
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭੈਣ-ਭਰਾ ਦੇ ਪਵਿੱਤਰ ਰਿਸ਼ਤੇ

ਬੱਸਾਂ ਦੀ ਘਾਟ ਕਾਰਨ ਕਰਨਾ ਪਿਆ ਖੱਜਲ ਖੁਆਰੀ ਦਾ ਸਾਹਮਣਾ
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਮਨਾਉਣ ਲਈ ਸਵੇਰ ਤੋਂ ਹੀ ਭੈਣਾਂ ਦਾ ਆਪਣੇ ਭਰਾਵਾਂ ਦੇ ਘਰਾਂ ਵੱਲ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਆਪਣੇ ਵੀਰਾਂ ਦੀਆਂ ਕਲਾਈਆਂ ’ਤੇ ਪਿਆਰ ਅਤੇ ਸਨੇਹ ਦੀ ਡੋਰ ਬੰਨ੍ਹਣ ਲਈ ਵੱਡੀ ਗਿਣਤੀ ’ਚ ਔਰਤਾਂ ਦੂਰ-ਦੁਰਾਡੇ ਇਲਾਕਿਆਂ ਤੋਂ ਮੋਗਾ ਦੇ ਬੱਸ ਅੱਡੇ ’ਤੇ ਪਹੁੰਚੀਆਂ। ਇਸ ਕਾਰਨ ਸਵੇਰ ਤੋਂ ਹੀ ਬੱਸ ਅੱਡੇ ’ਤੇ ਭਾਰੀ ਭੀੜ ਅਤੇ ਚਹਿਲ-ਪਹਿਲ ਦੇਖਣ ਨੂੰ ਮਿਲੀ। ਰੱਖੜੀ ਦੇ ਤਿਉਹਾਰ ਨੂੰ ਲੈ ਕੇ ਔਰਤਾਂ ਵਿਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਕਈ ਔਰਤਾਂ ਆਪਣੇ ਨਾਲ ਰੱਖੜੀਆਂ, ਮਠਿਆਈਆਂ ਅਤੇ ਹੋਰ ਤੋਹਫ਼ੇ ਲੈ ਕੇ ਆਪਣੇ ਭਰਾਵਾਂ ਦੇ ਘਰਾਂ ਵੱਲ ਰਵਾਨਾ ਹੋ ਰਹੀਆਂ ਸਨ। ਕਈ ਪਰਿਵਾਰਾਂ ਦੇ ਮੈਂਬਰ ਆਪਣੀਆਂ ਧੀਆਂ, ਭੈਣਾਂ ਅਤੇ ਹੋਰ ਮਹਿਲਾ ਰਿਸ਼ਤੇਦਾਰਾਂ ਨੂੰ ਬੱਸ ਅੱਡੇ ਤੱਕ ਛੱਡਣ ਲਈ ਵੀ ਪਹੁੰਚੇ ਹੋਏ ਸਨ। ਮੋਗਾ ਦੇ ਬੱਸ ਅੱਡੇ ’ਤੇ ਸਵੇਰ ਤੋਂ ਹੀ ਵੱਖ-ਵੱਖ ਮੰਜ਼ਿਲਾਂ ਵੱਲ ਜਾਣ ਵਾਲੀਆਂ ਬੱਸਾਂ ਦੀ ਉਡੀਕ ਕਰ ਰਹੀਆਂ ਔਰਤਾਂ ਦੀ ਭਾਰੀ ਭੀੜ ਨਜ਼ਰ ਆਈ। ਬੱਸ ਅੱਡੇ ’ਤੇ ਮੌਜੂਦ ਭੀੜ ਵਿਚ 80 ਫ਼ੀਸਦੀ ਤੋਂ ਵੱਧ ਗਿਣਤੀ ਔਰਤਾਂ ਦੀ ਦਿਖਾਈ ਦੇ ਰਹੀ ਸੀ। ਹਰ ਪਾਸੇ ਰੱਖੜੀ ਦੇ ਤਿਉਹਾਰ ਦੀ ਰੌਣਕ ਅਤੇ ਭੈਣਾਂ ਦੇ ਆਪਣੇ ਪੇਕੇ ਘਰਾਂ ਵੱਲ ਜਾਣ ਦੀ ਉਤਸੁਕਤਾ ਦੇਖਣ ਨੂੰ ਮਿਲੀ। ਕਈ ਔਰਤਾਂ ਲੰਬੇ ਸਮੇਂ ਤੱਕ ਬੱਸ ਦੀ ਉਡੀਕ ਕਰਦੀਆਂ ਰਹੀਆਂ। ਜਿਵੇਂ ਹੀ ਕਿਸੇ ਰੂਟ ਦੀ ਬੱਸ ਬੱਸ ਅੱਡੇ ’ਤੇ ਪਹੁੰਚਦੀ, ਉਸ ਵਿੱਚ ਸਵਾਰ ਹੋਣ ਲਈ ਯਾਤਰੀਆਂ ਦੀ ਭੀੜ ਇਕੱਠੀ ਹੋ ਜਾਂਦੀ। ਜਿਹੜੀ ਵੀ ਬੱਸ ਉਪਲਬਧ ਹੋ ਰਹੀ ਸੀ, ਔਰਤਾਂ ਉਸੇ ਵਿੱਚ ਸਵਾਰ ਹੋ ਕੇ ਆਪਣੀ ਮੰਜ਼ਿਲ ਵੱਲ ਜਾਣ ਨੂੰ ਤਰਜੀਹ ਦੇ ਰਹੀਆਂ ਸਨ, ਕਿਉਂਕਿ ਹਰ ਭੈਣ ਦੀ ਕੋਸ਼ਿਸ਼ ਸੀ ਕਿ ਉਹ ਸਮੇਂ ਸਿਰ ਆਪਣੇ ਵੀਰ ਦੇ ਘਰ ਪਹੁੰਚ ਕੇ ਰੱਖੜੀ ਬੰਨ੍ਹ ਸਕੇ। ਤਿਉਹਾਰ ਮੌਕੇ ਯਾਤਰੀਆਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਣ ਦੇ ਬਾਵਜੂਦ ਰੋਡਵੇਜ਼ ਦੀਆਂ ਬੱਸਾਂ ਮੁਕਾਬਲਤਨ ਘੱਟ ਚੱਲ ਰਹੀਆਂ ਸਨ। ਇਸ ਕਾਰਨ ਬੱਸ ਅੱਡੇ ’ਤੇ ਯਾਤਰੀਆਂ ਨੂੰ ਕੁੱਝ ਸਮੇਂ ਤੱਕ ਬੱਸਾਂ ਦੀ ਉਡੀਕ ਕਰਨੀ ਪਈ। ਖ਼ਾਸ ਕਰਕੇ ਦੂਰ-ਦੁਰਾਡੇ ਜਾਣ ਵਾਲੀਆਂ ਔਰਤਾਂ ਨੂੰ ਵਧੇਰੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੱਸ ਅੱਡੇ ’ਤੇ ਮੌਜੂਦ ਔਰਤਾਂ ਦਾ ਕਹਿਣਾ ਸੀ ਕਿ ਰੱਖੜੀ ਵਰਗੇ ਮਹੱਤਵਪੂਰਨ ਤਿਉਹਾਰਾਂ ਮੌਕੇ ਹਰ ਸਾਲ ਯਾਤਰੀਆਂ ਦੀ ਗਿਣਤੀ ਕਾਫ਼ੀ ਵੱਧ ਜਾਂਦੀ ਹੈ। ਇਸ ਲਈ ਸਰਕਾਰ ਅਤੇ ਰੋਡਵੇਜ਼ ਵਿਭਾਗ ਨੂੰ ਪਹਿਲਾਂ ਤੋਂ ਹੀ ਵਿਸ਼ੇਸ਼ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਵਾਧੂ ਬੱਸਾਂ ਚਲਾਈਆਂ ਜਾਣ ਤਾਂ ਭੈਣਾਂ ਅਤੇ ਹੋਰ ਯਾਤਰੀਆਂ ਨੂੰ ਆਪਣੇ ਰਿਸ਼ਤੇਦਾਰਾਂ ਤੱਕ ਪਹੁੰਚਣ ਵਿਚ ਆਸਾਨੀ ਹੋ ਸਕਦੀ ਹੈ।
ਭੈਣਾਂ ਨੇ ਕੀਤੀ ਵਾਧੂ ਬੱਸਾਂ ਚਲਾਉਣ ਦੀ ਮੰਗ
ਬੱਸ ਅੱਡੇ ’ਤੇ ਬੱਸਾਂ ਦੀ ਉਡੀਕ ਕਰ ਰਹੀਆਂ ਔਰਤਾਂ ਸੰਦੀਪ ਕੌਰ, ਗਗਨਦੀਪ ਕੌਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਰੱਖੜੀ ਸਮੇਤ ਹੋਰ ਵੱਡੇ ਤਿਉਹਾਰਾਂ ਦੇ ਮੌਕੇ ਵਾਧੂ ਬੱਸਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰ ਵਾਲੇ ਦਿਨ ਆਮ ਦਿਨਾਂ ਨਾਲੋਂ ਕਿਤੇ ਵੱਧ ਲੋਕ ਸਫ਼ਰ ਕਰਦੇ ਹਨ ਅਤੇ ਖ਼ਾਸ ਕਰਕੇ ਵਿਆਹੀਆਂ ਭੈਣਾਂ ਆਪਣੇ ਪੇਕੇ ਘਰਾਂ ਵੱਲ ਜਾਂਦੀਆਂ ਹਨ। ਇੱਕ ਪਾਸੇ ਜਿੱਥੇ ਤਿਉਹਾਰ ਦੀ ਖੁਸ਼ੀ ਅਤੇ ਉਤਸ਼ਾਹ ਨਜ਼ਰ ਆਇਆ, ਉੱਥੇ ਦੂਜੇ ਪਾਸੇ ਬੱਸਾਂ ਦੀ ਘਾਟ ਕਾਰਨ ਯਾਤਰੀਆਂ ਨੂੰ ਆਵਾਜਾਈ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਭੈਣਾਂ ਨੇ ਆਸ ਪ੍ਰਗਟਾਈ ਕਿ ਭਵਿੱਖ ਵਿਚ ਅਜਿਹੇ ਮੌਕਿਆਂ ’ਤੇ ਸਰਕਾਰ ਵੱਲੋਂ ਵਾਧੂ ਬੱਸਾਂ ਦਾ ਯੋਗ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਉਹ ਬਿਨ੍ਹਾਂ ਖੱਜਲ-ਖੁਆਰੀ ਦੇ ਆਪਣੇ ਭਰਾਵਾਂ ਤੱਕ ਪਹੁੰਚ ਸਕਣ।