- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਨਮੋਲ ਵੈੱਲਫੇਅਰ ਕਲੱਬ ਵੱਲੋਂ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਅਨਮੋਲ ਵੈੱਲਫੇਅਰ ਕਲੱਬ ਵੱਲੋਂ ਪੁਰਾਣੀ ਦਾਣਾ ਮੰਡੀ ਮੋਗਾ ਵਿਖੇ ਨਵਰਾਤਰਿਆਂ ਦੇ ਸਬੰਧ ਵਿਚ ਕਰਵਾਏ ਜਾ ਰਹੇ ਧਾਰਮਿਕ ਸਮਾਗਮ ‘ਮੇਲੇ ਮਈਆ ਦੇ’ ਦੇ ਦਸਵੇਂ ਦਿਨ ਮਾਂ ਭਗਵਤੀ ਦੇ ਜਾਗਰਣ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂਆਂ ਨੇ ਕਤਾਰਾਂ ਵਿਚ ਲੱਗ ਕੇ 26 ਸ਼ਕਤੀਪੀਠਾਂ ਅਤੇ ਪ੍ਰਸਿੱਧ ਧਾਰਮਿਕ ਧਾਮਾਂ ਤੋਂ ਲਿਆਂਦੀਆਂ ਪਾਵਨ ਜੋਤਾਂ ਦੇ ਦਰਸ਼ਨ ਕੀਤੇ ਅਤੇ ਮਾਂ ਭਗਵਤੀ ਦੇ ਚਰਨਾਂ ਵਿਚ ਸੀਸ ਨਿਵਾ ਕੇ ਪਰਿਵਾਰ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਸਮਾਗਮ ਦੀ ਸ਼ੁਰੂਆਤ ਪੁਜਾਰੀ ਰਾਹੁਲ ਗੌੜ ਅਤੇ ਪੰਡਤ ਸਤਿਆਵਾਨ ਸ਼ਰਮਾ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਬੀਬੀਐੱਸ ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਕਮਲ ਸੈਣੀ ਨੇ ਨਵਗ੍ਰਹਿ ਪੂਜਨ ਕਰਨ ਉਪਰੰਤ ਪਾਵਨ ਜੋਤਾਂ ਦੇ ਸਾਹਮਣੇ ਆਰਤੀ ਕੀਤੀ। ਇਸ ਤੋਂ ਬਾਅਦ ਜਲੰਧਰ ਤੋਂ ਪਹੁੰਚੇ ਗਾਇਕ ਅਸ਼ਵਨੀ ਸ਼ਰਮਾ ਨੇ ਗਣਪਤੀ ਵੰਦਨਾ, ਮੰਗਲਾਚਰਨ ਅਤੇ ਭੇਟਾਂ ਦਾ ਗਾਇਨ ਕਰਦਿਆਂ ਚੌਂਕੀ ਦੀ ਸ਼ੁਰੂਆਤ ਕੀਤੀ। ਲੁਧਿਆਣਾ ਤੋਂ ਪਹੁੰਚੇ ਪ੍ਰਸਿੱਧ ਭਜਨ ਗਾਇਕ ਕੁਮਾਰ ਸੰਜੀਵ ਨੇ ‘ਚਲੋ ਬੁਲਾਵਾ ਆਇਆ ਹੈ, ਮਾਤਾ ਨੇ ਬੁਲਾਇਆ ਹੈ’ ਭੇਟ ਨਾਲ ਮਾਂ ਭਗਵਤੀ ਦਾ ਗੁਣਗਾਨ ਸ਼ੁਰੂ ਕੀਤਾ। ਇਸ ਮੌਕੇ ਬੀਬੀਐੱਸ ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਨੇ ਦਸ ਦਿਨਾਂ ਤੱਕ ਚੱਲੇ ‘ਮੇਲੇ ਮਈਆ ਦੇ’ ਸਮਾਗਮ ਦੀ ਸਫ਼ਲਤਾ ਲਈ ਅਨਮੋਲ ਵੈਲਫੇਅਰ ਕਲੱਬ ਦੇ ਸਮੂਹ ਮੈਂਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹਰ ਸਾਲ ਅਜਿਹੇ ਧਾਰਮਿਕ ਸਮਾਗਮ ਕਰਵਾਉਣਾ ਅਤੇ ਸ਼ਰਧਾਲੂਆਂ ਲਈ ਸੁਚੱਜੇ ਪ੍ਰਬੰਧ ਕਰਨਾ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਕਲੱਬ ਵੱਲੋਂ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਅਨਮੋਲ ਵੈੱਲਫੇਅਰ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਅਤੇ ਸਮੂਹ ਅਹੁਦੇਦਾਰਾਂ ਵੱਲੋਂ ਬੀਬੀਐੱਸ ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਕਮਲ ਸੈਣੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸ਼ਰਧਾਲੂਆਂ ਨੇ ਲੰਮੀਆਂ ਕਤਾਰਾਂ ਵਿਚ ਲੱਗ ਕੇ ਮਾਂ ਭਗਵਤੀ ਦੇ ਦਰਸ਼ਨ ਕੀਤੇ ਅਤੇ ਆਪਣੇ ਪਰਿਵਾਰਾਂ ਦੀ ਸੁੱਖ-ਸਮ੍ਰਿੱਧੀ, ਖੁਸ਼ਹਾਲੀ ਅਤੇ ਮਨੋਕਾਮਨਾਵਾਂ ਦੀ ਪੂਰਤੀ ਲਈ ਅਰਦਾਸ ਕੀਤੀ। ਸਮਾਗਮ ਦੌਰਾਨ ਅਨਮੋਲ ਵੈੱਲਫੇਅਰ ਕਲੱਬ ਵੱਲੋਂ ਕੱਢੇ ਗਏ ਲੱਕੀ ਡਰਾਅ ਦੇ ਦੋ ਖੁਸ਼ਕਿਸਮਤ ਜੇਤੂਆਂ ਨੂੰ ਮਾਤਾ ਵੈਸ਼ਨੋ ਦੇਵੀ ਧਾਮ ਦੀ ਯਾਤਰਾ ਲਈ ਵੰਦੇ ਭਾਰਤ ਰੇਲਗੱਡੀ ਦੀਆਂ ਦੋ ਟਿਕਟਾਂ ਭੇਟ ਕੀਤੀਆਂ ਗਈਆਂ। ਇਸ ਉਪਰਾਲੇ ਨਾਲ ਜੇਤੂਆਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਕਲੱਬ ਵੱਲੋਂ ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਸ਼ਰਧਾਲੂਆਂ ਨੂੰ ਮਾਤਾ ਦੇ ਧਾਮਾਂ ਦੀ ਯਾਤਰਾ ਲਈ ਉਤਸ਼ਾਹਿਤ ਕਰਨ ਦਾ ਯਤਨ ਵੀ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਨੇ ਦੱਸਿਆ ਕਿ 25 ਅਕਤੂਬਰ ਨੂੰ ਕਲੱਬ ਦੇ ਸਮੂਹ ਮੈਂਬਰ ਮਾਤਾ ਚਿੰਤਪੁਰਨੀ ਧਾਮ ਵਿਖੇ ਝੰਡਾ ਚੜ੍ਹਾਉਣ ਲਈ ਜਾਣਗੇ। ਇਸ ਮੌਕੇ ਕਲੱਬ ਦੇ ਸਰਪ੍ਰਸਤ ਹਰੀ ਚੰਦ ਸਿੰਗਲਾ, ਚੇਅਰਮੈਨ ਸੁਰਿੰਦਰ ਤਾਇਲ, ਉੱਪ ਚੇਅਰਮੈਨ ਹਰਪ੍ਰੀਤ ਸਿੰਘ, ਉੱਪ ਪ੍ਰਧਾਨ ਗੌਰਵ ਜਿੰਦਲ, ਸਕੱਤਰ ਵਿਵੇਕ ਮਜੀਠੀਆ, ਸਹਿ ਸਕੱਤਰ ਰਾਜੇਸ਼ ਧੀਮਾਨ ਕਾਕੂ, ਖ਼ਜ਼ਾਨਚੀ ਐਡਵੋਕੇਟ ਪ੍ਰਵੀਨ ਸਚਦੇਵਾ, ਪ੍ਰੋਜੈਕਟ ਚੇਅਰਮੈਨ ਵਿਸ਼ਾਲ ਢੀਂਗਰਾ, ਪ੍ਰੋਜੈਕਟ ਚੇਅਰਮੈਨ ਪ੍ਰਹਿਲਾਦ ਕਾਲੜਾ, ਸਲਾਹਕਾਰ ਗਗਨਦੀਪ ਮਿੱਤਲ, ਸਹਿ-ਸਲਾਹਕਾਰ ਅਮਨ ਮਹਿੰਦੀ, ਪ੍ਰੈੱਸ ਸਕੱਤਰ ਕਪਿਲ ਕਪੂਰ, ਪ੍ਰਚਾਰ ਸਕੱਤਰ ਪ੍ਰਿੰਸ ਗਾਬਾ, ਸਹਿ-ਪ੍ਰਚਾਰ ਸਕੱਤਰ ਰਾਹੁਲ ਗਰੋਵਰ, ਸੋਸ਼ਲ ਮੀਡੀਆ ਇੰਚਾਰਜ ਸਨੀ ਕਪੂਰ, ਅਕਸ਼ੈ ਗੁਲਾਟੀ ਅਤੇ ਸੇਵਾ ਇੰਚਾਰਜ ਚਮਨ ਲਾਲ ਮਿੱਤਲ ਅਤੇ ਸ਼ਹਿਰ ਵਾਸੀ ਹਾਜ਼ਰ ਸਨ।