- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਘਾਪੁਰਾਣਾ ਸ਼ਹਿਰ ਦੀ ਮੁੱਦਕੀ ਰੋਡ ’ਤੇ

ਪਵਨ ਗਰਗ, ਪੰਜਾਬੀ ਜਾਗਰਣ ਬਾਘਾਪੁਰਾਣਾ: ਬਾਘਾਪੁਰਾਣਾ ਸ਼ਹਿਰ ਦੀ ਮੁੱਦਕੀ ਰੋਡ ’ਤੇ ਪਿਛਲੇ ਤਕਰੀਬਨ ਇਕ ਮਹੀਨੇ ਤੋਂ ਮੁੱਖ ਸਟਰੀਟ ਲਾਈਟਾਂ ਬੰਦ ਪਈਆਂ ਹਨ, ਜਿਸ ਕਾਰਨ ਰਾਤ ਸਮੇਂ ਰਾਹਗੀਰਾਂ ਅਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦੀਵਾਲੀ ਵਰਗੇ ਰੌਸ਼ਨੀਆਂ ਦੇ ਤਿਉਹਾਰ ਮੌਕੇ ਵੀ ਇਸ ਸੜਕ ’ਤੇ ਹਨੇਰਾ ਛਾਇਆ ਰਿਹਾ ਪਰੰਤੂ ਇਸ ਦੇ ਬਾਵਜੂਦ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੀ ਨੀਂਦ ਨਹੀਂ ਖੁੱਲ੍ਹੀ। ਇਹ ਕੋਈ ਆਮ ਜਾਂ ਸੁੰਨਸਾਨ ਸੜਕ ਨਹੀਂ, ਸਗੋਂ ਸ਼ਹਿਰ ਦੀ ਇਕ ਮਹੱਤਵਪੂਰਨ ਸੜਕ ਹੈ, ਜਿਸ ’ਤੇ ਐੱਸਡੀਐੱਮ ਦਫ਼ਤਰ, ਤਹਿਸੀਲ ਦਫ਼ਤਰ, ਕਚਹਿਰੀਆਂ, ਲੜਕੀਆਂ ਦਾ ਸਰਕਾਰੀ ਸਕੂਲ, ਸਰਕਾਰੀ ਸਕੂਲ, ਸ਼ਨੀ ਮੰਦਰ ਅਤੇ ਕਈ ਬੈਂਕ ਸਥਿਤ ਹਨ। ਹਰ ਰੋਜ਼ ਵੱਡੀ ਗਿਣਤੀ ਵਿਚ ਲੋਕ ਇਸ ਸੜਕ ਤੋਂ ਲੰਘਦੇ ਹਨ। ਅਜਿਹੇ ਵਿਚ ਰਾਤ ਸਮੇਂ ਸਟਰੀਟ ਲਾਈਟਾਂ ਬੰਦ ਰਹਿਣਾ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇਣ ਤੋਂ ਘੱਟ ਨਹੀਂ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਸਮੱਸਿਆ ਸਬੰਧੀ ਕਈ ਵਾਰ ਨਗਰ ਕੌਂਸਲ ਦਫ਼ਤਰ ਵਿਖੇ ਸ਼ਿਕਾਇਤਾਂ ਦਰਜ ਕਰਵਾ ਚੁੱਕੇ ਹਨ ਪਰ ਹਰ ਵਾਰ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ ਹੈ। ਲੋਕਾਂ ਦਾ ਸਵਾਲ ਹੈ ਕਿ ਜਦੋਂ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਤਾਂ ਆਖ਼ਰ ਨਗਰ ਕੌਂਸਲ ਕਿਸ ਗੱਲ ਦੀ ਉਡੀਕ ਕਰ ਰਹੀ ਹੈ? ਇਲਾਕਾ ਵਾਸੀਆਂ ਨੇ ਸਵਾਲ ਉਠਾਇਆ ਕਿ ਜਦੋਂ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਲੱਗੀਆਂ ਸਟਰੀਟ ਲਾਈਟਾਂ ਹੀ ਨਹੀਂ ਜਗਾਈਆਂ ਜਾ ਰਹੀਆਂ ਤਾਂ ਆਮ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਨਿਭਾਏਗਾ? ਕੀ ਨਗਰ ਕੌਂਸਲ ਅਤੇ ਸਬੰਧਤ ਅਧਿਕਾਰੀਆਂ ਨੂੰ ਇਹ ਹਨ੍ਹੇਰਾ ਦਿਖਾਈ ਨਹੀਂ ਦੇ ਰਿਹਾ ਜਾਂ ਫ਼ਿਰ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਜਾਣਬੁੱਝ ਕੇ ਅਣਗੌਲਿਆਂ ਕੀਤਾ ਜਾ ਰਿਹਾ ਹੈ? ਇਸੇ ਇਲਾਕੇ ਦੇ ਸਮਾਜ ਸੇਵੀ ਸੰਜੀਵ ਕੁਮਾਰ ਮਿੰਟੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੜਕ ਦਾ ਨਿਰਮਾਣ ਕਰਵਾ ਦਿੱਤਾ ਗਿਆ ਹੈ ਅਤੇ ਸੜਕ ’ਤੇ ਲਾਈਟਾਂ ਵੀ ਲਗਾਈਆਂ ਗਈਆਂ ਹਨ ਪਰ ਇਨ੍ਹਾਂ ਲਾਈਟਾਂ ਨੂੰ ਚਾਲੂ ਰੱਖਣਾ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਲਾਈਟਾਂ ਲੱਗੀਆਂ ਹੋਣ ਦੇ ਬਾਵਜੂਦ ਲੋਕਾਂ ਨੂੰ ਹਨ੍ਹੇਰੇ ’ਚੋਂ ਲੰਘਣਾ ਪੈ ਰਿਹਾ ਹੈ ਤਾਂ ਇੰਨ੍ਹਾਂ ਲਾਈਟਾਂ ਦਾ ਫਾਇਦਾ ਕੀ ਹੈ?। ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਕੌਂਸਲ ਅਤੇ ਸਬੰਧਤ ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਦੀ ਇਸ ਗੰਭੀਰ ਸਮੱਸਿਆ ਵੱਲ ਕਦੋਂ ਧਿਆਨ ਦਿੰਦੇ ਹਨ ਅਤੇ ਮੁੱਦਕੀ ਰੋਡ ਦੀਆਂ ਸਟਰੀਟ ਲਾਈਟਾਂ ਕਦੋਂ ਮੁੜ ਜਗਦੀਆਂ ਹਨ। ਫ਼ਿਲਹਾਲ ਲੋਕਾਂ ਦੀ ਇਕੋ ਮੰਗ ਹੈ ਕਿ ਕਿਸੇ ਅਣਸੁਖਾਵੀਂ ਘਟਨਾ ਦੀ ਉਡੀਕ ਕਰਨ ਦੀ ਬਜਾਏ ਤੁਰੰਤ ਲਾਈਟਾਂ ਚਾਲੂ ਕਰਵਾਈਆਂ ਜਾਣ।