- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਗੁਰੂ ਨਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤਖ਼ਤੂਪੁਰਾ ਦੇ ਸਟਾਫ ਦੀ ਅਹਿਮ ਇਕੱਤਰਤਾ ਪ੍ਰਿੰਸੀਪਲ ਸੰਦੀਪ ਸਿੰਘ ਵੋਹਰਾ ਦੀ ਪ੍ਰਧਾਨਗੀ ਹੇਠ ਸਕੂਲ ਦਫ਼ਤਰ ਵਿਚ ਹੋਈ। ਇਸ ਦੌਰਾਨ ਸਕੂਲ ਦੇ ਵਿਕਾਸ ਅਤੇ ਵਿਦਿਆਰਥੀਆਂ ਦੀ ਮਿਆਰੀ ਸਿੱਖ਼ਿਆ ਲਈ ਸੰਜ਼ੀਦਾ ਵਿਚਾਰਾਂ ਹੋਈਆਂ।ਸਮੁੱਚੇ ਸਟਾਫ਼ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਸਿੱਖਿਆ ਸੁਖਮਿੰਦਰ ਸਿੰਘ ਦਾ ਉਚੇਚਾ ਧੰਨਵਾਦ ਕੀਤਾ, ਜਿੰਨ੍ਹਾਂ ਦੀ ਬਦੌਲਤ ਸਕੂਲ ਵਿਚ ਟੀਐੱਲਐੱਮ ਲੈਬ, ਸਮਾਰਟ ਕਲਾਸ ਰੂਮ ਅਤੇ ਇਨਡੋਰ ਜਿੰਮ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕੀਆਂ ਹਨ। ਪ੍ਰਿੰਸੀਪਲ ਅਤੇ ਸਟਾਫ ਨੇ ਸਰਵਸੰਮਤੀ ਨਾਲ ਮਤਾ ਪਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਉੱਚੀ ਸੁੱਚੀ ਸਖਸ਼ੀਅਤ, ਸੁਹਿਰਦਤਾ, ਦੂਰ ਦ੍ਰਿਸ਼ਟੀ ਅਤੇ ਦਿਆਨਤਦਾਰੀ ਦੀ ਭਰਵੀਂ ਸਰਾਹਣਾ ਕੀਤੀ ਜਿਨ੍ਹਾਂ ਦੀ ਸੂਝਬੂਝ ਸਦਕਾ ਕਮੇਟੀ ਦੀ ਦੇਖ ਰੇਖ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਅਤੇ ਹੋਰ ਸੰਸਥਾਵਾਂ ਵਧੀਆ ਕੰਮ ਕਰ ਰਹੀਆਂ ਹਨ। ਪ੍ਰਿੰਸੀਪਲ ਸੰਦੀਪ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੁਝ ਲੋਕ ਸੌੜੇ ਹਿੱਤਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਬਾਰੇ ਬਾਵਜਾ ਕਿੰਤੂ ਪ੍ਰੰਤੂ ਕਰ ਰਹੇ ਹਨ ਅਤੇ ਸਤਿਕਾਰਯੋਗ ਪ੍ਰਧਾਨ ਜੀ ਦੀ ਕਿਰਦਾਰਕੁਸ਼ੀ ਕਰਨ ਲਈ ਨੀਵੇਂ ਦਰਜ਼ੇ ਦੇ ਹੱਥਕੰਡੇ ਵਰਤ ਰਹੇ ਹਨ। ਪਾਸ ਕੀਤੇ ਮਤੇ ਰਾਹੀਂ ਕਿਹਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਸਿੱਖ ਭਾਈਚਾਰੇ ਦੀ ਸਤਿਕਾਰਤ ਅਤੇ ਸਰਵਉੱਚ ਸੰਸਥਾ ਹੈ ਜਿਸ ਦੀ ਸਥਾਪਨਾ ਲਈ ਸਾਡੇ ਪੂਰਵਜਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਇਸ ਲਈ ਪੰਥਕ ਸੰਸਥਾਵਾਂ ਅਤੇ ਸਖਸ਼ੀਅਤਾਂ ਦੀ ਮਾਣ ਮਰਿਆਦਾ ਦਾ ਖਿਆਲ ਰੱਖਣਾ ਸਾਡਾ ਸਭ ਦਾ ਇਖ਼ਲਾਕੀ ਫ਼ਰਜ਼ ਬਣਦਾ ਹੈ। ਅਖ਼ੀਰ ਵਿਚ ਫੇਰ ਸਮੁੱਚੇ ਸਟਾਫ ਨੇ ਪ੍ਰਧਾਨ ਧਾਮੀ ਦੀਆਂ ਸ਼ਾਨਦਾਰ ਸੇਵਾਵਾਂ ਦੀ ਭਰਵੀਂ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਜਾਂ ਪ੍ਰਧਾਨ ਜੀ ਬਾਰੇ ਗੱਲਬਾਤ ਕਰਨ ਸਮੇਂ ਸ਼ਬਦਾਂ ਦੀ ਮਰਿਆਦਾ ਦਾ ਖਿਆਲ ਰੱਖਣ ਬੇਹੱਦ ਜ਼ਰੂਰੀ ਹੈ।