- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੰਦਰੁਸਤ ਮਨੁੱਖੀ ਜੀਵਨ ਹੀ ਉਸਾਰੂ ਸੋਚ

ਮਨਪ੍ਰੀਤ ਸਿੰਘ ਮੱਲਆਣਾ, ਪੰਜਾਬੀ ਜਾਗਰਣ ਮੋਗਾ: ਤੰਦਰੁਸਤ ਮਨੁੱਖੀ ਜੀਵਨ ਹੀ ਉਸਾਰੂ ਸੋਚ ਤੇ ਵਿਕਾਸ ਦੀ ਭਾਵਨਾ ਨਾਲ ਸਮਾਜ ਨੂੰ ਚੰਗੀ ਸੇਧ ਦੇ ਸਕਦਾ ਹੈ ਅਤੇ ਤੰਦਰੁਸਤੀ ਹਸਪਤਾਲਾਂ ਜਾਂ ਮਹਿੰਗੀਆਂ ਦਵਾਈਆਂ ਖਾਣ ਨਾਲ ਨਹੀ ਮਿਲਦੀ ਸਗੋਂ ਆਪਣੇ ਘਰ ਦੀ ਰਸੋਈ, ਕਿਆਰੀ ਤੇ ਖੇਤਾਂ ਤੋ ਪ੍ਰਾਪਤ ਹੋਵੇਗੀ। ਭੋਜਨ ਅਤੇ ਵਾਤਾਵਰਣ ਦੀ ਸੁਰੱਖਿਆ ਬਾਰੇ ਚਿੰਤਾ ਬਿਲਕੁਲ ਵਾਜਬ ਹੈ ਕਿਉਂਕਿ ਖਾਧ ਪਦਾਰਥਾਂ ਵਿਚ ਕੀਟਨਾਸ਼ਕਾਂ ਦੇ ਅੰਸ਼ ਸਾਨੂੰ ਜ਼ਹਿਰਾਂ ਰਹਿਤ ਸਬਜ਼ੀਆਂ ਤੇ ਭੋਜਨ ਦੇ ਸੰਦਰਭ ਵਿਚ ਸਾਵਧਾਨ ਰਹਿਣ ਲਈ ਪ੍ਰੇਰਿਤ ਕਰਦੇ ਹਨ। ਇਹ ਵਿਚਾਰ ਡਾ. ਜਸਵਿੰਦਰ ਸਿੰਘ ਬਰਾੜ, ਸਟੇਟ ਅਵਾਰਡੀ ਨੇ ਮੋਗਾ ਵਿਖੇ ਸਬਜ਼ੀਆਂ ਤੇ ਖੁਰਾਕ ਦੀ ਗੁਣਵੱਤਾ ਬਾਰੇ ਜਾਗਰੂਕਤਾ ਫੈਲਾਉਣ ਦੀ ਵਿੱਢੀ ਵਿਆਪਕ ਮੁਹਿੰਮ ਦੌਰਾਨ ਲੋਕਾਂ ਨਾਲ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਤੰਦਰੁਸਤੀ ਹਸਪਤਾਲਾਂ ਤੋਂ ਨਹੀਂ, ਸਗੋਂ ਸੁਰੱਖਿਅਤ ਖ਼ੁਰਾਕ ਲਈ ਅਮਲੀ ਸ਼ੁਰੂਆਤ ਘਰ ਦੀ ਕਿਆਰੀ ਅਤੇ ਆਪਣੇ ਖੇਤ ਤੋਂ ਕਰਨੀ ਪਵੇਗੀ। ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਫਸਲਾਂ ਜਾਂ ਸਬਜ਼ੀਆਂ ਵਿਚ ਜ਼ਿਆਦਾ ਮਾਤਰਾ ਵਿਚ ਯੂਰੀਆ ਖਾਦ ਪਾਵਾਂਗੇ ਤਾਂ ਫਸਲ ਉੱਪਰ ਬਿਮਾਰੀਆਂ ਤੇ ਕੀੜੇ ਮਕੌੜਿਆਂ ਦਾ ਵਧੇਰੇ ਹਮਲਾ ਹੋਵੇਗਾ ਤਾਂ ਫਿਰ ਕੀਟਨਾਸ਼ਕਾਂ ਦੀ ਵੀ ਵਧੇਰੇ ਵਰਤੋਂ ਹੋਵੇਗੀ । ਜਿਸ ਨਾਲ ਸਾਡੇ ਭੋਜਨ ਵਿਚ ਜ਼ਹਿਰੀਲੇ ਪਦਾਰਥਾਂ ਦੇ ਅੰਸ਼ ਪਾਏ ਜਾਣੇ ਸੁਭਾਵਿਕ ਹੈ ਜੋ ਸਾਡੀ ਸਿਹਤ ਅਤੇ ਵਾਤਾਵਰਣ ਪ੍ਰਤੀ ਮਾੜਾ ਪ੍ਰਭਾਵ ਪਾਉਂਦੇ ਰਹਿਣਗੇ। ਆਓ, ਆਪਣੇ ਘਰਾਂ ਅਤੇ ਖੇਤਾਂ ਵਿੱਚ ਜ਼ਹਿਰਾਂ ਮੁਕਤ ਸਬਜ਼ੀਆਂ, ਦਾਲਾਂ, ਦੁੱਧ ਤੇ ਅਨਾਜ ਪੈਦਾ ਕਰਨ ਲਈ ਸਾਂਝਾ ਹੰਭਲਾ ਮਾਰੀਏ। ਸਾਦਾ ਜੀਵਨ ਸਾਦੇ ਭੋਜ, ਨਾ ਕੋਈ ਚਿੰਤਾ ਨਾ ਕੋਈ ਰੋਗ ਲਾ ਜੀਵਨ ਜਿਊਣਾ ਹੀ ਅਸਲ ਤੰਦਰੁਸਤ ਸਮਾਜ ਦਾ ਸਰੋਤ ਹੈ। ਤੰਦਰੁਸਤ ਪੰਜਾਬ ਪ੍ਰਤੀ ਸਾਡੀ ਚਿੰਤਾ, ਸਹੀ ਜਾਣਕਾਰੀ ਅਤੇ ਜ਼ਿੰਮੇਵਾਰ ਅਮਲ ਹੀ ਅਗਲੀ ਪੀੜ੍ਹੀ ਲਈ ਸੁਰੱਖਿਆ ਬਣਾ ਸਕਦੀ ਹੈ। ਇਸ ਮੌਕੇ ਬਲਰਾਜ ਸਿੰਘ ਖ਼ਾਲਸਾ ਤੇ ਗਿਆਨੀ ਬਲਵਿੰਦਰ ਸਿੰਘ ਨੇ ਕਿਹਾ ਇਹ ਲੋਕ ਜਾਗਰੂਕਤਾ ਮੁਹਿੰਮ ਜਿੱਥੇ ਕਿਸਾਨ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦੀ ਹੈ, ਉੱਥੇ ਆਪਣੀ ਗੁਣਵੱਤਾ ਵਾਲੀ ਫਸਲ ਦਾ ਖੁਦ ਮੰਡੀਕਰਨ ਕਰਨ ਤੇ ਖਪਤਕਾਰਾਂ ਤੱਕ ਵਾਜਬ ਭਾਅ ਤੇ ਪ੍ਰਦਾਨ ਕਰਨ ਦਾ ਵੀ ਸੰਕੇਤ ਦਿੰਦੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਡਾ ਬਰਾੜ ਦੇ ਇਹ ਉਪਰਾਲੇ ਕਿਸਾਨਾਂ ਨੂੰ ਵੀ ਆਪਣੇ ਖੇਤੀ ਉਤਪਾਦਾਂ ਦਾ ਖੁਦ ਮੰਡੀਕਰਨ ਕਰਨ ਵੱਲੋਂ ਉਤਸ਼ਾਹਿਤ ਕਰਨਗੇ।