ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਫੈਸਲੇ ਦੀ ਕੀਤੀ ਨਿਖੇਧੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ
Publish Date: Fri, 06 Nov 2026 04:07 PM (IST)
Updated Date: Fri, 06 Nov 2026 04:08 PM (IST)
ਵਿਦਿਆਰਥੀਆਂ ਕੋਲੋਂ ਹਜ਼ਾਰ ਰੁਪਏ ਲੇਟ ਪ੍ਰੀਖਿਆ ਫੀਸ ਲੈਣ ਦਾ ਵਿਰੋਧ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਉਸ ਤਾਜ਼ਾ ਪੱਤਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਵਿਦਿਆਰਥੀਆਂ/ਪ੍ਰੀਖਿਆਰਥੀਆਂ ਤੇ 1000 ਰੁਪਏ ਦੀ ਲੇਟ ਫੀਸ ਆਇਦ ਕੀਤੀ ਗਈ ਹੈ, ਜਿੰਨ੍ਹਾਂ ਦੇ ਫਾਰਮ ਵਿਚ ਕੋਈ ਤਰੁੱਟੀ ਜਿਵੇਂ ਕਿ ਰਜਿਸਟ੍ਰੇਸ਼ਨ ਨੰਬਰ ਗੁੰਮ ਹੋਣਾ ਜਾਂ ਹੋਰ ਸੋਧ ਕਰਨੀ ਰਹਿ ਗਈ ਹੈ। ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਜ਼ਿਲ੍ਹਾ ਇਕਾਈ ਮੋਗਾ ਦੇ ਪ੍ਰਧਾਨ ਸੁਖਪਾਲਜੀਤ ਸਿੰਘ, ਕਾਰਜਕਾਰੀ ਜ਼ਿਲ੍ਹਾ ਸਕੱਤਰ ਸੁਖਵਿੰਦਰ ਸਿੰਘ ਘੋਲੀਆ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੋਰਡ ਦਾ ਇਹ ਫ਼ੈਸਲਾ ਸਰਾਸਰ ਗੈਰ-ਵਾਜਬ, ਅਤੇ ਵਿਦਿਆਰਥੀ/ਅਧਿਆਪਕ ਵਿਰੋਧੀ ਹੈ। ਅਕਸਰ ਤਕਨੀਕੀ ਖਾਮੀਆਂ, ਪੋਰਟਲ ਦੀਆਂ ਸਮੱਸਿਆਵਾਂ ਜਾਂ ਕਲੈਰੀਕਲ ਭੁੱਲਾਂ ਕਾਰਨ ਫਾਰਮਾਂ ਵਿਚ ਛੋਟੀਆਂ-ਮੋਟੀਆਂ ਤਰੁੱਟੀਆਂ ਰਹਿ ਜਾਂਦੀਆਂ ਹਨ, ਜਿੰਨ੍ਹਾਂ ਨੂੰ ਠੀਕ ਕਰਨ ਬਦਲੇ 1000 ਰੁਪਏ ਵਰਗੀ ਵੱਡੀ ਰਕਮ ਵਸੂਲਣਾ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਤੇ ਵਾਧੂ ਆਰਥਿਕ ਬੋਝ ਪਾਉਣਾ ਹੈ। ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਝੋਰੜਾ , ਮੀਤ ਪ੍ਰਧਾਨ ਸਵਰਨਦਾਸ, ਨੇ ਬੋਰਡ ਪ੍ਰਸ਼ਾਸਨ ਤੇ ਦੋਸ਼ ਲਾਇਆ ਕਿ ਸਿੱਖਿਆ ਬੋਰਡ ਆਪਣੀਆਂ ਪ੍ਰਸ਼ਾਸਕੀ ਅਤੇ ਤਕਨੀਕੀ ਨਾਕਾਮੀਆਂ ਦਾ ਹਰਜ਼ਾਨਾ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਤੋਂ ਵਸੂਲਣਾ ਚਾਹੁੰਦਾ ਹੈ। ਆਰਥਿਕ ਤੌਰ ਤੇ ਕਮਜ਼ੋਰ ਅਤੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਇਹ ਫੀਸ ਭਰਨਾ ਬਹੁਤ ਔਖਾ ਹੈ। ਜ਼ਿਲ੍ਹਾ ਵਿਤ ਸਕੱਤਰ ਗੁਰਸ਼ਰਨ ਸਿੰਘ ਅਤੇ ਜ਼ਿਲ੍ਹਾ ਸੰਯੁਕਤ ਸਕੱਤਰ ਅਮਨਦੀਪ ਮਾਛੀਕੇ ਨੇ ਮੰਗ ਕੀਤੀ ਕਿ ਪ੍ਰੀਖਿਆ ਫਾਰਮਾਂ ਦੀ ਸੁਧਾਈ ਅਤੇ ਰਜਿਸਟ੍ਰੇਸ਼ਨ ਨੰਬਰ ਨਾਲ ਸਬੰਧਤ ਸੁਧਾਰਾਂ ਲਈ ਲਗਾਈ ਗਈ 1000 ਰੁਪਏ ਦੀ ਲੇਟ ਫੀਸ ਤੁਰੰਤ ਵਾਪਸ ਲਈ ਜਾਵੇ, ਫਾਰਮਾਂ ਵਿਚ ਲੋੜੀਂਦੇ ਸੁਧਾਰ ਕਰਨ ਲਈ ਪੋਰਟਲ ਨੂੰ ਬਿਨ੍ਹਾਂ ਕਿਸੇ ਜੁਰਮਾਨੇ/ਲੇਟ ਫ਼ੀਸ ਦੇ ਮੁਫ਼ਤ ਸੁਵਿਧਾ ਵਜੋਂ ਖੋਲ੍ਹਿਆ ਜਾਵੇ, ਭਵਿੱਖ ਵਿਚ ਅਜਿਹੇ ਗੈਰ-ਵਾਜਬ ਫੈਸਲੇ ਲੈਣ ਤੋਂ ਪਹਿਲਾਂ ਅਧਿਆਪਕ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਬੋਰਡ ਪ੍ਰਸ਼ਾਸਨ ਨੇ ਇਹ ਨਾਦਰਸ਼ਾਹੀ ਫੈਸਲਾ ਤੁਰੰਤ ਵਾਪਸ ਨਾ ਲਿਆ ਤਾਂ ਜਥੇਬੰਦੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਹਿੱਤਾਂ ਦੀ ਰਾਖੀ ਲਈ ਬੋਰਡ ਦਫ਼ਤਰ ਸਾਹਮਣੇ ਤਿੱਖਾ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਬੋਰਡ ਪ੍ਰਸ਼ਾਸਨ ਦੀ ਹੋਵੇਗੀ। ਇਸ ਸਮੇਂ ਅਮਨਦੀਪ ਮਟਵਾਣੀ, ਅਮਰਦੀਪ ਸਿੰਘ ਬੁੱਟਰ, ਜਗਜੀਤ ਸਿੰਘ ਰਣੀਆਂ, ਮੋਂਟੂ ਵਰਮਾ, ਨਰਿੰਦਰ ਸਿੰਘ, ਦੀਪਕ ਮਿੱਤਲ, ਜਗਜੀਤ ਸਿੰਘ ਸਮਾਲਸ਼ਰ, ਨਛੱਤਰ ਸਿੰਘ ਅਤੇ ਮਮਤਾ ਕੌਸ਼ਲ ਆਦਿ ਜ਼ਿਲ੍ਹਾ ਕਮੇਟੀ ਮੈਂਬਰ ਹਾਜ਼ਰ ਸਨ।