ਪੰਜਾਬ: ਮੋਗਾ ’ਚ ਚੀਨੀ ਦੀ ਕਾਲਾਬਾਜ਼ਾਰੀ ਰੋਕਣ ਲਈ ਸਖ਼ਤ ਹੁਕਮ ਜਾਰੀ, ਥੋਕ ਵਿਕਰੇਤਾਵਾਂ ਨਾਲ ਹੋਈ ਮੀਟਿੰਗ ਡੀਲਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਉਹ ਪਹਿਲਾਂ ਤੋਂ ਰਜਿਸਟਰਡ ਨਹੀਂ ਹਨ ਤਾਂ ਉਹ ਤੁਰੰਤ ਫੂਡ ਸਟਾਕ ਮਾਨੀਟਰਿੰਗ ਪੋਰਟਲ 'ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਰਜਿਸਟ੍ਰੇਸ਼ਨ ਹੁੰਦੇ ਹੀ ਪੋਰਟਲ 'ਤੇ ਆਪਣੇ ਮੌਜੂਦਾ ਸਟਾਕ ਦੀ ਸਥਿਤੀ ਅਪਲੋਡ ਕਰਨ। ਇਸ ਤੋਂ ਬਾਅਦ ਹਰ ਸ਼ੁੱਕਰਵਾਰ ਨੂੰ ਨਿਯਮਿਤ ਰੂਪ ਨਾਲ ਪੋਰਟਲ 'ਤੇ ਆਪਣੇ ਚੀਨੀ ਸਟਾਕ ਦੀ ਸਥਿਤੀ ਅਪਡੇਟ ਕਰਨ।
Publish Date: Tue, 25 Aug 2026 04:19 PM (IST)
Updated Date: Tue, 25 Aug 2026 04:24 PM (IST)
ਰਾਜਕੁਮਾਰ ਰਾਜੂ, ਮੋਗਾ। ਪੰਜਾਬ ਸਮੇਤ ਪੂਰੇ ਭਾਰਤ ’ਚ ਪਿਛਲੇ ਲਗਪਗ ਇੱਕ ਹਫ਼ਤੇ ਤੋਂ ਚੀਨੀ ਦੀਆਂ ਕੀਮਤਾਂ ’ਚ ਆਈ ਤੇਜ਼ੀ ਦੇ ਕਾਰਨ ਖਪਤਕਾਰਾਂ ਨੂੰ ਉਚਿਤ ਦਰ 'ਤੇ ਚੀਨੀ ਉਪਲਬਧ ਕਰਵਾਉਣ ਅਤੇ ਬਾਜ਼ਾਰ ਵਿੱਚ ਕਾਲਾਬਾਜ਼ਾਰੀ ਰੋਕਣ ਲਈ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਗਾ ਦੇ ਸਾਰੇ ਚੀਨੀ ਥੋਕ ਵਿਕਰੇਤਾਵਾਂ ਦੀ ਮੀਟਿੰਗ ਜ਼ਿਲ੍ਹਾ ਖ਼ਦ ਅਤੇ ਸਪਲਾਈ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ ਵੱਲੋਂ ਆਪਣੇ ਦਫ਼ਤਰ ਵਿੱਚ ਬੁਲਾਈ ਗਈ। ਮੀਟਿੰਗ ’ਚ ਜ਼ਿਲ੍ਹੇ ਦੇ ਲਗਪਗ ਸਾਰੇ ਥੋਕ ਵਿਕਰੇਤਾ ਹਾਜ਼ਰ ਸਨ।
ਸੁਖਵਿੰਦਰ ਸਿੰਘ ਗਿੱਲ, ਜ਼ਿਲ੍ਹਾ ਕੰਟਰੋਲਰ ਮੋਗਾ, ਨੇ ਮੀਟਿੰਗ ’ਚ ਚੀਨੀ ਦੇ ਸਾਰੇ ਥੋਕ ਵਿਕਰੇਤਾਵਾਂ/ਡੀਲਰਾਂ ਨੂੰ ਪੰਜਾਬ ਸਰਕਾਰ ਵੱਲੋਂ ਮਿਤੀ 17-08-2026 ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਕਾਪੀ ਦਿੰਦਿਆਂ ਦੱਸਿਆ ਕਿ ਕੋਈ ਵੀ ਡੀਲਰ ਸਟਾਕ ਪ੍ਰਾਪਤ ਹੋਣ ਦੀ ਤਾਰੀਖ ਤੋਂ 30 ਦਿਨਾਂ ਤੋਂ ਵੱਧ ਸਮੇਂ ਤੱਕ ਕੋਈ ਸਟਾਕ ਆਪਣੇ ਕੋਲ ਨਹੀਂ ਰੱਖੇਗਾ ਅਤੇ ਦੇਸ਼ ਭਰ ’ਚ ਕਿਸੇ ਵੀ ਸਮੇਂ ਅਤੇ ਕਿਸੇ ਵੀ ਸਥਾਨ 'ਤੇ 4,000 ਕੁਇੰਟਲ ਤੋਂ ਵੱਧ ਸਟਾਕ ਨਹੀਂ ਰੱਖੇਗਾ।
ਚੀਨੀ ਸਟਾਕ ਦੀ ਸਥਿਤੀ ਅਪਡੇਟ ਕਰੋ ਡੀਲਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਉਹ ਪਹਿਲਾਂ ਤੋਂ ਰਜਿਸਟਰਡ ਨਹੀਂ ਹਨ ਤਾਂ ਉਹ ਤੁਰੰਤ ਫੂਡ ਸਟਾਕ ਮਾਨੀਟਰਿੰਗ ਪੋਰਟਲ 'ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਰਜਿਸਟ੍ਰੇਸ਼ਨ ਹੁੰਦੇ ਹੀ ਪੋਰਟਲ 'ਤੇ ਆਪਣੇ ਮੌਜੂਦਾ ਸਟਾਕ ਦੀ ਸਥਿਤੀ ਅਪਲੋਡ ਕਰਨ। ਇਸ ਤੋਂ ਬਾਅਦ ਹਰ ਸ਼ੁੱਕਰਵਾਰ ਨੂੰ ਨਿਯਮਿਤ ਰੂਪ ਨਾਲ ਪੋਰਟਲ 'ਤੇ ਆਪਣੇ ਚੀਨੀ ਸਟਾਕ ਦੀ ਸਥਿਤੀ ਅਪਡੇਟ ਕਰਨ।
ਉਨ੍ਹਾਂ ਨੂੰ ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਭਾਰਤ ਸਰਕਾਰ ਵੱਲੋਂ ਨਿਰਧਾਰਤ ਸਟਾਕ ਸੀਮਾ ਅਤੇ ਸਮੇਂ-ਸੀਮਾ ਦੇ ਅਨੁਸਾਰ ਹੀ ਸਟਾਕ ਰੱਖਿਆ ਜਾਵੇ ਤਾਂ ਜੋ ਜ਼ਿਲ੍ਹਾ ਮੋਗਾ ’ਚ ਚੀਨੀ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਨਾ ਹੋ ਸਕੇ ਅਤੇ ਆਮ ਜਨਤਾ ਨੂੰ ਚੀਨੀ ਦੀ ਕਿਸੇ ਵੀ ਤਰ੍ਹਾਂ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ।
ਚੀਨੀ ਨਾਲ ਸੰਬੰਧਿਤ ਨਹੀਂ ਦੇਣਗੇ ਸ਼ਿਕਾਇਤ
ਚੀਨੀ ਦੇ ਸਾਰੇ ਥੋਕ ਵਿਕਰੇਤਾਵਾਂ ਨੇ ਵਿਸ਼ਵਾਸ ਦਿਵਾਇਆ ਕਿ ਮੋਗਾ ਜ਼ਿਲ੍ਹੇ ਦੇ ਸਾਰੇ ਚੀਨੀ ਥੋਕ ਵਿਕਰੇਤਾ/ਡੀਲਰ ਸਰਕਾਰ ਦੇ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਨਿਰਧਾਰਤ ਨਿਯਮਾਂ ਦੇ ਅਨੁਸਾਰ ਹੀ ਕੰਮ ਕਰਨਗੇ ਅਤੇ ਜ਼ਿਲ੍ਹਾ ਮੋਗਾ ਵਿੱਚ ਚੀਨੀ ਦੀ ਜਮ੍ਹਾਂਖੋਰੀ, ਕਾਲਾਬਾਜ਼ਾਰੀ ਅਤੇ ਚੀਨੀ ਦੀ ਕਮੀ ਸੰਬੰਧੀ ਕਿਸੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਣਗੇ।