- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਸੀ ਮੋਗਾ ਸਾਗਰ ਸੇਤੀਆ ਦੇ ਦਿਸ਼ਾ-ਨਿਰਦੇਸ਼ਾਂ ਅਧੀਨ

ਪਨੀਰ ਤੇ ਖੋਏ ਦੇ 10 ਸੈਂਪਲ ਲੈਬਾਰਟਰੀ ਜਾਂਚ ਲਈ ਭੇਜੇ, ਮਿਲਾਵਟਖੋਰਾਂ ਨੂੰ ਸਖਤ ਤਾੜਨਾ
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਡੀਸੀ ਮੋਗਾ ਸਾਗਰ ਸੇਤੀਆ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੰਦੀਪ ਸਿੰਘ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਮੋਗਾ ਵੱਲੋਂ ਆਉਣ ਵਾਲੇ ਤਿਉਹਾਰੀ ਸੀਜ਼ਨ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਮੋਗਾ ਵਿਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਆਮ ਜਨਤਾ ਨੂੰ ਸੁਰੱਖਿਅਤ, ਸਾਫ਼-ਸੁਥਰੇ ਅਤੇ ਮਿਆਰੀ ਖਾਦ ਪਦਾਰਥ ਉਪਲਬਧ ਕਰਵਾਉਣਾ ਅਤੇ ਖਾਦ ਪਦਾਰਥਾਂ ਵਿੱਚ ਮਿਲਾਵਟ ਜਾਂ ਘਟੀਆ ਗੁਣਵੱਤਾ ਵਾਲੇ ਕੱਚੇ ਮਾਲ ਦੀ ਵਰਤੋਂ ਨੂੰ ਰੋਕਣਾ ਹੈ। ਫੂਡ ਸੇਫਟੀ ਟੀਮ ਵੱਲੋਂ ਵੱਖ-ਵੱਖ ਇਲਾਕਿਆਂ ਵਿਚ ਸਥਿਤ ਹਲਵਾਈਆਂ ਦੀਆਂ ਦੁਕਾਨਾਂ, ਡੇਅਰੀਆਂ ਅਤੇ ਦੁੱਧ ਤੋਂ ਬਣੇ ਖਾਦ ਪਦਾਰਥਾਂ ਦਾ ਕਾਰੋਬਾਰ ਕਰਨ ਵਾਲੀਆਂ ਇਕਾਈਆਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਪਨੀਰ ਅਤੇ ਖੋਏ ਦੇ ਕੁੱਲ 10 ਸੈਂਪਲ ਲਏ ਗਏ, ਜਿੰਨ੍ਹਾਂ ਨੂੰ ਗੁਣਵੱਤਾ ਦੀ ਜਾਂਚ ਲਈ ਸਰਕਾਰੀ ਫੂਡ ਟੈਸਟਿੰਗ ਲੈਬਾਰਟਰੀ ਵਿੱਚ ਭੇਜਿਆ ਗਿਆ ਹੈ। ਇਹ ਸੈਂਪਲ ਢੁੱਡੀਕੇ, ਚੂਹੜਚੱਕ, ਮੇਨ ਬਾਜ਼ਾਰ ਮੋਗਾ, ਕੋਟਕਪੂਰਾ ਰੋਡ, ਗਾਂਧੀ ਰੋਡ, ਫਿਰੋਜ਼ਪੁਰ ਰੋਡ ਅਤੇ ਹੋਰ ਵੱਖ-ਵੱਖ ਇਲਾਕਿਆਂ ਵਿਚ ਸਥਿਤ ਡੇਅਰੀਆਂ ਅਤੇ ਹਲਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਦੌਰਾਨ ਭਰੇ ਗਏ ਹਨ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੰਦੀਪ ਸਿੰਘ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਦੁੱਧ, ਪਨੀਰ, ਖੋਆ, ਮਠਿਆਈਆਂ ਅਤੇ ਹੋਰ ਦੁੱਧ ਤੋਂ ਬਣੇ ਉਤਪਾਦਾਂ ਦੀ ਮੰਗ ਵਿਚ ਵਾਧਾ ਹੋ ਜਾਂਦਾ ਹੈ। ਇਸ ਲਈ ਖਾਦ ਪਦਾਰਥਾਂ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਫੂਡ ਸੇਫਟੀ ਵਿਭਾਗ ਵੱਲੋਂ ਨਿਯਮਤ ਤੌਰ ’ਤੇ ਨਿਗਰਾਨੀ ਅਤੇ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਰੇ ਗਏ ਸਾਰੇ ਸੈਂਪਲ ਸਰਕਾਰੀ ਪ੍ਰਯੋਗਸ਼ਾਲਾ ਵਿੱਚ ਭੇਜੇ ਗਏ ਹਨ ਅਤੇ ਲੈਬਾਰਟਰੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਰਿਪੋਰਟ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੇਕਰ ਕਿਸੇ ਵੀ ਖਾਦ ਪਦਾਰਥ ਦਾ ਸੈਂਪਲ ਮਿਆਰਾਂ ਅਨੁਸਾਰ ਫੇਲ੍ਹ ਪਾਇਆ ਜਾਂਦਾ ਹੈ ਜਾਂ ਉਸ ਵਿਚ ਮਿਲਾਵਟ, ਘਟੀਆ ਗੁਣਵੱਤਾ ਜਾਂ ਖਾਦ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਫੂਡ ਬਿਜ਼ਨਸ ਆਪਰੇਟਰ ਵਿਰੁੱਧ ਬਣਾਏ ਗਏ ਨਿਯਮਾਂ ਅਤੇ ਰੈਗੂਲੇਸ਼ਨਾਂ ਅਨੁਸਾਰ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਖਾਦ ਪਦਾਰਥਾਂ ਦੀ ਗੁਣਵੱਤਾ ਨਾਲ ਸਮਝੌਤਾ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਕਾਰੋਬਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਖ਼ਪਤਕਾਰਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀਆਂ ਗਤੀਵਿਧੀਆਂ ਵਿਰੁੱਧ ਵਿਭਾਗ ਵੱਲੋਂ ਸਖ਼ਤ ਰੁਖ ਅਪਣਾਇਆ ਜਾਵੇਗਾ।
ਫੂਡ ਬਿਜ਼ਨੈੱਸ ਆਪ੍ਰੇਟਰਾਂ ਨੂੰ ਜ਼ਰੂਰੀ ਹਦਾਇਤਾਂ
ਫੂਡ ਸੇਫ਼ਟੀ ਟੀਮ ਵੱਲੋਂ ਸਮੂਹ ਡੇਅਰੀ ਮਾਲਕਾਂ, ਹਲਵਾਈਆਂ ਅਤੇ ਖਾਦ ਪਦਾਰਥ ਤਿਆਰ ਕਰਨ ਵਾਲੇ ਕਾਰੋਬਾਰੀਆਂ ਨੂੰ ਹਦਾਇਤਾਂ ਦੀ ਪਾਲਣਾ ਜਿਵੇਂ ਕਿ ਹਮੇਸ਼ਾ ਉੱਚ ਗੁਣਵੱਤਾ ਵਾਲਾ ਅਤੇ ਮਿਆਰੀ ਕੱਚਾ ਮਾਲ ਹੀ ਖ਼ਰੀਦ ਕੇ ਵਰਤੋਂ ਵਿਚ ਲਿਆਂਦਾ ਜਾਵੇ , ਦੁੱਧ, ਪਨੀਰ, ਖੋਆ ਅਤੇ ਹੋਰ ਦੁੱਧ ਉਤਪਾਦਾਂ ਦੀ ਤਿਆਰੀ ਦੌਰਾਨ ਸਫ਼ਾਈ ਅਤੇ ਸੁਰੱਖਿਆ ਮਾਪਦੰਡਾਂ ਦੀ ਪੂਰੀ ਪਾਲਣਾ ਕੀਤੀ ਜਾਵੇ, ਮਠਿਆਈਆਂ ਅਤੇ ਹੋਰ ਖਾਦ ਪਦਾਰਥਾਂ ਵਿਚ ਵਰਤੇ ਜਾਣ ਵਾਲੇ ਫੂਡ ਕਲਰ ਸਿਰਫ਼ ਮਨਜ਼ੂਰਸ਼ੁਦਾ ਕਿਸਮ ਦੇ ਅਤੇ ਨਿਰਧਾਰਤ ਮਾਤਰਾ ਅਨੁਸਾਰ ਹੀ ਵਰਤੇ ਜਾਣ, ਖਾਦ ਪਦਾਰਥਾਂ ਵਿਚ ਕਿਸੇ ਵੀ ਤਰ੍ਹਾਂ ਦੇ ਗੈਰ-ਮਨਜ਼ੂਰਸ਼ੁਦਾ ਰੰਗ, ਰਸਾਇਣ ਜਾਂ ਹੋਰ ਮਿਲਾਵਟੀ ਪਦਾਰਥ ਦੀ ਵਰਤੋਂ ਨਾ ਕੀਤੀ ਜਾਵੇ, ਖਾਦ ਪਦਾਰਥ ਤਿਆਰ ਕਰਨ ਵਾਲੇ ਕਾਰਖਾਨਿਆਂ, ਰਸੋਈਆਂ, ਸਟੋਰ ਰੂਮਾਂ ਅਤੇ ਵਿਕਰੀ ਸਥਾਨਾਂ ’ਚ ਪੂਰੀ ਸਾਫ਼-ਸਫ਼ਾਈ ਬਣਾਈ ਰੱਖੀ ਜਾਵੇ, ਕੱਚੇ ਅਤੇ ਤਿਆਰ ਖਾਦ ਪਦਾਰਥਾਂ ਨੂੰ ਵੱਖ-ਵੱਖ ਰੱਖਿਆ ਜਾਵੇ ਤਾਂ ਜੋ ਕਿਸੇ ਕਿਸਮ ਦੀ ਦੂਸ਼ਿਤਤਾ ਨਾ ਹੋਵੇ, ਖਾਦ ਪਦਾਰਥਾਂ ਨੂੰ ਢੁਕਵੇਂ ਤਾਪਮਾਨ ਅਤੇ ਸਹੀ ਸਟੋਰੇਜ਼ ਹਾਲਾਤਾਂ ਵਿਚ ਰੱਖਿਆ ਜਾਵੇ, ਸਾਰੇ ਫੂਡ ਬਿਜ਼ਨੈੱਸ ਆਪਰੇਟਰ ਆਪਣਾ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਵੈਧ ਰੱਖਣ ਅਤੇ ਫੂਡ ਸੇਫ਼ਟੀ ਕਾਨੂੰਨਾਂ ਦੀ ਪਾਲਣਾ ਕਰਨ।
ਚੈਕਿੰਗ ਮੁਹਿੰਮ ਅੱਗੇ ਵੀ ਜਾਰੀ ਰਹੇਗੀ
ਡਾ. ਸੰਦੀਪ ਸਿੰਘ ਨੇ ਕਿਹਾ ਕਿ ਫੂਡ ਸੇਫਟੀ ਵਿਭਾਗ ਵੱਲੋਂ ਤਿਉਹਾਰੀ ਸੀਜ਼ਨ ਦੌਰਾਨ ਅਜਿਹੀਆਂ ਚੈਕਿੰਗ ਮੁਹਿੰਮਾਂ ਆਉਣ ਵਾਲੇ ਦਿਨਾਂ ਵਿੱਚ ਵੀ ਲਗਾਤਾਰ ਜਾਰੀ ਰੱਖੀਆਂ ਜਾਣਗੀਆਂ। ਵਿਭਾਗ ਦਾ ਉਦੇਸ਼ ਕਿਸੇ ਕਾਰੋਬਾਰੀ ਨੂੰ ਬੇਵਜ੍ਹਾ ਪਰੇਸ਼ਾਨ ਕਰਨਾ ਨਹੀਂ, ਸਗੋਂ ਖਪਤਕਾਰਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਦ ਪਦਾਰਥ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਖਾਦ ਪਦਾਰਥ ਖਰੀਦਦੇ ਸਮੇਂ ਸਾਫ਼-ਸਫ਼ਾਈ, ਗੁਣਵੱਤਾ ਅਤੇ ਮਿਆਦ ਦੀ ਜਾਂਚ ਕਰਨ ਅਤੇ ਜੇਕਰ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਜਾਂ ਗੈਰ-ਮਿਆਰੀ ਖਾਦ ਪਦਾਰਥ ਸਬੰਧੀ ਸ਼ਿਕਾਇਤ ਹੋਵੇ ਤਾਂ ਸਬੰਧਤ ਫੂਡ ਸੇਫਟੀ ਵਿਭਾਗ ਨੂੰ ਸੂਚਿਤ ਕਰਨ। ਫੂਡ ਸੇਫਟੀ ਟੀਮ ਮੋਗਾ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਆਮ ਜਨਤਾ ਦੀ ਸਿਹਤ ਅਤੇ ਖੁਰਾਕੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਵਿਚ ਕਾਨੂੰਨ ਅਨੁਸਾਰ ਨਿਗਰਾਨੀ, ਸੈਂਪਲਿੰਗ ਅਤੇ ਲੋੜੀਂਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ।