ਰਾਡ-ਡੰਡਿਆਂ ਨਾਲ ਹਮਲਾ ਕਰਨ ਆਏ ਬਦਮਾਸ਼ਾਂ 'ਤੇ ਚੱਲੀਆਂ ਗੋਲੀਆਂ, ਸਾਬਕਾ ਫੌਜੀ ਗਾਰਡ ਨੇ ਦਿਖਾਈ ਦਲੇਰੀ; ਜ਼ਖ਼ਮੀ ਸਾਥੀ ਨੂੰ ਲੈ ਕੇ ਭੱਜੇ ਹਮਲਾਵਰ ਮੋਗਾ-ਲੁਧਿਆਣਾ ਨੈਸ਼ਨਲ ਹਾਈਵੇ ’ਤੇ ਪਿੰਡ ਚੂੜਚੱਕ ਨੇੜੇ ਸਥਿਤ ਬਾਲਾ ਜੀ ਫਿਲਿੰਗ ਸਟੇਸ਼ਨ ’ਤੇ ਸੋਮਵਾਰ ਦੇਰ ਰਾਤ ਮਾਮੂਲੀ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ। ਚਿੱਟੇ ਰੰਗ ਦੀ ਸਕੌਰਪਿਓ ਵਿੱਚ ਸਵਾਰ ਛੇ ਨੌਜਵਾਨਾਂ ਨੇ ਪੈਟਰੋਲ ਪੰਪ ਦੇ ਕਰਮਚਾਰੀ ਜਸਪਾਲ ਸਿੰਘ ’ਤੇ ਲੋਹੇ ਦੀ ਰਾਡ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਕਰਮਚਾਰੀ ਨੂੰ ਬਚਾਉਣ ਲਈ ਮੌਕੇ ’ਤੇ ਤਾਇਨਾਤ ਸਾਬਕਾ ਫੌਜੀ ਅਤੇ ਸੁਰੱਖਿਆ ਗਾਰਡ ਜਗਰਾਜ ਸਿੰਘ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਦੋ ਹਵਾਈ ਫਾਇਰ ਕੀਤੇ। ਫਾਇਰਿੰਗ ਦੌਰਾਨ ਇੱਕ ਹਮਲਾਵਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਉਸ ਦੇ ਸਾਥੀ ਉਸ ਨੂੰ ਸਕੌਰਪਿਓ ਵਿੱਚ ਬਿਠਾ ਕੇ ਮੌਕੇ ਤੋਂ ਫਰਾਰ ਹੋ ਗਏ।
Publish Date: Wed, 09 Sep 2026 12:25 PM (IST)
Updated Date: Wed, 09 Sep 2026 12:26 PM (IST)
ਸੰਵਾਦ ਸਹਿਯੋਗੀ, ਜਾਗਰਣ, ਮੋਗਾ - ਮੋਗਾ-ਲੁਧਿਆਣਾ ਨੈਸ਼ਨਲ ਹਾਈਵੇ ’ਤੇ ਪਿੰਡ ਚੂੜਚੱਕ ਨੇੜੇ ਸਥਿਤ ਬਾਲਾ ਜੀ ਫਿਲਿੰਗ ਸਟੇਸ਼ਨ ’ਤੇ ਸੋਮਵਾਰ ਦੇਰ ਰਾਤ ਮਾਮੂਲੀ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ। ਚਿੱਟੇ ਰੰਗ ਦੀ ਸਕੌਰਪਿਓ ਵਿੱਚ ਸਵਾਰ ਛੇ ਨੌਜਵਾਨਾਂ ਨੇ ਪੈਟਰੋਲ ਪੰਪ ਦੇ ਕਰਮਚਾਰੀ ਜਸਪਾਲ ਸਿੰਘ ’ਤੇ ਲੋਹੇ ਦੀ ਰਾਡ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਕਰਮਚਾਰੀ ਨੂੰ ਬਚਾਉਣ ਲਈ ਮੌਕੇ ’ਤੇ ਤਾਇਨਾਤ ਸਾਬਕਾ ਫੌਜੀ ਅਤੇ ਸੁਰੱਖਿਆ ਗਾਰਡ ਜਗਰਾਜ ਸਿੰਘ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਦੋ ਹਵਾਈ ਫਾਇਰ ਕੀਤੇ। ਫਾਇਰਿੰਗ ਦੌਰਾਨ ਇੱਕ ਹਮਲਾਵਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਉਸ ਦੇ ਸਾਥੀ ਉਸ ਨੂੰ ਸਕੌਰਪਿਓ ਵਿੱਚ ਬਿਠਾ ਕੇ ਮੌਕੇ ਤੋਂ ਫਰਾਰ ਹੋ ਗਏ।
ਪਿੰਡ ਚੂੜਚੱਕ ਵਾਸੀ ਜਗਰਾਜ ਸਿੰਘ ਨੇ ਥਾਣਾ ਅਜੀਤਵਾਲ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਬਾਲਾ ਜੀ ਫਿਲਿੰਗ ਸਟੇਸ਼ਨ ’ਤੇ ਸੁਰੱਖਿਆ ਗਾਰਡ ਵਜੋਂ ਤਾਇਨਾਤ ਹੈ। ਸੋਮਵਾਰ 7 ਸਤੰਬਰ ਦੀ ਰਾਤ ਕਰੀਬ 10:30 ਵਜੇ ਛੇ ਨੌਜਵਾਨ ਚਿੱਟੇ ਰੰਗ ਦੀ ਸਕੌਰਪਿਓ ਵਿੱਚ ਪੈਟਰੋਲ ਪੰਪ ’ਤੇ ਪਹੁੰਚੇ। ਗੱਡੀ ਵਿੱਚ ਤੇਲ ਪਵਾਉਣ ਦੌਰਾਨ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦੀ ਕਰਮਚਾਰੀ ਜਸਪਾਲ ਸਿੰਘ ਨਾਲ ਬਹਿਸ ਹੋ ਗਈ।
ਡੀਐੱਸਪੀ ਨਿਹਾਲ ਸਿੰਘ ਵਾਲਾ ਅਨਵਰ ਅਲੀ ਮੁਤਾਬਕ, ਪੰਪ ਕਰਮਚਾਰੀ ਨੇ ਕਾਰ ਸਵਾਰ ਨੌਜਵਾਨਾਂ ਨੂੰ ਇੱਕ ਨੰਬਰ ਮਸ਼ੀਨ ਦੀ ਬਜਾਏ ਚਾਰ ਨੰਬਰ ਮਸ਼ੀਨ ਤੋਂ ਤੇਲ ਪਵਾਉਣ ਲਈ ਕਿਹਾ ਸੀ। ਇਸੇ ਗੱਲ ਨੂੰ ਲੈ ਕੇ ਦੋਵੇਂ ਧਿਰਾਂ ਵਿਚਕਾਰ ਬਹਿਸਬਾਜ਼ੀ ਸ਼ੁਰੂ ਹੋ ਗਈ। ਦੇਖਦੇ ਹੀ ਦੇਖਦੇ ਵਿਵਾਦ ਇੰਨਾ ਵੱਧ ਗਿਆ ਕਿ ਸਕੌਰਪਿਓ ਸਵਾਰ ਨੌਜਵਾਨਾਂ ਨੇ ਗੱਡੀ ਵਿੱਚੋਂ ਲੋਹੇ ਦੀ ਰਾਡ ਅਤੇ ਡੰਡੇ ਕੱਢ ਲਏ ਅਤੇ ਜਸਪਾਲ ਸਿੰਘ ’ਤੇ ਹਮਲਾ ਕਰ ਦਿੱਤਾ।
ਸਾਥੀ ਨੂੰ ਘਿਰਿਆ ਦੇਖ ਗਾਰਡ ਨੇ ਕੀਤੀ ਫਾਇਰਿੰਗ ਸਾਥੀ ਕਰਮਚਾਰੀ ਨੂੰ ਘਿਰਿਆ ਦੇਖ ਸੁਰੱਖਿਆ ਗਾਰਡ ਜਗਰਾਜ ਸਿੰਘ ਨੇ ਵਿਚਕਾਰ ਪੈ ਕੇ ਬਚਾਅ ਕੀਤਾ। ਹਮਲਾਵਰਾਂ ਨੂੰ ਰੋਕਣ ਅਤੇ ਕਰਮਚਾਰੀ ਦੀ ਜਾਨ ਬਚਾਉਣ ਲਈ ਉਸ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਹਵਾ ਵਿੱਚ ਦੋ ਫਾਇਰ ਕੀਤੇ। ਇਸੇ ਦੌਰਾਨ ਇੱਕ ਹਮਲਾਵਰ ਜ਼ਖ਼ਮੀ ਹੋ ਗਿਆ। ਫਾਇਰਿੰਗ ਹੁੰਦੇ ਹੀ ਹਮਲਾਵਰਾਂ ਵਿੱਚ ਭਗਦੜ ਮਚ ਗਈ ਅਤੇ ਉਹ ਆਪਣੇ ਜ਼ਖ਼ਮੀ ਸਾਥੀ ਨੂੰ ਸਕੌਰਪਿਓ ਵਿੱਚ ਬਿਠਾ ਕੇ ਮੌਕੇ ਤੋਂ ਫਰਾਰ ਹੋ ਗਏ।
ਸੀਸੀਟੀਵੀ ਫੁਟੇਜ ਰਾਹੀਂ ਮੁਲਜ਼ਮਾਂ ਦੀ ਭਾਲ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਅਜੀਤਵਾਲ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਸੁਰੱਖਿਆ ਗਾਰਡ ਜਗਰਾਜ ਸਿੰਘ ਦੇ ਬਿਆਨ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 109, 191(3) ਅਤੇ 190 ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਪੈਟਰੋਲ ਪੰਪ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਸਕੌਰਪਿਓ ਦੇ ਨੰਬਰ ਅਤੇ ਉਸ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਡੀਐੱਸਪੀ ਅਨਵਰ ਅਲੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ, ਸੁਰੱਖਿਆ ਗਾਰਡ ਦੀ ਮੁਸਤੈਦੀ ਕਾਰਨ ਹਮਲਾਵਰਾਂ ਨੂੰ ਮੌਕੇ ਤੋਂ ਭੱਜਣ ਲਈ ਮਜਬੂਰ ਹੋਣਾ ਪਿਆ।