ਐੱਨਆਰਆਈ ਪੰਜਾਬੀ ਲੇਖਿਕਾ ਕਮਲ ਗਿੱਲ ਦਾ ਨਾਵਲ ਬੇਪ੍ਰਵਾਹ ਮੁਹੱਬਤ ਜਾਰੀ ਇੰਗਲੈਂਡ ਵਿਚ ਵੱਸਦੀ ਪ੍ਰਵਾਸੀ
Publish Date: Thu, 15 Oct 2026 03:41 PM (IST)
Updated Date: Thu, 15 Oct 2026 03:42 PM (IST)
ਮੋਗਾ ਦੀਆਂ ਵੱਖ-ਵੱਖ ਸਾਹਿਤ ਸਭਾਵਾਾਂ ਨੇ ਲੇਖਿਕਾ ਦਾ ਕੀਤਾ ਸਨਮਾਨ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਇੰਗਲੈਂਡ ਵਿਚ ਵੱਸਦੀ ਪ੍ਰਵਾਸੀ ਪੰਜਾਬੀ ਲੇਖਿਕਾ ਕਮਲ ਗਿੱਲ ਯੂਕੇ ਦਾ ਮੋਗਾ ਵਿਖੇ ਕਥਾਕਾਰ ਮੰਚ ਪੰਜਾਬ ਅਤੇ ਵੱਖ-ਵੱਖ ਸਾਹਿਤ ਸਭਾਵਾਂ ਦੇ ਅਹੁਦੇਦਾਰਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਵੇਂ ਨਾਵਲ ‘ਬੇਪ੍ਰਵਾਹ ਮੁਹੱਬਤ’ ਨੂੰ ਵੀ ਲੋਕ ਅਰਪਣ ਕੀਤਾ ਗਿਆ। ਲੇਖਿਕਾ ਨੂੰ ਇਹ ਸਨਮਾਨ ਉਨ੍ਹਾਂ ਦੇ ਪਹਿਲਾਂ ਪ੍ਰਕਾਸ਼ਿਤ ਨਾਵਲਾਂ ‘ਗੰਧਲੇ ਰਿਸ਼ਤੇ’ ਅਤੇ ‘ਅਧੂਰੀ ਕਹਾਣੀ’ ਰਾਹੀਂ ਸਮਾਜਿਕ ਸਰੋਕਾਰਾਂ ਅਤੇ ਮਨੁੱਖੀ ਰਿਸ਼ਤਿਆਂ ਦੀਆਂ ਗੁੰਝਲਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਲਈ ਦਿੱਤਾ ਗਿਆ। ਕਮਲ ਗਿੱਲ ਦੇ ਨਵੇਂ ਨਾਵਲ ਬੇਪ੍ਰਵਾਹ ਮੁਹੱਬਤ ਵਿਚ ਪਿਆਰ ਦੇ ਰਿਸ਼ਤੇ ਵਿਚ ਬੇਪਰਵਾਹੀ, ਵਾਰ-ਵਾਰ ਟੁੱਟਦੇ ਭਰੋਸੇ ਅਤੇ ਭਾਵਨਾਵਾਂ ਨੂੰ ਲੱਗਣ ਵਾਲੀ ਸੱਟ ਕਾਰਨ ਪੈਦਾ ਹੋਣ ਵਾਲੀਆਂ ਦੂਰੀਆਂ ਨੂੰ ਬਹੁਤ ਹੀ ਸੰਵੇਦਨਸ਼ੀਲ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ। ਨਾਵਲ ਰਾਹੀਂ ਲੇਖਿਕਾ ਨੇ ਦਰਸਾਇਆ ਹੈ ਕਿ ਜਦੋਂ ਕਿਸੇ ਰਿਸ਼ਤੇ ਵਿਚ ਇਕ ਧਿਰ ਦੂਜੀ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੀ ਅਤੇ ਵਾਰ-ਵਾਰ ਵਾਅਦੇ ਤੋੜੇ ਜਾਂਦੇ ਹਨ ਤਾਂ ਪਿਆਰ ਤੇ ਵਿਸ਼ਵਾਸ ਨਾਲ ਜੁੜਿਆ ਰਿਸ਼ਤਾ ਕਿਵੇਂ ਤਰੇੜਾਂ ਦਾ ਸ਼ਿਕਾਰ ਹੋ ਜਾਂਦਾ ਹੈ। ਲੇਖਿਕਾ ਦੀ ਲਿਖਤ ਮਨੁੱਖੀ ਮਨ ਦੀਆਂ ਭਾਵਨਾਵਾਂ ਅਤੇ ਰਿਸ਼ਤਿਆਂ ਦੀਆਂ ਪੇਚੀਦਗੀਆਂ ਨੂੰ ਪਾਠਕਾਂ ਦੇ ਸਾਹਮਣੇ ਉਭਾਰਦੀ ਹੈ। ਕਮਲ ਗਿੱਲ ਦੀਆਂ ਰਚਨਾਵਾਂ ਵਿਚ ਸਮਾਜਿਕ ਸਰੋਕਾਰਾਂ, ਮਨੁੱਖੀ ਸੰਵੇਦਨਾਵਾਂ ਅਤੇ ਰਿਸ਼ਤਿਆਂ ਦੇ ਵੱਖ-ਵੱਖ ਪਹਿਲੂਆਂ ਨੂੰ ਸਾਹਿਤਕ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦੀ ਲੇਖਣੀ ਸਮਾਜ ਦੀਆਂ ਹਕੀਕਤਾਂ ਨੂੰ ਬਿਆਨ ਕਰਦਿਆਂ ਪਾਠਕਾਂ ਨੂੰ ਰਿਸ਼ਤਿਆਂ ਦੀ ਅਹਿਮੀਅਤ ਅਤੇ ਮਨੁੱਖੀ ਭਾਵਨਾਵਾਂ ਬਾਰੇ ਸੋਚਣ ਲਈ ਪ੍ਰੇਰਿਤ ਕਰਦੀ ਹੈ। ਇਨ੍ਹਾਂ ਸਾਹਿਤਕ ਯੋਗਦਾਨਾਂ ਨੂੰ ਧਿਆਨ ਵਿੱਚ ਰੱਖਦਿਆਂ ਕਥਾਕਾਰ ਮੰਚ ਪੰਜਾਬ ਦੇ ਅਲਫਾਜ਼ ਅਤੇ ਉਨ੍ਹਾਂ ਦੀ ਟੀਮ ਵੱਲੋਂ ਲੇਖਿਕਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬੀ ਸਾਹਿਤ ਦੇ ਉੱਘੇ ਲੇਖਕ ਬਲਦੇਵ ਸਿੰਘ ਸੜਕਨਾਮਾ, ਸੁਰਜੀਤ ਬਰਾੜ, ਬੇਅੰਤ ਕੌਰ ਗਿੱਲ, ਜਤਿੰਦਰ ਸਿੰਘ ਰਾਵਤ, ਹਰਜਿੰਦਰ ਪਾਲ ਸਿੰਘ ਅਤੇ ਸੁਮਿਤ ਗਿੱਲ ਸਮੇਤ ਕਈ ਸਾਹਿਤਕਾਰ ਮੌਜੂਦ ਸਨ। ਸਾਹਿਤਕ ਸ਼ਖ਼ਸੀਅਤਾਂ ਦੀ ਹਾਜ਼ਰੀ ਨੇ ਸਮਾਗਮ ਨੂੰ ਵਿਸ਼ੇਸ਼ ਸਾਹਿਤਕ ਰੰਗਤ ਪ੍ਰਦਾਨ ਕੀਤੀ ਅਤੇ ਪੰਜਾਬੀ ਸਾਹਿਤ ਨਾਲ ਜੁੜੀਆਂ ਰਚਨਾਤਮਕ ਗਤੀਵਿਧੀਆਂ ਨੂੰ ਹੁਲਾਰਾ ਦਿੱਤਾ। ਆਪਣੇ ਵਿਸ਼ੇਸ਼ ਸਨਮਾਨ ਲਈ ਕਮਲ ਗਿੱਲ ਯੂਕੇ ਨੇ ਕਥਾਕਾਰ ਮੰਚ ਪੰਜਾਬ ਅਤੇ ਸਮੁੱਚੀ ਟੀਮ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਮਾਣ ਅਤੇ ਹੌਂਸਲੇ ਦਾ ਪ੍ਰਤੀਕ ਹੈ। ਉਨ੍ਹਾਂ ਆਪਣੀਆਂ ਰਚਨਾਵਾਂ ਨੂੰ ਪਿਆਰ ਦੇਣ ਵਾਲੇ ਪਾਠਕਾਂ, ਸਾਹਿਤਕਾਰਾਂ ਅਤੇ ਪੰਜਾਬੀ ਸਾਹਿਤ ਨਾਲ ਜੁੜੀਆਂ ਸ਼ਖ਼ਸੀਅਤਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਠਕਾਂ ਦਾ ਪਿਆਰ ਅਤੇ ਸਾਹਿਤਕ ਸਾਥ ਉਨ੍ਹਾਂ ਨੂੰ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਰਚਨਾਵਾਂ ਲਿਖਣ ਲਈ ਨਿਰੰਤਰ ਪ੍ਰੇਰਿਤ ਕਰਦਾ ਹੈ।