ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਗੱਡੇ ਸਫ਼ਲਤਾ ਦੇ ਝੰਡੇ ਪੰਜਾਬ ਸਰਕਾਰ ਵੱਲੋਂ ਕਰਵਾਈਆਂ
Publish Date: Fri, 16 Oct 2026 03:51 PM (IST)
Updated Date: Fri, 16 Oct 2026 03:54 PM (IST)
ਅੰਡਰ-21 ਤੋਂ ਬਾਅਦ ਅੰਡਰ-17 ਬਾਸਕਟਬਾਲ ’ਚ ਵੀ ਜਿੱਤਿਆ ਸੋਨ ਤਗਮਾ ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਵਿਦਿਆਰਥੀਆਂ ਨੇ ਬਾਸਕਟਬਾਲ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਫ਼ਲਤਾ ਦੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਅੰਡਰ-21 ਵਰਗ ਵਿਚ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਉਣ ਤੋਂ ਬਾਅਦ ਸਕੂਲ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਅੰਡਰ-17 ਬਾਸਕਟਬਾਲ ਮੁਕਾਬਲੇ ਵਿਚ ਵੀ ਸੋਨ ਤਗਮਾ ਜਿੱਤ ਕੇ ਸੰਸਥਾ ਦਾ ਮਾਣ ਵਧਾਇਆ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਖਿਡਾਰੀਆਂ ਦੀ ਸੂਬਾ ਪੱਧਰੀ ਮੁਕਾਬਲਿਆਂ ਲਈ ਚੋਣ ਹੋਣਾ ਸਕੂਲ ਵਾਸਤੇ ਇਕ ਹੋਰ ਵੱਡੀ ਪ੍ਰਾਪਤੀ ਹੈ। ਅੰਡਰ-17 ਵਰਗ ਵਿਚ ਸਕੂਲ ਦੀ ਗਿਆਰਵੀਂ ਜਮਾਤ (ਆਰਟਸ) ਦੇ ਵਿਦਿਆਰਥੀ ਇਕਮਾਨ ਸਿੰਘ ਸਾਚੀ, ਪੁੱਤਰ ਸਰਬਜੀਤ ਸਿੰਘ, ਅਤੇ ਯੁਵਰਾਜ ਸਿੰਘ, ਪੁੱਤਰ ਸੁਰਿੰਦਰ ਸਿੰਘ, ਨੇ ਆਪਣੀ ਟੀਮ ਨਾਲ ਬਿਹਤਰੀਨ ਤਾਲਮੇਲ, ਅਨੁਸ਼ਾਸਨ ਅਤੇ ਖੇਡ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਦੋਵਾਂ ਖਿਡਾਰੀਆਂ ਦੀ ਇਸ ਪ੍ਰਾਪਤੀ ਨਾਲ ਸਕੂਲ ਕੈਂਪਸ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਅੰਡਰ-21 ਤੋਂ ਬਾਅਦ ਅੰਡਰ-17 ਵਰਗ ਵਿਚ ਵੀ ਸੋਨ ਤਗਮਾ ਜਿੱਤਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਸਕੂਲ ਦੇ ਵਿਦਿਆਰਥੀ ਵੱਖ-ਵੱਖ ਉਮਰ ਵਰਗਾਂ ਵਿਚ ਖੇਡਾਂ ਦੇ ਖੇਤਰ ਵਿਚ ਲਗਾਤਾਰ ਅੱਗੇ ਵਧ ਰਹੇ ਹਨ। ਇਸ ਮੌਕੇ ਸਕੂਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਖੇਡਾਂ ਵਿਚ ਲਗਾਤਾਰ ਮਿਲ ਰਹੀਆਂ ਸਫ਼ਲਤਾਵਾਂ ਸਕੂਲ ਦੀ ਸੁਚੱਜੀ ਖੇਡ ਨੀਤੀ, ਕੋਚਾਂ ਦੀ ਮਿਹਨਤ ਅਤੇ ਖਿਡਾਰੀਆਂ ਦੇ ਸਮਰਪਣ ਦਾ ਨਤੀਜਾ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਉਦੇਸ਼ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਹੈ, ਸਗੋਂ ਵਿਦਿਆਰਥੀਆਂ ਦਾ ਸਰੀਰਕ, ਮਾਨਸਿਕ ਅਤੇ ਸਮਾਜਿਕ ਵਿਕਾਸ ਵੀ ਉਨ੍ਹਾਂ ਹੀ ਜ਼ਰੂਰੀ ਹੈ। ਖੇਡਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ, ਅਗਵਾਈ ਕਰਨ ਦੀ ਸਮਰੱਥਾ, ਟੀਮ ਭਾਵਨਾ ਅਤੇ ਸੰਘਰਸ਼ ਕਰਨ ਦੀ ਸ਼ਕਤੀ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅੰਡਰ-21 ਤੋਂ ਬਾਅਦ ਅੰਡਰ-17 ਵਰਗ ਵਿਚ ਵੀ ਸੋਨ ਤਗਮਾ ਜਿੱਤਣਾ ਸਕੂਲ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਖਿਡਾਰੀ ਸੂਬਾ ਪੱਧਰੀ ਮੁਕਾਬਲਿਆਂ ਵਿਚ ਵੀ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਨਗੇ ਅਤੇ ਭਵਿੱਖ ਵਿਚ ਕੌਮੀ ਪੱਧਰ ’ਤੇ ਵੀ ਸਕੂਲ ਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਨਗੇ। ਸਕੂਲ ਦੀ ਡਾਇਰੈਕਟਰ ਸੁਨੀਤਾ ਰਾਣੀ ਗਰਗ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਚ ਸਫ਼ਲਤਾ ਇਕ ਦਿਨ ਦੀ ਮਿਹਨਤ ਨਾਲ ਨਹੀਂ ਮਿਲਦੀ, ਸਗੋਂ ਇਸ ਲਈ ਨਿਯਮਤ ਅਭਿਆਸ, ਅਨੁਸ਼ਾਸਨ, ਦ੍ਰਿੜ੍ਹ ਇਰਾਦੇ ਅਤੇ ਸਹੀ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ। ਸਕੂਲ ਪ੍ਰਬੰਧਨ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਅੱਗੇ ਵਧਣ ਲਈ ਉਤਸ਼ਾਹਿਤ ਕਰਦਾ ਹੈ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਢੁੱਕਵੇਂ ਮੌਕੇ ਪ੍ਰਦਾਨ ਕਰਨ ਵਾਸਤੇ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਇਹ ਪ੍ਰਾਪਤੀ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਹੈ। ਸਕੂਲ ਪ੍ਰਬੰਧਨ ਵੱਲੋਂ ਦੋਵਾਂ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚਾਂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਦਿਲੋਂ ਵਧਾਈ ਦਿੱਤੀ ਗਈ।