨ ਦੇ ਉਦੇਸ਼ ਨਾਲ ਸਥਾਨਕ ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਵੱਲੋਂ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਵਿੱਦਿਅਕ ਅਤੇ ਧਾਰਮਿਕ ਦੌਰੇ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਸ਼ਹਿਰ ਦੇ ਪ੍ਰਮੁੱਖ ਅਤੇ ਇਤਿਹਾਸਕ ਧਾਰਮਿਕ ਸਥਾਨ ਗੀਤਾ ਭਵਨ ਦਾ ਦੌਰਾ ਕੀਤਾ ਅਤੇ ਉੱਥੋਂ ਦੀ ਧਾਰਮਿਕ, ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਬਾਰੇ ਜਾਣਕਾਰੀ ਹਾਸਲ ਕੀਤੀ। ਦੌਰੇ ਦੌਰਾਨ ਵਿਦਿਆਰਥੀਆਂ ਨੇ ਮੰਦਰ ਦੇ ਸ਼ਾਂਤ ਅਤੇ ਅਧਿਆਤਮਿਕ ਮਾਹੌਲ ਦਾ ਅਨੁਭਵ ਕੀਤਾ। ਸਕੂਲ ਦੇ ਅਧਿਆਪਕਾਂ ਅਤੇ ਮੰਦਰ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਗੀਤਾ ਭਵਨ ਦੇ ਇਤਿਹਾਸਕ ਮਹੱਤਵ, ਇਸ ਦੀ ਸਥਾਪਨਾ ਅਤੇ ਸਮਾਜ ਸੇਵਾ ਵਿਚ ਪਾਏ ਜਾ ਰਹੇ ਯੋਗਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬੱਚਿਆਂ ਨੂੰ ਸਵਾਮੀ ਵੇਦਾਂਤਾਨੰਦ ਜੀ ਮਹਾਰਾਜ ਦੇ ਜੀਵਨ, ਉਨ੍ਹਾਂ ਦੇ ਤਿਆਗ, ਤਪੱਸਿਆ, ਅਧਿਆਤਮਿਕ ਸਾਧਨਾ ਅਤੇ ਮਨੁੱਖਤਾ ਦੀ ਭਲਾਈ ਲਈ ਕੀਤੇ ਪਰਉਪਕਾਰੀ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ। ਦੌਰੇ ਦੌਰਾਨ ਵਿਦਿਆਰਥੀਆਂ ਨੂੰ ਸ਼੍ਰੀਮਦ ਭਗਵਦ ਗੀਤਾ ਦੇ ਮਰਮ ਅਤੇ ਮਹਾਭਾਰਤ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਤੇ ਅਰਜੁਨ ਵਿਚਕਾਰ ਹੋਏ ਸੰਵਾਦ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਤਰ੍ਹਾਂ ਇਸ ਯਾਤਰਾ ਦੌਰਾਨ ਅਧਿਆਤਮਿਕ ਗਿਆਨ, ਸੱਭਿਆਚਾਰਕ ਜਾਣਕਾਰੀ, ਇਤਿਹਾਸਕ ਵਿਰਾਸਤ ਅਤੇ ਮਨੋਰੰਜਨ ਦਾ ਸੁੰਦਰ ਸੁਮੇਲ ਦੇਖਣ ਨੂੰ ਮਿਲਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਕਲਾਸਰੂਮਾਂ ਅਤੇ ਪੁਸਤਕਾਂ ਰਾਹੀਂ ਪ੍ਰਾਪਤ ਕੀਤੇ ਜਾਂਦੇ ਗਿਆਨ ਦੇ ਨਾਲ-ਨਾਲ ਨੈਤਿਕ, ਅਧਿਆਤਮਿਕ ਅਤੇ ਸੱਭਿਆਚਾਰਕ ਗਿਆਨ ਵੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹੈ। ਬੱਚਿਆਂ ਨੇ ਇਸ ਯਾਤਰਾ ਨੂੰ ਗਿਆਨਵਰਧਕ, ਪ੍ਰੇਰਨਾਦਾਇਕ ਅਤੇ ਯਾਦਗਾਰੀ ਤਜਰਬਾ ਦੱਸਿਆ।