- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵੱਛ ਭਾਰਤ–ਸਵੱਛ ਸੇਵਾ ਮੁ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਸਵੱਛ ਭਾਰਤ–ਸਵੱਛ ਸੇਵਾ ਮੁਹਿੰਮ ਤਹਿਤ ਕਮੇਟੀ ਘਰ ਮੋਗਾ ਨਾਲ ਸਬਧਤ ਸਵੱਛਤਾ ਟੀਮ ਵੱਲੋਂ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੀਮ ਨਗਰ ਮੋਗਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਡਾ. ਮਨਜੀਤ ਕੌਰ, ਜੋ ਸਵੱਛ ਭਾਰਤ ਮਿਸ਼ਨ ਦੀ ਬ੍ਰਾਂਡ ਅੰਬੈਸਡਰ ਵੀ ਹਨ, ਵੱਲੋਂ ਸਵੱਛਤਾ ਟੀਮ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਪ੍ਰਿੰਸੀਪਲ ਡਾ. ਮਨਜੀਤ ਕੌਰ ਨੇ ਸਵੱਛਤਾ ਟੀਮ ਦੇ ਮੈਂਬਰਾਂ ਨੂੰ ਸਕੂਲ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਵੱਖ-ਵੱਖ ਰਚਨਾਤਮਕ ਮਾਡਲ, ਸਜਾਵਟੀ ਵਸਤੂਆਂ ਅਤੇ ਰੋਜ਼ਾਨਾ ਜੀਵਨ ਵਿੱਚ ਵਰਤੋਂਯੋਗ ਸਮਾਨ ਦਿਖਾਇਆ। ਵਿਦਿਆਰਥੀਆਂ ਨੇ ਬੇਕਾਰ ਪਈਆਂ ਵਸਤੂਆਂ ਅਤੇ ਵੇਸਟ ਮਟੀਰੀਅਲ ਦੀ ਸੁਚੱਜੀ ਵਰਤੋਂ ਕਰਦਿਆਂ ਕਈ ਦਿਲਚਸਪ ਅਤੇ ਉਪਯੋਗੀ ਵਸਤੂਆਂ ਤਿਆਰ ਕੀਤੀਆਂ ਹੋਈਆਂ ਸਨ। ਇਨ੍ਹਾਂ ਰਚਨਾਵਾਂ ਰਾਹੀਂ ਵਿਦਿਆਰਥੀਆਂ ਨੇ ਸਵੱਛਤਾ, ਮੁੜ ਵਰਤੋਂ ਅਤੇ ਵਾਤਾਵਰਣ ਦੀ ਸੰਭਾਲ ਦਾ ਪ੍ਰਭਾਵਸ਼ਾਲੀ ਸੁਨੇਹਾ ਦਿੱਤਾ। ਪ੍ਰਿੰਸੀਪਲ ਡਾ. ਮਨਜੀਤ ਕੌਰ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਵਿਦਿਆਰਥੀਆਂ ਨੂੰ ਸਫ਼ਾਈ ਅਤੇ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਵੱਲੋਂ ਵੇਸਟ ਮਟੀਰੀਅਲ ਨੂੰ ਸੁੱਟਣ ਦੀ ਬਜਾਏ ਉਸ ਤੋਂ ਉਪਯੋਗੀ ਅਤੇ ਸੁੰਦਰ ਵਸਤੂਆਂ ਤਿਆਰ ਕਰਨਾ ਉਨ੍ਹਾਂ ਦੀ ਰਚਨਾਤਮਕ ਸੋਚ ਦੇ ਨਾਲ-ਨਾਲ ਸਵੱਛਤਾ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਵੀ ਦਰਸਾਉਂਦਾ ਹੈ। ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਦੇ ਨਾਲ ਉਨ੍ਹਾਂ ਵਿੱਚ ਨਵੀਆਂ ਚੀਜ਼ਾਂ ਬਣਾਉਣ ਦੀ ਕਲਾ ਨੂੰ ਵੀ ਉਤਸ਼ਾਹਿਤ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਵਾਤਾਵਰਣ ਅਤੇ ਸਵੱਛਤਾ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਕੂਲ ਵਿਚ ਅਜਿਹੇ ਰਚਨਾਤਮਕ ਉਪਰਾਲਿਆਂ ਨੂੰ ਭਵਿੱਖ ਵਿਚ ਵੀ ਜਾਰੀ ਰੱਖਿਆ ਜਾਵੇਗਾ ਤਾਂ ਜੋ ਵਿਦਿਆਰਥੀਆਂ ਵਿਚ ਸਫ਼ਾਈ ਪ੍ਰਤੀ ਜਾਗਰੂਕਤਾ ਦੇ ਨਾਲ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕੀਤੀ ਜਾ ਸਕੇ। ਕਮੇਟੀ ਘਰ ਮੋਗਾ ਤੋਂ ਪਹੁੰਚੀ ਸਵੱਛਤਾ ਟੀਮ ਦੇ ਮੈਂਬਰਾਂ ਨੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਮਾਡਲਾਂ ਅਤੇ ਵੱਖ-ਵੱਖ ਵਸਤੂਆਂ ਦਾ ਨਿਰੀਖਣ ਕੀਤਾ। ਟੀਮ ਮੈਂਬਰਾਂ ਨੇ ਬੱਚਿਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਸਵੱਛਤਾ ਮੁਹਿੰਮ ਨੂੰ ਸਕੂਲ ਪੱਧਰ ’ਤੇ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਅਤੇ ਕਮੇਟੀ ਘਰ ਮੋਗਾ ਦੀ ਸਵੱਛਤਾ ਟੀਮ ਦੇ ਮੈਂਬਰ ਹਾਜ਼ਰ ਸਨ।