ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸ਼ੋਭਾ ਯਾਤਰਾ ਸਜਾਈ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ
Publish Date: Fri, 23 Oct 2026 04:23 PM (IST)
Updated Date: Fri, 23 Oct 2026 04:24 PM (IST)
ਕੁਲਵਿੰਦਰ ਸਿੰਘ ਸਹੋਤਾ, ਪੰਜਾਬੀ ਜਾਗਰਣ ਮੋਗਾ: ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਮੋਗਾ ਵਿਧਾਨ ਸਭਾ ਹਲਕਾ ਦੇ ਉਮੀਦਵਾਰ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਨਜ਼ਰਬੰਦ ਬਠਿੰਡਾ ਜੇਲ੍ਹ ਦੀ ਟੀਮ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਟੀਮ ਦੇ ਮੈਂਬਰਾਂ ਨੇ ਸ਼ੋਭਾ ਯਾਤਰਾ ’ਚ ਸ਼ਾਮਲ ਸੰਗਤਾਂ ਨੂੰ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਤਰਨਦੀਪ ਸਿੰਘ ਨੇ ਕਿਹਾ ਕਿ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਨੇ ਰਾਮਾਇਣ ਵਰਗੇ ਮਹਾਨ ਗ੍ਰੰਥ ਦੀ ਰਚਨਾ ਕਰਕੇ ਸਮੁੱਚੀ ਦੁਨੀਆ ਨੂੰ ਸੱਚਾਈ, ਗਿਆਨ, ਧਰਮ ਅਤੇ ਮਨੁੱਖਤਾ ਦਾ ਰਾਹ ਦਿਖਾਇਆ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਲਈ ਪ੍ਰੇਰਨਾ ਸਰੋਤ ਹਨ ਅਤੇ ਸਾਨੂੰ ਸੱਚਾਈ ਤੇ ਨੇਕੀ ਦੇ ਰਾਹ ਤੇ ਚੱਲਣ ਦਾ ਸੰਦੇਸ਼ ਦਿੰਦੀਆਂ ਹਨ।ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਮਹਾਰਿਸ਼ੀ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਦੀ ਲੋੜ ਹੈ। ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਦਿਵਾਉਣ, ਸਮਾਜ ਵਿਚ ਬਰਾਬਰਤਾ ਲਿਆਉਣ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਕ ਸਿਹਤਮੰਦ ਅਤੇ ਮਜ਼ਬੂਤ ਸਮਾਜ ਦੀ ਸਿਰਜਣਾ ਤਾਂ ਹੀ ਸੰਭਵ ਹੈ, ਜਦੋਂ ਹਰ ਵਿਅਕਤੀ ਨੂੰ ਬਰਾਬਰ ਸਤਿਕਾਰ ਅਤੇ ਅੱਗੇ ਵਧਣ ਦੇ ਮੌਕੇ ਮਿਲਣ।ਤਰਨਦੀਪ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਅਜਿਹੇ ਸਮਾਜ ਦੀ ਸਿਰਜਣਾ ਲਈ ਯਤਨ ਕਰਨੇ ਚਾਹੀਦੇ ਹਨ, ਜਿੱਥੇ ਕਿਸੇ ਵੀ ਮਨੁੱਖ ਨਾਲ ਜਾਤ-ਪਾਤ ਦੇ ਆਧਾਰ ਤੇ ਵਿਤਕਰਾ ਨਾ ਹੋਵੇ ਅਤੇ ਹਰ ਵਿਅਕਤੀ ਨੂੰ ਮਾਣ-ਸਤਿਕਾਰ ਮਿਲੇ। ਉਨ੍ਹਾਂ ਨੇ ਸੰਗਤਾਂ ਨੂੰ ਮਹਾਰਿਸ਼ੀ ਵਾਲਮੀਕਿ ਜੀ ਦੇ ਜੀਵਨ ਅਤੇ ਵਿਚਾਰਾਂ ਤੋਂ ਸਿੱਖਿਆ ਲੈ ਕੇ ਸਮਾਜ ’ਚ ਪਿਆਰ, ਸਦਭਾਵਨਾ ਅਤੇ ਏਕਤਾ ਦਾ ਸੁਨੇਹਾ ਫੈਲਾਉਣ ਦੀ ਅਪੀਲ ਕੀਤੀ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਭਰਾ ਜਗਜਿੰਦਰ ਸਿੰਘ ਬੁੱਕਣ ਵਾਲਾ, ਦਵਿੰਦਰ ਸਿੰਘ ਰਣੀਆ, ਬਲਜੀਤ ਸਿੰਘ ਜੱਸ ਮੰਗੇਵਾਲਾ, ਬਲਵੀਰ ਸਿੰਘ ਅਤੇ ਦਰਸ਼ਨ ਸਿੰਘ ਤੋਂ ਇਲਾਵਾ ਵਾਲਮੀਕਿ ਸਭਾ ਦੇ ਚੇਅਰਮੈਨ ਰਘੁਬੀਰ ਅਨਾਰੀਆ, ਪ੍ਰਧਾਨ ਅਰੁਣ ਬੋਹਤਾ, ਸਕੱਤਰ ਰਾਜ ਕੁਮਾਰ ਗੋਲੂ, ਖ਼ਜ਼ਾਨਚੀ ਅਰਜੁਨ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।