ਗੁਰੂ ਗੋਬਿੰਦ ਸਿੰਘ ਮਾਰਗ ਦੇ ਨਵੀਨੀਕਰਨ ਦੀ ਰਫ਼ਤਾਰ ਮੱਠੀ ਗੁਰੂ ਗੋਬਿੰਦ ਸਿੰਘ ਮਾਰਗ ਦੇ ਨਵੀਨੀਕਰਨ
Publish Date: Mon, 13 Jul 2026 03:59 PM (IST)
Updated Date: Mon, 13 Jul 2026 04:00 PM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਗੁਰੂ ਗੋਬਿੰਦ ਸਿੰਘ ਮਾਰਗ ਦੇ ਨਵੀਨੀਕਰਨ ਦੀ ਰਫ਼ਤਾਰ ਇਸ ਕਦਰ ਮੱਠੀ ਚੱਲ ਰਹੀ ਹੈ ਕਿ ਕਈ ਵਰ੍ਹਿਆਂ ਤੋਂ ਅਧੂਰਾ ਪਿਆ ਇਹ ਮਾਰਗ ਸਬੰਧਤ ਅਧਿਕਾਰੀਆਂ ਤੇ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਇਸ ਮਾਰਗ ਨੂੰ ਜਲਦ ਪੂਰਾ ਕਰਨ ਸਬੰਧੀ ਸਥਾਨਕ ਐੱਸਡੀਐੱਮ ਵੱਲੋਂ ਵੀ ਪੀਡਬਲਿਊਡੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ, ਪਰ ਫਿਰ ਵੀ ਕੰਮ ਅੱਧ ਵਿਚਾਲੇ ਲਮਕ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪੰਜਾਬ ਮੀਤ ਪ੍ਰਧਾਨ ਮੁਖਤਿਆਰ ਸਿੰਘ ਦੀਨਾ ਨੇ ਦੱਸਿਆ ਕਿ ਇਹ ਮਾਰਗ ਸ੍ਰੀ ਅਨੰਦਪੁਰ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾਂ ਸਾਹਿਬ ਨੂੰ ਜਾਂਦਾ ਹੈ। ਇਹ ਮਾਰਗ ਲੁਧਿਆਣਾ ਜਿਲ੍ਹੇ ਵਿਚੋ ਹੁੰਦਾ ਹੋਇਆ ਬਲਾਕ ਨਿਹਾਲ ਸਿੰਘ ਜਿਲ੍ਹਾ ਮੋਗਾ ਦੇ ਪਿੰਡਾਂ ਚ ਦੀ ਅੱਗੇ ਬਠਿੰਡਾ ਦੇ ਪਿੰਡਾਂ ਕਾਂਗੜ, ਸਲਾਬਤਪੁਰਾ ਹੁੰਦੇ ਹੋਏ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਰਗ ਦੇ ਨਵੀਨੀਕਰਨ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ। ਪਰ ਕੰਮ ਦੀ ਚਾਲ ਇਸ ਕਦਰ ਮੱਠੀ ਪੈ ਗਈ ਹੈ ਕਿ ਇਸ ਨੂੰ ਪੂਰਿਆਂ ਨਹੀਂ ਕੀਤਾ ਜਾ ਰਿਹਾ। ਮੁਖਤਿਆਰ ਸਿੰਘ ਦੀਨਾ ਸਾਹਿਬ ਨੇ ਦੱਸਿਆ ਕਿ ਨਿਹਾਲ ਸਿੰਘ ਵਾਲਾ ਤੋਂ ਲੈਕੇ ਬਠਿੰਡਾ ਦੇ ਪਿੰਡ ਸਲਾਬਤਪੁਰਾ ਤੱਕ ਇਸਦੀ ਹਾਲਤ ਬਹੁਤ ਖਸਤਾ ਹੋ ਚੁੱਕੀ। ਚੌਂਕ ਜਵਾਹਰ ਸਿੰਘ ਵਾਲਾ ਤੋਂ ਤਿੰਨ ਕੋਣੀ ਸਲਬਤਪੁਰਾ ਤੱਕ ਤਕਰੀਬਨ ਪੰਦਰਾਂ ਸੋਲਾਂ ਕਿਲੋਮੀਟਰ ਦੇ ਟੋਟੇ ਨੂੰ ਬਣਦਿਆਂ ਦੋ ਸਾਲ ਤੋਂ ਉਪਰ ਦਾ ਸਮਾਂ ਹੋ ਚੁੱਕਾ ਹੈ, ਪਰ ਫਿਰ ਵੀ ਅਧਵਾਟੇ ਹੀ ਲਟਕ ਰਿਹਾ ਹੈ। ਉਨ੍ਹਾਂ ਦੱਸਿਆ ਇਕ ਅੱਧਾ ਦਿਨ ਕੰਮ ਚਲਦਾ ਹੈ ਫੇਰ ਲੰਮਾ ਸਮਾਂ ਰੁੱਕ ਜਾਂਦਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ, ਠੇਕੇਦਾਰ ਅਤੇ ਨਿਗਰਾਨ ਅਫਸਰਾਂ ਨੂੰ ਮਿਲਕੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਪਰਨਾਲਾ ਉੱਥੇ ਦਾ ਉੱਥੇ ਹੈ਼ ਇਥੇ ਇਹ ਵੀ ਦੱਸਣਯੋਗ ਹੈ ਕਿ ਜਵਾਹਰ ਸਿੰਘ ਵਾਲਾ ਚੌਂਕ ਤੋਂ ਗੁਰਦਵਾਰਾ ਜਫਰਨਾਮਾਂ ਸਾਹਿਬ ਦੀਨਾ ਤੱਕ ਇਸ ਸੜਕ ਦਾ ਨਿਰਮਾਣ ਤਤਕਾਲੀ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਚੂਹੜਚੱਕ ਵੱਲੋਂ ਸਖ਼ਤ ਹਦਾਇਤਾਂ ਕਾਰਨ ਇਸ ਨੂੰ ਕੁੱਝ ਹੀ ਮਹੀਨਿਆਂ ਵਿਚ ਤਿਆਰ ਕੀਤਾ ਗਿਆ ਸੀ ਪਰ ਅਫਸੋਸ਼ ਹੁਣ ਇਹ ਸੜਕ ਦਾ ਟੋਟਾ ਤਿੰਨ ਸਰਕਾਰਾਂ ਵੇਖ ਚੁੱਕਾ ਹੈ ਪਰ ਫੇਰ ਵੀ ਅਧਵਾਟੇ ਹੀ ਲਟਕ ਰਿਹਾ ਹੈ। ਸਥਾਨਕ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਚਮਕੌਰ ਸਾਹਿਬ ਹੁੰਦੇ ਹੋਏ ਇਸੇ ਰਸਤੇ ਹੁੰਦੇ ਹੋਏ ਜਫਰਨਾਂਮਾ ਸਾਹਿਬ ਦੀਨਾ ਦੀ ਧਰਤੀ ਉਪਰ ਲੰਮੇ ਸਮੇਂ ਤੱਕ ਬਿਰਾਜਮਾਨ ਰਹੇ। ਉਨ੍ਹਾਂ ਨੇ ਇਸੇ ਧਰਤੀ ਤੋਂ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖਿਆ ਸੀ ਜੋ ਔਰੰਗਜ਼ੇਬ ਦੀ ਮੌਤ ਦਾ ਕਾਰਨ ਬਣਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਆਪਣੇ ਸਮੇਂ ਭਾਰਤ ਦੇ ਰਾਸ਼ਰਪਤੀ ਗਿਆਨੀ ਜੈਲ ਸਿੰਘ ਵੱਲੋਂ ਇਸ ਮਾਰਗ ਦਾ ਨਾਮ ਗੁਰੂ ਗੋਬਿੰਦ ਸਿੰਘ ਮਾਰਗ ਰੱਖਿਆ ਸੀ। ਇਲਾਕਾ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੋ ਸਬੰਧਤ ਅਧਿਕਾਰੀਆਂ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਜਲਦੀ ਹੋ ਸਕੇ ਇਸ ਮਾਰਗ ਨੂੰ ਮੁੰਕਮਲ ਕੀਤਾ ਜਾਵੇ। ਨਿਰਮਾਣ ਕਾਰਜ ਜਲਦ ਪੂਰਾ ਹੋਵੇਗਾ : ਐੱਸਡੀਐੱਮ ਜਦੋਂ ਇਸ ਸਬੰਧੀ ਐੱਸਡੀਐੱਮ ਨਿਹਾਲ ਸਿੰਘ ਵਾਲਾ ਗਗਨਦੀਪ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੀਡਬਲਿਊਡੀ ਨਾਲ ਮੀਟਿੰਗ ਕੀਤੀ ਹੈ ਅਤੇ ਉਨ੍ਹਾਂ ਨੂੰ ਇਸ ਨੂੰ ਜਲਦ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਜੋ ਜਲਦ ਪੂਰਾ ਹੋਵੇਗਾ ਇਹ ਮਾਰਗ।