ਨਸ਼ਾ ਵੇਚਣ ਵਾਲਿਆਂ ਦੀ ਹੁਣ ਖ਼ੈਰ ਨਹੀਂ! ਡਰੱਗ ਵਿਭਾਗ ਵੱਲੋਂ ਵੱਡੀ ਕਾਰਵਾਈ, ਦੋ ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ
ਜ਼ਿਲ੍ਹੇ ਦੇ ਕਸਬਾ ਕੋਟ ਇਸੇ ਖਾਂ ’ਚ ਪ੍ਰਤਿਬੰਧਿਤ ਦਵਾਈਆਂ ਮਿਲਣ ਦੇ ਮਾਮਲੇ ’ਚ ਡਰੱਗ ਵਿਭਾਗ ਨੇ ਸਖ਼ਤ ਕਾਰਵਾਈ ਕੀਤੀ ਹੈ। ਵਿਭਾਗ ਦੀ ਜਾਂਚ ਦੌਰਾਨ ਦੋ ਮੈਡੀਕਲ ਸਟੋਰਾਂ ਤੋਂ ਪ੍ਰਤਿਬੰਧਿਤ ਦਵਾਈਆਂ ਬਰਾਮਦ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਦੋਵਾਂ ਦੁਕਾਨਾਂ ਦੇ ਲਾਇਸੈਂਸ ਸਥਾਈ ਤੌਰ 'ਤੇ ਰੱਦ ਕਰ ਦਿੱਤੇ ਗਏ।
Publish Date: Fri, 16 Oct 2026 09:20 PM (IST)
Updated Date: Fri, 16 Oct 2026 09:21 PM (IST)
ਰਾਜਕੁਮਾਰ ਰਾਜੂ, ਜਾਗਰਣ, ਮੋਗਾ: ਜ਼ਿਲ੍ਹੇ ਦੇ ਕਸਬਾ ਕੋਟ ਇਸੇ ਖਾਂ ’ਚ ਪ੍ਰਤਿਬੰਧਿਤ ਦਵਾਈਆਂ ਮਿਲਣ ਦੇ ਮਾਮਲੇ ’ਚ ਡਰੱਗ ਵਿਭਾਗ ਨੇ ਸਖ਼ਤ ਕਾਰਵਾਈ ਕੀਤੀ ਹੈ। ਵਿਭਾਗ ਦੀ ਜਾਂਚ ਦੌਰਾਨ ਦੋ ਮੈਡੀਕਲ ਸਟੋਰਾਂ ਤੋਂ ਪ੍ਰਤਿਬੰਧਿਤ ਦਵਾਈਆਂ ਬਰਾਮਦ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਦੋਵਾਂ ਦੁਕਾਨਾਂ ਦੇ ਲਾਇਸੈਂਸ ਸਥਾਈ ਤੌਰ 'ਤੇ ਰੱਦ ਕਰ ਦਿੱਤੇ ਗਏ। ਇਸ ਤੋਂ ਪਹਿਲਾਂ ਪੁਲਿਸ ਦੇ ਦਖ਼ਲ ਨਾਲ ਦੋਵਾਂ ਮੈਡੀਕਲ ਹਾਲਾਂ ਨੂੰ ਸੀਲ ਕਰ ਦਿੱਤਾ ਗਿਆ ਸੀ ਅਤੇ ਸਬੰਧਤ ਦਵਾਈ ਵਿਕਰੇਤਾਵਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐੈਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੋਗਾ-2 ਦੇ ਡਰੱਗ ਇੰਸਪੈਕਟਰ ਰਵੀ ਗੁਪਤਾ ਤੇ ਮੋਗਾ-1 ਦੀ ਡਰੱਗ ਇੰਸਪੈਕਟਰ ਸੋਨੀਆ ਗੁਪਤਾ ਨੇ ਦੱਸਿਆ ਕਿ ਪਿਛਲੇ ਮਹੀਨੇ ਡਰੱਗ ਵਿਭਾਗ ਦੀ ਟੀਮ ਨੇ ਕੋਟ ਇਸੇ ਖਾਂ ’ਚ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਸੀ। ਇਸ ਦੌਰਾਨ ਪ੍ਰੇਮ ਮੈਡੀਕਲ ਏਜੰਸੀ ਤੋਂ ਪ੍ਰਤਿਬੰਧਿਤ ਦਵਾਈ ਬਿਉਪ੍ਰੇਨੋਰਫਿਨ ਬਰਾਮਦ ਹੋਈ ਸੀ। ਇਸ ਤੋਂ ਇਲਾਵਾ ਕਸਬੇ ਦੇ ਮੇਨ ਚੌਕ ਸਥਿਤ ਗੁਰੂ ਨਾਨਕ ਮੈਡੀਕਲ ਹਾਲ ਤੋਂ ਵੀ ਬਿਉਪ੍ਰੇਨੋਰਫਿਨ ਅਤੇ ਨਲੋਕਸਿਨ ਸਾਲਟ ਨਾਲ ਸਬੰਧਤ ਦਵਾਈਆਂ ਮਿਲੀਆਂ ਸਨ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਵਿਭਾਗ ਨੇ ਪੁਲਿਸ ਦੇ ਸਹਿਯੋਗ ਨਾਲ ਦੋਵੇਂ ਮੈਡੀਕਲ ਸਟੋਰ ਸੀਲ ਕਰ ਦਿੱਤੇ ਸਨ। ਨਾਲ ਹੀ, ਸਬੰਧਤ ਦਵਾਈ ਵਿਕਰੇਤਾਵਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਵਿਭਾਗ ਪੱਧਰ 'ਤੇ ਮਾਮਲੇ ਦੀ ਕਾਰਵਾਈ ਅੱਗੇ ਵਧਾਈ ਗਈ।
ਡਰੱਗ ਇੰਸਪੈਕਟਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਐਡੀਸ਼ਨਲ ਕਮਿਸ਼ਨਰ ਡਰੱਗ ਅਮਿਤ ਦੁੱਗਲ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਪ੍ਰੇਮ ਮੈਡੀਕਲ ਏਜੰਸੀ ਅਤੇ ਗੁਰੂ ਨਾਨਕ ਮੈਡੀਕਲ ਹਾਲ ਦੇ ਲਾਇਸੈਂਸ ਪੱਕੇ ਤੌਰ 'ਤੇ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਤਿਬੰਧਿਤ ਅਤੇ ਨਸ਼ੀਲੇ ਪਦਾਰਥਾਂ ਵਜੋਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ 'ਤੇ ਰੋਕ ਲਾਉਣ ਲਈ ਵਿਭਾਗ ਵੱਲੋਂ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਰਵੀ ਗੁਪਤਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਸਮੇਤ ਡਰੱਗ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਨਸ਼ੇ ਵਜੋਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਵੇਚਣ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਕੋਈ ਵੀ ਵਿਅਕਤੀ ਨਸ਼ੇ ਵਜੋਂ ਵਰਤੀ ਜਾਣ ਵਾਲੀ ਦਵਾਈ ਵੇਚਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇੰਨਾ ਹੀ ਨਹੀਂ, ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਗਿਆ ਹੈ ਕਿ ਜੇਕਰ ਕੋਈ ਦਵਾਈ ਵਿਕਰੇਤਾ ਚੋਰੀ-ਛਿਪੇ ਨਸ਼ੇ ਵਜੋਂ ਵਰਤੀ ਜਾਣ ਵਾਲੀ ਦਵਾਈ ਵੇਚਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਡਰੱਗ ਵਿਭਾਗ ਨੂੰ ਦਿੱਤੀ ਜਾਵੇ, ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ।