- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਲੋਹਾਰਾ ਵਿਖੇ ਲੋਕਾਂ ਨੂੰ

ਲੋਕਾਂ ਨੂੰ ਮਿਲਣਗੀਆਂ 75 ਫ਼ੀਸਦੀ ਛੋਟ ’ਤੇ ਬਲੱਡ ਟੈਸਟਾਂ ਦੀਆਂ ਸਹੂਲਤਾਂ
ਗੁਰਦੇਵ ਮਨੇਸ, ਪੰਜਾਬੀ ਜਾਗਰਣ ਕੋਟ ਈਸੇ ਖਾਂ : ਪਿੰਡ ਲੋਹਾਰਾ ਵਿਖੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਬਿਮਾਰੀਆਂ ਦੀ ਜਾਂਚ ਵਿਚ ਰਾਹਤ ਦੇਣ ਦੇ ਉਦੇਸ਼ ਨਾਲ ਨਵੇਂ ਬਣੇ ਪੰਚਾਇਤ ਘਰ ਵਿਚ ਲਾਈਫ਼ ਕੇਅਰ ਫਾਊਂਡੇਸ਼ਨ ਨਾਨ-ਪ੍ਰੋਫਿਟ ਆਰਗੇਨਾਈਜ਼ੇਸ਼ਨ ਦੀ ਚੈਰੀਟੇਬਲ ਲੈਬੋਰਟਰੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਤੀਸ਼ ਐੱਨਜੀਓ ਵੱਲੋਂ ਲੈਬੋਰਟਰੀ ਦੀਆਂ ਸੇਵਾਵਾਂ ਸ਼ੁਰੂ ਕਰਵਾਈਆਂ ਗਈਆਂ, ਜਿਸ ਨਾਲ ਪਿੰਡ ਅਤੇ ਆਸ ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਘੱਟ ਖਰਚੇ ’ਤੇ ਵੱਖ-ਵੱਖ ਤਰ੍ਹਾਂ ਦੇ ਬਲੱਡ ਟੈਸਟ ਕਰਵਾਉਣ ਦੀ ਸਹੂਲਤ ਮਿਲੇਗੀ। ਉਦਘਾਟਨ ਮੌਕੇ ਸਤੀਸ਼ ਐੱਨਜੀਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਸਮੇਂ ’ਚ ਕਈ ਲੋਕ ਸਰੀਰ ਵਿਚ ਬਿਮਾਰੀ ਦੇ ਲੱਛਣ ਹੋਣ ਦੇ ਬਾਵਜੂਦ ਮਹਿੰਗੇ ਟੈਸਟਾਂ ਕਾਰਨ ਆਪਣੀ ਜਾਂਚ ਨਹੀਂ ਕਰਵਾ ਸਕਦੇ। ਸਮੇਂ ਸਿਰ ਬਿਮਾਰੀ ਦੀ ਪਛਾਣ ਨਾ ਹੋਣ ਕਾਰਨ ਕਈ ਵਾਰ ਸਿਹਤ ਸਮੱਸਿਆਵਾਂ ਗੰਭੀਰ ਰੂਪ ਧਾਰਨ ਕਰ ਲੈਂਦੀਆਂ ਹਨ ਅਤੇ ਮਰੀਜ਼ਾਂ ਨੂੰ ਬਾਅਦ ’ਚ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ ਸੰਸਥਾ ਵੱਲੋਂ ਲੋਕਾਂ ਨੂੰ ਟੈਸਟਾਂ ਦੀਆਂ ਸਹੂਲਤਾਂ 75 ਫੀਸਦੀ ਤੱਕ ਡਿਸਕਾਊਂਟ ’ਤੇ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਹਰ ਵਰਗ ਦਾ ਵਿਅਕਤੀ ਆਪਣੀ ਸਿਹਤ ਦੀ ਜਾਂਚ ਆਸਾਨੀ ਨਾਲ ਕਰਵਾ ਸਕੇ। ਉਨ੍ਹਾਂ ਕਿਹਾ ਕਿ ਸੰਸਥਾ ਦਾ ਮੁੱਖ ਮਕਸਦ ਲੋਕਾਂ ਨੂੰ ਸਿਹਤ ਸੇਵਾਵਾਂ ਨਾਲ ਜੋੜਨਾ, ਸਮੇਂ ਸਿਰ ਬਿਮਾਰੀਆਂ ਦੀ ਜਾਂਚ ਲਈ ਉਤਸ਼ਾਹਿਤ ਕਰਨਾ ਅਤੇ ਕਿਸੇ ਵੀ ਵਿਅਕਤੀ ਨੂੰ ਆਰਥਿਕ ਤੰਗੀ ਕਾਰਨ ਇਲਾਜ ਜਾਂ ਜਾਂਚ ਤੋਂ ਵਾਂਝਾ ਨਾ ਰਹਿਣ ਦੇਣਾ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸਿਹਤ ਸਹੂਲਤਾਂ ਆਮ ਲੋਕਾਂ ਦੀ ਪਹੁੰਚ ਵਿਚ ਹੋਣੀਆਂ ਬਹੁਤ ਜ਼ਰੂਰੀ ਹਨ। ਇਸ ਮੌਕੇ ਪਿੰਡ ਦੀ ਗ੍ਰਾਂਮ ਪੰਚਾਇਤ ਅਤੇ ਫੱਕਰ ਬਾਬਾ ਦਾਮੂੰ ਸ਼ਾਹ ਪ੍ਰਬੰਧਕ ਕਮੇਟੀ ਵੱਲੋਂ ਸਤੀਸ਼ ਐੱਨਜੀਓ ਦਾ ਨਿੱਘਾ ਸਵਾਗਤ ਕੀਤਾ ਗਿਆ। ਗੱਲਬਾਤ ਦੌਰਾਨ ਸਤੀਸ਼ ਐੱਨਜੀਓ ਨੇ ਕਿਹਾ ਕਿ ਪਿੰਡ ਲੋਹਾਰਾ ਦੇ ਨੌਜਵਾਨ ਗੁਰਤੇਜ ਸਿੰਘ ਗਿੱਲ ਦੇ ਵਿਸ਼ੇਸ਼ ਉਪਰਾਲੇ ਸਦਕਾ ਅੱਜ ਪਿੰਡ ਵਿਚ ਚੈਰੀਟੇਬਲ ਲੈਬੋਰਟਰੀ ਦੀਆਂ ਸੇਵਾਵਾਂ ਸ਼ੁਰੂ ਹੋ ਸਕੀਆਂ ਹਨ, ਜਿਸ ਦਾ ਲਾਭ ਹੁਣ ਪਿੰਡ ਵਾਸੀਆਂ ਦੇ ਨਾਲ-ਨਾਲ ਆਸ-ਪਾਸ ਦੇ ਇਲਾਕਿਆਂ ਦੇ ਲੋਕ ਵੀ ਲੈ ਸਕਣਗੇ। ਉਨ੍ਹਾਂ ਇਸ ਉਪਰਾਲੇ ਲਈ ਗੁਰਤੇਜ ਸਿੰਘ ਗਿੱਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਵੱਲੋਂ ਸਮਾਜ ਸੇਵਾ ਦੇ ਖ਼ੇਤਰ ਵਿਚ ਅਜਿਹੇ ਕਦਮ ਚੁੱਕਣਾ ਸਮਾਜ ਲਈ ਪ੍ਰੇਰਨਾਦਾਇਕ ਹੈ। ਇਸ ਚੈਰੀਟੇਬਲ ਲੈਬੋਰਟਰੀ ਨੂੰ ਵਿਸ਼ੇਸ਼ ਸਹਿਯੋਗ ਗ੍ਰਾਂਮ ਪੰਚਾਇਤ ਪਿੰਡ ਲੋਹਾਰਾ ਦੇ ਸਰਪੰਚ ਜਗਜੀਵਨ ਸਿੰਘ ਗਿੱਲ ਵੱਲੋਂ ਦਿੱਤਾ ਗਿਆ, ਜਿਸ ਲਈ ਸੰਸਥਾ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪਿੰਡ ਦੇ ਪਤਵੰਤੇ, ਸਮੂਹ ਨਗਰ ਨਿਵਾਸੀ, ਗ੍ਰਾਂਮ ਪੰਚਾਇਤ ਦੇ ਮੈਂਬਰ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਰਹੀਆਂ। ਪਿੰਡ ਵਾਸੀਆਂ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਉਮੀਦ ਪ੍ਰਗਟਾਈ ਕਿ ਚੈਰੀਟੇਬਲ ਲੈਬੋਰਟਰੀ ਦੀ ਸ਼ੁਰੂਆਤ ਨਾਲ ਇਲਾਕੇ ਦੇ ਲੋਕਾਂ ਨੂੰ ਸਿਹਤ ਜਾਂਚ ਸਬੰਧੀ ਵੱਡੀ ਰਾਹਤ ਮਿਲੇਗੀ ਅਤੇ ਸਮੇਂ ਸਿਰ ਬਿਮਾਰੀਆਂ ਦੀ ਪਛਾਣ ਕਰਵਾਉਣ ਲਈ ਲੋਕ ਹੋਰ ਜਾਗਰੂਕ ਹੋਣਗੇ।