ਅਕਾਲੀ ਤੇ ਭਾਜਪਾ ਦੇ ਗਠਜੋੜ ਨਾਲ ਪੰਜਾਬ ਵਾਸੀਆਂ ’ਚ ਖੁਸ਼ੀ ਦੀ ਲਹਿਰ: ਗਿੱਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
Publish Date: Tue, 24 Nov 2026 06:07 PM (IST)
Updated Date: Tue, 24 Nov 2026 06:10 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਸ੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਬਾਦਲ ਅਤੇ ਹੋਰ ਸੀਨੀਅਰ ਆਗੂਆਂ ਦੀ ਹਾਜ਼ਰੀ ਵਿਚ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਤੇ ਪੱਕੀ ਮੋਹਰ ਲਗਾ ਦਿੱਤੀ ਹੈ ਅਤੇ ਇਸ ਛੋਟੇ ਤੇ ਵੱਡੇ ਭਰਾ ਦੇ ਰਿਸ਼ਤੇ ਦੀ ਅਪਣੱਤ ਵਿਚ ਹੋਏ ਗੱਠਜੋੜ ਨਾਲ ਸਮੁੱਚੇ ਪੰਜਾਬ ਵਾਸੀਆਂ ਵਿਚ ਵੱਡੀ ਖੁਸ਼ੀ ਦੀ ਲਹਿਰ ਹੈ ਅਤੇ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਪੰਜਾਬ ਦੇ ਲੋਕਾਂ ਦੀ ਵੱਡੀ ਮੰਗ ਸੀ ਕਿ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਹੋਵੇ ਤਾਂ ਕਿ ਆਪ ਸਰਕਾਰ ਵਾਲਿਆਂ ਤੋਂ ਖਹਿੜ੍ਹਾ ਛੁਡਾਕੇ ਸੂਬੇ ਵਿੱਚ ਅਕਾਲੀ ਭਾਜਪਾ ਸਰਕਾਰ ਆਵੇ ਤਾਂ ਕਿ ਪੰਜਾਬ ਵਿੱਚ ਡਬਲ ਇੰਜਣ ਵਿਕਾਸ ਹੋ ਸਕੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਭਾਜਪਾ ਪੰਜਾਬ ਦੀਆਂ 117 ਸੀਟਾਂ ਤੇ ਚੋਣ ਲੜੇਗੀ ਤੇ ਇਕ ਰਿਕਾਰਡ ਤੋੜ ਬਹੁਮਤ ਨਾਲ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਸਾਲ 1996 ਵਿਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਸਮੇਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਇਸ ਗੱਠਜੋੜ ਦੀ ਜੋ ਸਾਂਝ ਪਈ ਸੀ ਅੱਜ ਫਿਰ ਉਨ੍ਹਾਂ ਦੋ ਮਹਾਨ ਆਗੂਆਂ ਦੀ ਸੋਚ ਤੇ ਪਹਿਰਾ ਦਿੰਦਿਆਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇਸ ਗੱਠਜੋੜ ਨੂੰ ਪੂਰਾ ਕਰਕੇ ਉਕਤ ਮਰਹੂਮ ਆਗੂਆਂ ਨੂੰ ਇੱਕ ਸੱਚੀ ਸ਼ਰਧਾਂਜਲੀ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਸਪੱਸ਼ਟ ਕੀਤਾ ਹੈ ਕਿ ਭਾਜਪਾ ਅਕਾਲੀ ਦਲ ਨਾਲ ਛੋਟੇ ਭਾਈ ਵਾਲਾ ਰਿਸ਼ਤਾ ਨਿਭਾਏਗੀ ਅਤੇ ਸ਼੍ਰੋਮਣੀ ਅਕਾਲੀ ਦਲ ਇਕ ਵੱਡੇ ਭਰਾ ਦੀ ਭੂਮਿਕਾ ਅਦਾ ਕਰੇਗਾ। ਉਨ੍ਹਾਂ ਕਿਹਾ ਕਿ ਹੁਣ ਕੰਧ ਤੇ ਲਿਖਿਆ ਨਾਹਰਾ ਹੈ ਕਿ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੀ ਸਰਕਾਰ ਬਣਨ ਤੋਂ ਕੋਈ ਵੀ ਰੋਕ ਨਹੀਂ ਸਕੇਗਾ ਕਿਉਂਕਿ ਸੂਬੇ ਨੂੰ ਪਹਿਲਾਂ ਕਾਂਗਰਸ ਨੇ ਲੁੱਟਿਆ ਤੇ ਉਸ ਤੋਂ ਬਾਅਦ ਝਾੜੂ ਵਾਲਿਆਂ ਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਅਤੇ ਅੱਜ ਪੰਜਾਬ ਦੇ ਹਾਲਾਤ ਐਨੇ ਕੁ ਤਰਸਯੋਗ ਹੋਏ ਪਏ ਹਨ ਸੂਬੇ ਨੂੰ ਕਰਜਾਈ ਕਰਕੇ ਰੱਖ ਦਿੱਤਾ ਹੈ, ਸੂਬੇ ਵਿੱਚ ਡਰੱਗ ਮਾਫੀਆ ਅਤੇ ਗੈਂਗਸਟਰਵਾਦ ਰਾਜ ਕਰ ਰਿਹਾ ਹੈ, ਸੂਬੇ ਦੀ ਜਵਾਨੀ ਨਸ਼ੇ ਦੀ ਭੇਟ ਚੜ੍ਹ ਮੌਤ ਦੇ ਮੂੰਹ ਵਿੱਚ ਜਾ ਰਹੀ ਹੈ, ਆਏ ਦਿਨ ਲੁੱਟਾਂ ਖੋਹਾਂ ਅਤੇ ਗੋਲੀਆਂ ਨਾਲ ਲੋਕ ਭੁੰਨੇ ਜਾ ਰਹੇ ਹਨ ਅਤੇ ਸੂਬੇ ਦਾ ਕੋਈ ਵਾਲੀ ਵਾਰਸ ਨਹੀਂ ਅਤੇ ਲੋਕਾਂ ਨੂੰ ਉਨ੍ਹਾਂ ਦੇ ਹਾਲ ਤੇ ਛੱਡ ਦਿੱਤਾ ਗਿਆ ਹੈ। ਸੰਨੀ ਗਿੱਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਸਭ ਤੋਂ ਪਹਿਲਾਂ ਗੈਂਗਸਟਰਵਾਦ ਅਤੇ ਡਰੱਗ ਮਾਫੀਏ ਨਾਲ ਨਜਿੱਠਕੇ ਸਭ ਤੋਂ ਪਹਿਲਾਂ ਭਾਈਚਾਰਕ ਸਾਂਝ ਬਣਾਕੇ ਹਿੰਦੂ ਸਿੱਖ ਏਕਤਾ ਮਜ਼ਬੂਤ ਕੀਤੀ ਜਾਵੇਗੀ ਅਤੇ ਕੇਂਦਰ ਸਰਕਾਰ ਦੀ ਮੱਦਦ ਨਾਲ ਵੱਡੇ ਪ੍ਰੋਜੈਕਟ ਲਿਆਕੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਸੰਨੀ ਗਿੱਲ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਤੇ ਪੰਜਾਬ ਵਾਸੀਆਂ ਲਈ ਹੋਰ ਵੀ ਖੁਸੀ ਦੀ ਗੱਲ ਹੈ ਕਿ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਬੜੇ ਹੀ ਅਹਿਮ ਦਿਨ ਕਲਯੁਗ ਦੇ ਤਾਰਨਹਾਰੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਉਤਸਵ ਵਾਲੇ ਦਿਨ ਹੋਇਆ ਹੈ ਅਤੇ ਝਾੜੂ ਦੀ ਸਰਕਾਰ ਨੇ ਜੋ ਪੰਜਾਬ ਵਿਚ ਕਲਯੁਗ ਲੈਕੇ ਆਂਦਾ ਉਸ ਤੋਂ ਪੰਜਾਬ ਨੂੰ ਮੁਕਤੀ ਮਿਲੇਗੀ ਤੇ ਪੰਜਾਬ ਹਨੇਰੇ ਤੋਂ ਚਾਨਣ ਵੱਲ ਜਾਏਗਾ।