ਸ਼ਿਵ ਸੈਨਾ ਪ੍ਰਧਾਨ ਦੀ ਸੁਰੱਖਿਆ ਵਾਪਸ ਲੈਣ ਦਾ ਵਿਰੋਧ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਮੋਗਾ
Publish Date: Mon, 03 Aug 2026 06:03 PM (IST)
Updated Date: Mon, 03 Aug 2026 06:04 PM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਮੋਗਾ ਵਿਚ ਇਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕਰਕੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਹਿੰਦੂ ਹਿਰਦੇ ਸਮਰਾਟ ਸ਼ੇਰੇ ਹਿੰਦ ਪਵਨ ਗੁਪਤਾ ਦੀ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਵਾਪਸ ਲਏ ਜਾਣ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ ਗਿਆ। ਆਗੂਆਂ ਨੇ ਦੋਸ਼ ਲਗਾਇਆ ਕਿ ਇਹ ਫ਼ੈਸਲਾ ਨਾ ਸਿਰਫ਼ ਇਕ ਰਾਸ਼ਟਰੀ ਪੱਧਰ ਦੇ ਆਗੂ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ, ਸਗੋਂ ਇਸ ਨਾਲ ਹਿੰਦੂ ਸਮਾਜ ਦੀਆਂ ਭਾਵਨਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ਿਵ ਸੈਨਾ ਹਿੰਦੁਸਤਾਨ ਦੇ ਪੰਜਾਬ ਜਨਰਲ ਸਕੱਤਰ ਵਿਕਾਸ ਕਪੂਰ, ਗਗਨ ਨੌਹਰੀਆ, ਰਾਮ ਬਚਨ ਰਾਇ ਅਤੇ ਮਨਦੀਪ ਸ਼ਰਮਾ ਨੇ ਕਿਹਾ ਕਿ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੂੰ ਮਿਲੀ ਸੁਰੱਖਿਆ ਅਚਾਨਕ ਵਾਪਸ ਲੈਣਾ ਸਮਝ ਤੋਂ ਪਰੇ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਪਿਛਲੇ ਮਹੀਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੱਢੇ ਗਏ ਤ੍ਰਿਸ਼ੂਲ ਮਾਰਚਾਂ ਦਾ ਮਕਸਦ ਆਤੰਕਵਾਦ ਦੇ ਦੌਰ ਦੌਰਾਨ ਪ੍ਰਭਾਵਿਤ ਹੋਏ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣਾ ਅਤੇ ਲੰਬੇ ਸਮੇਂ ਤੋਂ ਬਕਾਇਆ ਮੁਆਵਜ਼ਾ ਜਾਰੀ ਕਰਵਾਉਣ ਦੀ ਮੰਗ ਉਠਾਉਣਾ ਸੀ। ਉਨ੍ਹਾਂ ਦੱਸਿਆ ਕਿ ਸ਼ਿਵ ਸੈਨਾ ਹਿੰਦੁਸਤਾਨ ਲਗਾਤਾਰ ਉਨ੍ਹਾਂ ਪਰਿਵਾਰਾਂ ਲਈ ਆਵਾਜ਼ ਉਠਾ ਰਹੀ ਹੈ ਜੋ ਆਤੰਕਵਾਦ ਦੇ ਸਮੇਂ ਪ੍ਰਭਾਵਿਤ ਹੋਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਪਾਰਟੀ ਵੱਲੋਂ ਕੇਂਦਰ ਅਤੇ ਰਾਜ ਸਰਕਾਰ ਕੋਲ ਮੁਆਵਜ਼ੇ ਦੀ ਰਕਮ ਵਧਾ ਕੇ ਜਾਰੀ ਕਰਨ ਸਮੇਤ ਕਈ ਹੋਰ ਮੰਗਾਂ ਰੱਖੀਆਂ ਗਈਆਂ ਹਨ, ਪਰ ਅਜੇ ਤੱਕ ਇਸ ਸਬੰਧੀ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਨੇ ਕਦੇ ਵੀ ਕਿਸੇ ਖਾਸ ਰਾਜਨੀਤਿਕ ਪਾਰਟੀ ਦਾ ਵਿਰੋਧ ਨਹੀਂ ਕੀਤਾ। ਜਿੱਥੇ ਵੀ ਹਿੰਦੂ ਸਮਾਜ ਜਾਂ ਸਨਾਤਨ ਨਾਲ ਜੁੜੇ ਮੁੱਦਿਆਂ ਤੇ ਸਰਕਾਰਾਂ ਨੇ ਸਕਾਰਾਤਮਕ ਕਦਮ ਚੁੱਕੇ ਹਨ, ਪਾਰਟੀ ਨੇ ਉਨ੍ਹਾਂ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤੀਰਥ ਯਾਤਰਾਵਾਂ ਅਤੇ ਧਾਰਮਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਰਗੇ ਕਦਮਾਂ ਦੀ ਵੀ ਪਾਰਟੀ ਨੇ ਸ਼ਲਾਘਾ ਕੀਤੀ ਹੈ ਪਰ ਇਸ ਦੇ ਬਾਵਜੂਦ ਰਾਸ਼ਟਰੀ ਪ੍ਰਧਾਨ ਦੀ ਸੁਰੱਖਿਆ ਵਾਪਸ ਲੈਣ ਦਾ ਫ਼ੈਸਲਾ ਨਿਰਾਸ਼ਾਜਨਕ ਹੈ। ਗਗਨ ਨੌਹਰੀਆ, ਰਾਮ ਬਚਨ ਰਾਇ ,ਮਨਦੀਪ ਸ਼ਰਮਾ ਨੇ ਕਿਹਾ ਕਿ ਪਾਰਟੀ ਦੀਆਂ ਮੰਗਾਂ ਵਿਚ ਪ੍ਰਭਾਵਿਤ ਪਰਿਵਾਰਾਂ ਨੂੰ ਯੋਗ ਮੁਆਵਜ਼ਾ, ਧਾਰਮਿਕ ਸਥਾਨਾਂ ਦੇ ਵਿਕਾਸ, ਹਿੰਦੂ ਮੰਦਰ ਐਕਟ ਬਣਾਉਣ ਅਤੇ ਗੌ ਰੱਖਿਆ ਨਾਲ ਸੰਬੰਧਿਤ ਕਾਨੂੰਨਾਂ ਨੂੰ ਹੋਰ ਮਜ਼ਬੂਤ ਕਰਨ ਵਰਗੇ ਮੁੱਦੇ ਸ਼ਾਮਲ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਾਰੀਆਂ ਮੰਗਾਂ ਸਮਾਜਿਕ ਅਤੇ ਧਾਰਮਿਕ ਹਿੱਤਾਂ ਨਾਲ ਜੁੜੀਆਂ ਹਨ ਅਤੇ ਕਿਸੇ ਨਿੱਜੀ ਲਾਭ ਲਈ ਨਹੀਂ ਰੱਖੀਆਂ ਗਈਆਂ। ਉਨ੍ਹਾਂ ਦੋਸ਼ ਲਗਾਇਆ ਕਿ ਪਾਰਟੀ ਵੱਲੋਂ ਕੱਢੇ ੱਗਏ ਤ੍ਰਿਸ਼ੂਲ ਮਾਰਚ ਨੂੰ ਸਰਕਾਰ ਨੇ ਸਕਾਰਾਤਮਕ ਢੰਗ ਨਾਲ ਲੈਣ ਦੀ ਬਜਾਏ ਨਕਾਰਾਤਮਕ ਨਜ਼ਰੀਏ ਨਾਲ ਦੇਖਿਆ ਅਤੇ ਇਸ ਤੋਂ ਬਾਅਦ ਹੀ ਰਾਸ਼ਟਰੀ ਪ੍ਰਧਾਨ ਸ਼ੇਰ ਹਿੰਦ ਸਮਰਾਟ ਪਵਨ ਕੁਮਾਰ ਗੁਪਤਾ ਦੀ ਸੁਰੱਖਿਆ ਵਾਪਸ ਲੈ ਲਈ ਗਈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਪਾਰਟੀ ਦੇ ਵਫ਼ਦ ਨੂੰ ਗੱਲਬਾਤ ਲਈ ਬੁਲਾ ਕੇ ਇਸ ਮਸਲੇ ਦਾ ਹੱਲ ਕੱਢ ਸਕਦੀ ਸੀ। ਪ੍ਰੈਸ ਕਾਨਫਰੰਸ ਦੌਰਾਨ ਆਗੂਆਂ ਨੇ ਐਲਾਨ ਕੀਤਾ ਕਿ 30 ਅਗਸਤ ਨੂੰ ਮੁਹਾਲੀ ਤੋਂ ਮੁੱਖ ਮੰਤਰੀ ਨਿਵਾਸ ਤੱਕ ਵਿਸ਼ਾਲ ਤ੍ਰਿਸ਼ੂਲ ਮਾਰਚ ਕੱਢਿਆ ਜਾਵੇਗਾ, ਜਿਸ ਵਿਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਸ਼ਿਵ ਸੈਨਿਕ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਤੇ ਵਿਚਾਰ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਵਿਕਾਸ ਕਪੂਰ, ਗਗਨ ਨੌਹਰੀਆ, ਰਾਮ ਬਚਨ ਰਾਇ, ਮਨਦੀਪ ਸ਼ਰਮਾ ਨੇ ਇਹ ਵੀ ਕਿਹਾ ਕਿ ਪਾਰਟੀ ਆਪਣੇ ਰਾਸ਼ਟਰੀ ਪ੍ਰਧਾਨ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੈ ਅਤੇ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਸਥਾਨਕ ਇਕਾਈਆਂ ਉਨ੍ਹਾਂ ਦੀ ਸੁਰੱਖਿਆ ਲਈ ਆਪਣੀ ਜ਼ਿੰਮੇਵਾਰੀ ਨਿਭਾਉਣਗੀਆਂ। ਉਨ੍ਹਾਂ ਨੇ ਕਿਹਾ ਕਿ ਪਾਰਟੀ ਨੂੰ ਉਮੀਦ ਹੈ ਕਿ ਸਰਕਾਰ ਇਸ ਫ਼ੈਸਲੇ ਤੇ ਮੁੜ ਵਿਚਾਰ ਕਰੇਗੀ ਅਤੇ ਲੋਕਤੰਤਰੀ ਢੰਗ ਨਾਲ ਗੱਲਬਾਤ ਦਾ ਰਸਤਾ ਅਪਣਾਏਗੀ। ਇਸ ਮੌਕੇ ਸ਼ਿਵ ਸੈਨਾ ਦੇ ਉੱਪ ਪ੍ਰਧਾਨ ਪੰਜਾਬ ਗਗਨ ਨੌਹਰੀਆ ਉੱਪ ਪੰਜਾਬ ਪ੍ਰਧਾਨ ਰਾਮ ਬਚਨ ਰਾਏ, ਪੰਜਾਬ ਮਹਿਲਾ ਸੈਨਾ ਦੀ ਪ੍ਰਧਾਨ ਮਨਦੀਪ ਸ਼ਰਮਾ,ਸ਼ਿਵ ਸੈਨਾ ਦੇ ਉੱਪ ਪੰਜਾਬ ਪ੍ਰਧਾਨ ਰਾਮ ਬਚਨ ਰਾਏ, ਪੰਜਾਬ ਮਹਿਲਾ ਸੈਨਾ ਦੀ ਪ੍ਰਧਾਨ ਮਨਦੀਪ ਸ਼ਰਮਾ, ਸ਼ਿਵ ਸੈਨਾ ਹਿੰਦੁਸਤਾਨ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਕੁਮਾਰ, ਵਪਾਰ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਵਿਕਾਸ ਕੱਕੜ, ਜ਼ਿਲ੍ਹਾ ਚੇਅਰਮੈਨ ਵਿਨੋਦ ਕੁਮਾਰ ਭੋਲਾ, ਹਨੂਮਾਨ ਸੇਵਾ ਦਲ ਦੇ ਰਾਸ਼ਟਰੀ ਪ੍ਰਚਾਰਕ ਬਾਬਾ ਸ਼ਿਵਮ ਨਾਥ, ਅਮਨ ਸਹਿਗਲ, ਸੁਖਵਿੰਦਰ ਸਿੰਘ, ਡਾ. ਗੁਰਸੇਵਕ ਸਿੰਘ, ਰਵਿੰਦਰ ਕੁਮਾਰ, ਬਾਬੂਲਾਲ ਅਤੇ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਸਮੇਤ ਹੋਰ ਅਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ ਵਿਚ ਮੌਜੂਦ ਸਨ।