ਵਿੱਤੀ ਸਹਾਇਤਾ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਧੰਨਵਾਦ ਮੋਗਾ ਵਿਖੇ ‘ਖ਼ੁਸ਼ਹਾਲ ਪੰਜਾਬ’ ਮਹਾਂ ਰੈਲੀ ਦੌਰਾਨ
Publish Date: Sat, 28 Nov 2026 03:33 PM (IST)
Updated Date: Sat, 28 Nov 2026 03:34 PM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਮੋਗਾ ਵਿਖੇ ‘ਖ਼ੁਸ਼ਹਾਲ ਪੰਜਾਬ’ ਮਹਾਂ ਰੈਲੀ ਦੌਰਾਨ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਪ੍ਰਭਾਵ ਉਸ ਸਮੇਂ ਸਾਕਾਰ ਹੁੰਦਾ ਦਿਖਾਈ ਦਿੱਤਾ, ਜਦੋਂ ਮਹਿਲਾ ਲਾਭਪਾਤਰੀਆਂ ਨੇ ਸਟੇਜ ਤੇ ਆ ਕੇ ਦੱਸਿਆ ਕਿ ਕਿਵੇਂ ਇਸ ਮਹੀਨਾਵਾਰ ਵਿੱਤੀ ਸਹਾਇਤਾ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਲਾਭਪਾਤਰੀਆਂ ਨੇ ਘਰੇਲੂ ਲੋੜਾਂ, ਬੱਚਿਆਂ ਦੀ ਪੜ੍ਹਾਈ, ਦਵਾਈਆਂ ਅਤੇ ਹੋਰ ਜ਼ਰੂਰੀ ਖ਼ਰਚਿਆਂ ਲਈ ਇਸ ਰਾਸ਼ੀ ਦੀ ਵਰਤੋਂ ਕਰਨ ਬਾਰੇ ਗੱਲ ਕੀਤੀ ਅਤੇ ਇਸ ਯੋਜਨਾ ਨੂੰ ਸ਼ੁਰੂ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਦੀਆਂ ਗੱਲਾਂ ਤੋਂ ਪਤਾ ਲੱਗਿਆ ਕਿ ਕਿਵੇਂ ਸਿੱਧੀ ਵਿੱਤੀ ਸਹਾਇਤਾ ਔਰਤਾਂ ਨੂੰ ਵਧੇਰੇ ਆਜ਼ਾਦੀ ਅਤੇ ਸਵੈ-ਮਾਣ ਨਾਲ ਰੋਜ਼ਾਨਾ ਦੀਆਂ ਚਣੌਤੀਆਂ ਦਾ ਸਾਹਮਣਾ ਕਰਨ ਵਿਚ ਮਦਦ ਕਰ ਰਹੀ ਹੈ। ਆਪਣਾ ਤਜਰਬਾ ਸਾਂਝਾ ਕਰਦਿਆਂ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਲਾਭਪਾਤਰੀ ਪਰਮਜੀਤ ਕੌਰ ਨੇ ਕਿਹਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਦੀ ਤਹਿ ਦਿਲੋਂ ਧੰਨਵਾਦੀ ਹਾਂ। ਮੈਨੂੰ ਹਰ ਮਹੀਨੇ ਪੈਸੇ ਮਿਲਦੇ ਹਨ ਅਤੇ ਮੈਂ ਇਨ੍ਹਾਂ ਵਿਚੋਂ ਕੁੱਝ ਪੈਸੇ ਘਰੇਲੂ ਖ਼ਰਚਿਆਂ ਲਈ ਵਰਤਦੀ ਹਾਂ। ਮੇਰੀ ਇਕ ਪੋਤੀ ਹੈ, ਜਿਸ ਦੀ ਮਾਂ ਦਾ ਦੇਹਾਂਤ ਹੋ ਚੁੱਕਾ ਹੈ। ਮੇਰੇ ਪਰਿਵਾਰ ਦੇ ਹੋਰ ਮੈਂਬਰ ਵੀ ਅਕਾਲ ਚਲਾਣਾ ਕਰ ਗਏ ਹਨ। ਮੈਂ ਇਸ ਪੈਸੇ ਦੀ ਵਰਤੋਂ ਉਸ ਦੀ ਪੜ੍ਹਾਈ ਦਾ ਧਿਆਨ ਰੱਖਣ ਅਤੇ ਉਸ ਲਈ ਕੱਪੜੇ ਖ਼ਰੀਦਣ ਵਾਸਤੇ ਕਰਦੀ ਹਾਂ। ਇਹ ਯੋਜਨਾ ਬਹੁਤ ਲਾਹੇਵੰਦ ਸਾਬਤ ਹੋਈ ਹੈ। ਇਹ ਜਾਰੀ ਰਹਿਣੀ ਚਾਹੀਦੀ ਹੈ। ਅਸੀਂ ਚਾਹੁੰਦੇ ਹਾਂ ਕਿ ਇਹੀ ਸਰਕਾਰ ਵਾਰ-ਵਾਰ ਸੱਤਾ ਵਿਚ ਆਵੇ। ਵਿਦਿਆਰਥਣ ਅਤੇ ਲਾਭਪਾਤਰੀ ਨਵਜੋਤ ਕੌਰ ਨੇ ਦੱਸਿਆ ਕਿ ਕਿਵੇਂ ਇਸ ਯੋਜਨਾ ਨੇ ਉਸ ਦੇ ਪਰਿਵਾਰ ਤੇ ਵਿੱਤੀ ਦਬਾਅ ਘਟਾਇਆ ਹੈ ਅਤੇ ਉਸ ਦੀ ਪੜ੍ਹਾਈ ਜਾਰੀ ਰੱਖਣ ਵਿਚ ਮਦਦ ਕੀਤੀ ਹੈ। ਮੋਗਾ ਦੀ ਇਕ ਹੋਰ ਲਾਭਪਾਤਰੀ ਵੀਨਾ ਸ਼ਰਮਾ ਨੇ ਕਿਹਾ ਕਿ ਇਹ ਯੋਜਨਾ ਔਰਤਾਂ ਲਈ ਠੋਸ ਵਿੱਤੀ ਸਹਾਇਤਾ ਸਾਬਤ ਹੋਈ ਹੈ। ਉਨ੍ਹਾਂ ਕਿਹਾ, “ਹਰ ਕੋਈ ਜਾਣਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਵਾਂ ਅਤੇ ਧੀਆਂ ਲਈ ਇਕ ਯੋਜਨਾ ਸ਼ੁਰੂ ਕੀਤੀ ਹੈ, ਜਿਸ ਤਹਿਤ ਹਰ ਮਹੀਨੇ 1,000 ਰੁਪਏ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ ਅਤੇ ਦੋ ਮੌਕਿਆਂ ਤੇ ਸਾਡੇ ਬੈਂਕ ਖਾਤਿਆਂ ਵਿਚ ਤਿੰਨ-ਤਿੰਨ ਮਹੀਨਿਆਂ ਦੀਆਂ ਕਿਸ਼ਤਾਂ ਇਕੱਠੀਆਂ ਜਮ੍ਹਾਂ ਕਰਵਾਈਆਂ ਗਈਆਂ ਹਨ। ਪਿੰਡ ਝੰਡੇਆਣਾ ਸ਼ਰਕੀ ਦੀ ਲਾਭਪਾਤਰੀ ਤਨਵੀਰ ਕੌਰ ਜੋ ਮਹਿਲਾ ਸਤਿਕਾਰ ਸਖੀ ਵਜੋਂ ਵੀ ਕੰਮ ਕਰ ਰਹੀ ਹੈ, ਨੇ ‘ਸਖੀ’ ਪਹਿਲਕਦਮੀ ਰਾਹੀਂ ਔਰਤਾਂ ਨੂੰ ਮਿਲਣ ਵਾਲੇ ਵਾਧੂ ਮੌਕਿਆਂ ਬਾਰੇ ਗੱਲ ਕੀਤੀ। ਰੈਲੀ ਦੌਰਾਨ ਲਾਭਪਾਤਰੀਆਂ ਵੱਲੋਂ ਸਾਂਝੇ ਕੀਤੇ ਗਏ ਤਜਰਬਿਆਂ ਨੇ ਵੱਖ-ਵੱਖ ਹਾਲਾਤ ਵਿਚ ਇਸ ਯੋਜਨਾ ਦੇ ਪ੍ਰਭਾਵ ਨੂੰ ਸਾਹਮਣੇ ਲਿਆਂਦਾ, ਜਿਸ ਵਿਚ ਵਿਦਿਆਰਥਣਾਂ ਦੀ ਪੜ੍ਹਾਈ ਵਿਚ ਮਦਦ ਕਰਨ ਅਤੇ ਪਰਿਵਾਰਕ ਮੈਂਬਰਾਂ ਦੀ ਦੇਖਭਾਲ ਕਰਨ ਤੋਂ ਲੈ ਕੇ ਡਾਕਟਰੀ ਅਤੇ ਘਰੇਲੂ ਖ਼ਰਚਿਆਂ ਨੂੰ ਪੂਰਾ ਕਰਨਾ ਸ਼ਾਮਲ ਹੈ। ਉਨ੍ਹਾਂ ਦੇ ਬਿਆਨਾਂ ਨੇ ਪਿੰਡ ਪੱਧਰ ’ਤੇ ਔਰਤਾਂ ਤੱਕ ਮੌਕੇ ਪਹੁੰਚਾਉਣ ਵਿਚ ‘ਮਹਿਲਾ ਸਤਿਕਾਰ ਸਖੀ’ ਪਹਿਲਕਦਮੀ ਦੀ ਭੂਮਿਕਾ ਦੀ ਵੀ ਨਿਸ਼ਾਨਦੇਹੀ ਕੀਤੀ।