ਫੀਡ ਤੇ ਸਰ੍ਹੋਂ ਦੀ ਖੱਲ ਦੇ ਅਸਮਾਨੀ ਚੜ੍ਹੇ ਭਾਅ, ਪਸ਼ੂ ਪਾਲਕ ਪਰੇਸ਼ਾਨ ਪੰਜਾਬ ’ਚ ਡੇਅਰੀ ਕਿੱਤੇ ਨਾਲ
Publish Date: Sun, 29 Nov 2026 04:49 PM (IST)
Updated Date: Sun, 29 Nov 2026 04:50 PM (IST)
ਦੁੱਧ ਦਾ ਰੇਟ 100 ਰੁਪਏ ਲਿਟਰ ਕਰਨ ਦੀ ਉੱਠੀ ਮੰਗ ਗੁਰਦੇਵ ਮਨੇਸ, ਪੰਜਾਬੀ ਜਾਗਰਣ ਕੋਟ ਈਸੇ ਖਾਂ: ਪੰਜਾਬ ’ਚ ਡੇਅਰੀ ਕਿੱਤੇ ਨਾਲ ਜੁੜੇ ਕਿਸਾਨਾਂ ਦੀਆਂ ਮੁਸ਼ਕਲਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਪਸ਼ੂਆਂ ਲਈ ਵਰਤੀ ਜਾਣ ਵਾਲੀ ਫੀਡ, ਸਰ੍ਹੋਂ ਦੀ ਖੱਲ ਅਤੇ ਹੋਰ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਨੇ ਡੇਅਰੀ ਪਾਲਕਾਂ ਦਾ ਆਰਥਿਕ ਤੌਰ ’ਤੇ ਲੱਕ ਤੋੜ ਕੇ ਰੱਖ ਦਿੱਤਾ ਹੈ। ਦੂਜੇ ਪਾਸੇ ਦੁੱਧ ਦੀ ਖ਼ਰੀਦ ਕੀਮਤ ’ਚ ਉਮੀਦ ਅਨੁਸਾਰ ਵਾਧਾ ਨਾ ਹੋਣ ਕਾਰਨ ਕਿਸਾਨਾਂ ਨੂੰ ਆਪਣੀ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ। ਅਜਿਹੇ ਹਾਲਾਤ ਵਿਚ ਡੇਅਰੀ ਦਾ ਕਿੱਤਾ ਕਰਨ ਵਾਲੇ ਛੋਟੇ ਅਤੇ ਦਰਮਿਆਨੇ ਕਿਸਾਨ ਨਿਰਾਸ਼ਾ ਵਿਚ ਹਨ ਅਤੇ ਉਨ੍ਹਾਂ ਨੂੰ ਆਪਣਾ ਇਹ ਰਵਾਇਤੀ ਕਿੱਤਾ ਜਾਰੀ ਰੱਖਣਾ ਵੀ ਔਖਾ ਜਾਪਣ ਲੱਗ ਪਿਆ ਹੈ। ਡੇਅਰੀ ਪਾਲਕਾਂ ਦਾ ਕਹਿਣਾ ਹੈ ਕਿ ਪਸ਼ੂਆਂ ਦੀ ਖੁਰਾਕ ਵਿਚ ਫੀਡ ਅਤੇ ਸਰ੍ਹੋਂ ਦੀ ਖੱਲ ਦਾ ਅਹਿਮ ਯੋਗਦਾਨ ਹੁੰਦਾ ਹੈ। ਇੰਨ੍ਹਾਂ ਵਸਤਾਂ ਦੇ ਰੇਟ ਵਧਣ ਨਾਲ ਰੋਜ਼ਾਨਾ ਪਸ਼ੂਆਂ ਉੱਪਰ ਹੋਣ ਵਾਲਾ ਖਰਚਾ ਕਾਫ਼ੀ ਵਧ ਗਿਆ ਹੈ। ਇਸ ਤੋਂ ਇਲਾਵਾ ਹਰੇ ਚਾਰੇ, ਤੂੜੀ, ਦਵਾਈਆਂ, ਪਸ਼ੂਆਂ ਦੇ ਇਲਾਜ ਅਤੇ ਮਜ਼ਦੂਰੀ ਦੇ ਖਰਚੇ ਵੀ ਕਿਸਾਨਾਂ ਦੀ ਆਰਥਿਕਤਾ ਉੱਪਰ ਬੋਝ ਪਾ ਰਹੇ ਹਨ। ਪਸ਼ੂਆਂ ਨੂੰ ਚੰਗੀ ਖੁਰਾਕ ਦੇਣਾ ਵੀ ਜ਼ਰੂਰੀ ਹੈ ਕਿਉਂਕਿ ਖੁਰਾਕ ਦੀ ਘਾਟ ਨਾਲ ਦੁੱਧ ਦੀ ਪੈਦਾਵਾਰ ਪ੍ਰਭਾਵਿਤ ਹੁੰਦੀ ਹੈ। ਕਿਸਾਨਾਂ ਨੇ ਦੱਸਿਆ ਕਿ ਪਿੰਡਾਂ ਦੇ ਖੇਤਰਾਂ ਵਿਚ ਦੁੱਧ ਦੀ ਖ਼ਰੀਦ ਕੀਮਤ ਮਹਿਜ਼ 45 ਤੋਂ 55 ਰੁਪਏ ਪ੍ਰਤੀ ਲਿਟਰ ਦੇ ਕਰੀਬ ਮਿਲ ਰਹੀ ਹੈ। ਡੇਅਰੀ ਪਾਲਕਾਂ ਨੇ ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਪਸ਼ੂ ਖੁਰਾਕ ਦੀਆਂ ਵਧਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਵਿਸ਼ੇਸ਼ ਨੀਤੀ ਬਣਾਈ ਜਾਵੇ ਅਤੇ ਦੁੱਧ ਦੀ ਖ਼ਰੀਦ ਕੀਮਤ ਵਿਚ ਮਹਿੰਗਾਈ ਦੇ ਅਨੁਸਾਰ ਵਾਧਾ ਕੀਤਾ ਜਾਵੇ। ਉਨ੍ਹਾਂ ਜ਼ੋਰਦਾਰ ਮੰਗ ਕੀਤੀ ਕਿ ਦੁੱਧ ਦਾ ਭਾਅ ਘੱਟੋ-ਘੱਟ 100 ਰੁਪਏ ਪ੍ਰਤੀ ਲਿਟਰ ਨਿਰਧਾਰਤ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਡੇਅਰੀ ਕਿੱਤੇ ਵਿੱਚੋਂ ਵਾਜਬ ਆਮਦਨ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਮਾਂ ਰਹਿੰਦੇ ਡੇਅਰੀ ਪਾਲਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਨਾ ਦਿੱਤਾ ਤਾਂ ਛੋਟੇ ਕਿਸਾਨਾਂ ਲਈ ਪਸ਼ੂ ਪਾਲਣ ਦਾ ਕਿੱਤਾ ਜਾਰੀ ਰੱਖਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ। ਡੇਅਰੀ ਕਿੱਤਾ ਪੇਂਡੂ ਖੇਤਰਾਂ ਵਿਚ ਰੁਜ਼ਗਾਰ ਦਾ ਵੱਡਾ ਸਾਧਨ ਹੈ, ਇਸ ਲਈ ਇਸ ਨੂੰ ਬਚਾਉਣ ਵਾਸਤੇ ਸਰਕਾਰ ਨੂੰ ਤੁਰੰਤ ਠੋਸ ਕਦਮ ਚੁੱਕਣੇ ਚਾਹੀਦੇ ਹਨ।