- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਵਿਚ ਹਿੰਦੂ ਸਮਾਜ ਅਤੇ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਪੰਜਾਬ ਵਿਚ ਹਿੰਦੂ ਸਮਾਜ ਅਤੇ ਹਿੰਦੂ ਆਗੂਆਂ ਨਾਲ ਹੋ ਰਹੇ ਕਥਿਤ ਵਿਤਕਰੇ ਦਾ ਮੁੱਦਾ ਚੁੱਕਦਿਆਂ ਸਮਾਜ ਸੇਵੀ ਗਗਨ ਨੌਹਰੀਆ ਨੇ ਪੁਲਿਸ ਅਤੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਕੀ ਪੰਜਾਬ ਵਿਚ ਹਿੰਦੂਆਂ ਦਾ ਰਹਿਣਾ ਗਲਤ ਹੈ ਜਾਂ ਫਿਰ ਕਿਸੇ ਹਿੰਦੂ ਆਗੂ ਦਾ ਹੋਣਾ ਹੀ ਗੁਨਾਹ ਬਣ ਗਿਆ ਹੈ? ਕੀ ਝੂਠੇ ਪੁਲਿਸ ਕੇਸ ਸਿਰਫ਼ ਹਿੰਦੂ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਹੀ ਦਰਜ ਕੀਤੇ ਜਾ ਸਕਦੇ ਹਨ? ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਜਾਂ ਆਗੂ ਨਾਲ ਧਰਮ ਦੇ ਆਧਾਰ ’ਤੇ ਵਿਤਕਰਾ ਨਹੀਂ ਹੋਣਾ ਚਾਹੀਦਾ ਅਤੇ ਕਾਨੂੰਨ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਹੈ। ਗਗਨ ਨੌਹਰੀਆ ਨੇ ਕਸ਼ਮੀਰ ਗਿਰੀ ਦੇ ਮਾਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਕਸ਼ਮੀਰ ਗਿਰੀ ਜੋ ਕਿ ਇਕ ਹਿੰਦੂ ਆਗੂ ਹਨ, ਖ਼ਿਲਾਫ਼ ਨਸ਼ੀਲੇ ਪਦਾਰਥ ਚਿੱਟੇ ਨਾਲ ਸਬੰਧਤ ਕਥਿਤ ਨਾਜਾਇਜ਼ ਪਰਚਾ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਉਨ੍ਹਾਂ ਦੇ ਦਾਅਵੇ ਅਨੁਸਾਰ, ਇਸ ਮਾਮਲੇ ਵਿਚ ਇਕ ਹਿਡਨ ਕੈਮਰੇ ਦੀ ਫੁਟੇਜ ਸਾਹਮਣੇ ਆਈ, ਜਿਸ ਵਿਚ ਕਥਿਤ ਤੌਰ ’ਤੇ ਪੁਲਿਸ ਮੁਲਾਜ਼ਮ ਨੂੰ ਕਮਰੇ ਵਿਚ ਚਿੱਟੇ ਰੰਗ ਦਾ ਪਦਾਰਥ ਰੱਖਦਿਆਂ ਦੇਖਿਆ ਜਾ ਸਕਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕੈਮਰੇ ਵਿਚ ਦਿਖਾਈ ਦੇ ਰਹੀ ਘਟਨਾ ਸਹੀ ਹੈ ਤਾਂ ਇਸ ਦੀ ਨਿਰਪੱਖ ਜਾਂਚ ਕਿਉਂ ਨਹੀਂ ਹੋਣੀ ਚਾਹੀਦੀ?। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਿਰਫ਼ ਉਸ ਮੁਲਾਜ਼ਮ ਦੀ ਹੀ ਜਵਾਬਦੇਹੀ ਤੈਅ ਨਹੀਂ ਹੋਣੀ ਚਾਹੀਦੀ, ਸਗੋਂ ਰੇਡ ਕਰਨ ਗਈ ਪੂਰੀ ਟੀਮ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਕਸ਼ਮੀਰ ਗਿਰੀ ਨਾਲ ਸਬੰਧਤ ਪੂਰੇ ਮਾਮਲੇ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਅੰਤ ਵਿਚ ਗਗਨ ਨੌਹਰੀਆ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਧਰਮ ਜਾਂ ਸਮਾਜ ਵਿਰੁੱਧ ਮਾਹੌਲ ਬਣਾਉਣਾ ਨਹੀਂ, ਸਗੋਂ ਨਿਆਂ, ਬਰਾਬਰਤਾ ਅਤੇ ਸੁਰੱਖਿਆ ਦੇ ਅਧਿਕਾਰ ਦੀ ਗੱਲ ਕਰਨਾ ਹੈ।