ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਜਾਵੇਗਾ : ਦੀਨਾ ਸਥਾਨਕ ਸ਼ਹੀਦ ਨਛੱਤਰ ਧਾਲੀਵਾਲ
Publish Date: Sun, 13 Sep 2026 03:41 PM (IST)
Updated Date: Sun, 13 Sep 2026 03:44 PM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਸਥਾਨਕ ਸ਼ਹੀਦ ਨਛੱਤਰ ਧਾਲੀਵਾਲ ਭਵਨ ਮੋਗਾ ਵਿਖੇ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਦੀ ਸਰਬ ਸਾਂਝੀ ਮੀਟਿੰਗ ਹੋਈ। ਜਿਸਦੀ ਪ੍ਰਧਾਨਗੀ ਇੰਦਰਜੀਤ ਦੀਨਾ ਨੇ ਕੀਤੀ। ਮੀਟਿੰਗ ਵਿਚ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਇੰਚਾਰਜ ਕੁਲਦੀਪ ਭੋਲਾ ਅਤੇ ਪਦਾਰਥਵਾਦੀ ਵਿਚਾਰ ਮੰਚ ਦੇ ਕਨਵੀਨਰ ਇੰਦਰਵੀਰ ਗਿੱਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਾਈ ਕੁਲਦੀਪ ਭੋਲਾ ਨੇ ਨੌਜਵਾਨ ਸਭਾ ਅਤੇ ਸਟੂਡੈਂਟਸ ਫੈੱਡਰੇਸ਼ਨ ਦੇ ਸ਼ਾਨਾਮੱਤੇ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਜਥੇਬੰਦੀਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ, ਉਨ੍ਹਾਂ ਕਿਹਾ ਕਿ ਸਰਮਾਏਦਾਰੀ ਪੱਖੀ ਸਰਕਾਰਾਂ ਨੇ ਭਗਤ ਸਿੰਘ ਨੂੰ ਵਿਸਾਰ ਦਿੱਤਾ ਸੀ, ਲੋਕ ਮਨਾਂ ’ਚੋਂ ਸ਼ਹੀਦਾਂ ਨੂੰ ਖ਼ਤਮ ਕਰ ਦਿੱਤਾ ਸੀ ਤਾਂ ਕਿ ਭਗਤ ਸਿੰਘ ਦੀ ਸਮਾਜਵਾਦੀ ਸੋਚ ਤੋਂ ਲੋਕ ਪ੍ਰਭਾਵਿਤ ਹੋਕੇ ਭਗਤ ਸਿੰਘ ਦੇ ਰਾਹ ਤੇ ਨਾ ਚੱਲ ਪੈਣ। ਅਜਿਹੇ ਸਮੇਂ ਜਥੇਬੰਦੀਆਂ ਨੇ ਪਹਿਲ ਕਦਮੀ ਕਰਦਿਆਂ 1997 ਵਿਚ ਸਾਡਾ ਉਦੇਸ਼, ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਨਾਅਰੇ ਹੇਠ ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ ਵਿੱਢੀ ਪੰਜ ਬੁਨਿਆਦੀ ਮੰਗਾਂ ਦਾ ਪ੍ਰੋਗਰਾਮ ਬਣਾਇਆ ਗਿਆ। ਇੰਨ੍ਹਾਂ ਪੰਜ ਮੰਗਾਂ ’ਚੋਂ ਮੁੱਖ ਸੀ 18 ਤੋਂ 58 ਸਾਲ ਦੇ ਹਰ ਮਰਦ/ਇਸਤਰੀ ਨੂੰ ਜੋ ਚਾਹੁੰਦਾ ਹੈ, ਨੂੰ ਰੁਜ਼ਗਾਰ ਦਿੱਤਾ ਜਾਵੇ। ਜੇ ਸਰਕਾਰ ਰੁਜ਼ਗਾਰ ਦੇਣ ਵਿਚ ਫੇਲ੍ਹ ਹੈ ਤਾਂ ਘੱਟੋ ਘੱਟ ਤਨਖ਼ਾਹ ਦਾ ਅੱਧ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ ਤਾਂ ਕਿ ਉਹ ਗੈਰ ਮਿਥਾਜੀ ਭੁੱਖਮਰੀ, ਨਸ਼ਿਆਂ ਦਾ ਸ਼ਿਕਾਰ ਨਾ ਹੋਵੇ। ਇਸ ਰੁਜ਼ਗਾਰ ਦੀ ਮੰਗ ’ਤੇ ਅਧਾਰਿਤ ਪੰਜਾਬ ਦੇ ਅਨੇਕਾਂ ਪਿੰਡਾਂ/ਸ਼ਹਿਰਾਂ ਵਿਚ ਸ਼ਹੀਦ ਭਗਤ ਸਿੰਘ ਦੇ, ਸ਼ਹੀਦ ਊਧਮ ਸਿੰਘ ਦੇ, ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ ਸੱਭਿਆਚਾਰਕ ਮੇਲੇ ਕਰਵਾਏ ਗਏ। ਜਿਸ ਦੇ ਚਲਦਿਆਂ ਪੰਜਾਬ ’ਚ ਹੀ ਨਹੀਂ ਬਲਕਿ ਦੇਸ਼ ਦੀ ਜਵਾਨੀ ਵੀ ਰੁਜ਼ਗਾਰ ਦੇ ਮੁੱਦੇ ’ਤੇ ਲਾਮਬੰਦ ਹੋਈ। ਇਸ ਸਮੇਂ ਸਰਵ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਜਗਵਿੰਦਰ ਕਾਕਾ ਨੇ ਕਿਹਾ ਕਿ ਭਗਤ ਸਿੰਘ ਦੇ ਜਨਮ ਦਿਨ ਤੇ ਮੋਗਾ ਵਿਚ ਹੋ ਰਹੇ ਵਿਦਿਆਰਥੀ ਨੌਜਵਾਨ ਬਾ ਵਰਦੀ ਵਲੰਟੀਅਰ ਮਾਰਚ ਵਿਚ ਮੋਗਾ ਜ਼ਿਲ੍ਹੇ ਦੇ ਵੱਡੀ ਗਿਣਤੀ ਵਿਚ ਨੌਜਵਾਨ ਵਿਦਿਆਰਥੀ ਸ਼ਾਮਲ ਹੋਣਗੇ। ਜਿਸ ਦੀਆਂ ਤਿਆਰੀਆਂ ਮੋਗਾ ਜ਼ਿਲ੍ਹੇ ਦੇ ਸਾਰੇ ਪਿੰਡਾਂ, ਸਕੂਲਾਂ ਅਤੇ ਕਾਲਜਾਂ ਵਿਚ ਵੱਡੀ ਪੱਧਰ ’ਤੇ ਚੱਲ ਰਹੀਆਂ ਹਨ। ਮੀਟਿੰਗ ਵਿਚ ਸ਼ਾਮਲ ਰਾਜੂ ਮਹੇਸ਼ਰੀ, ਜਬਰਜੰਗ ਮਹੇਸ਼ਰੀ, ਬੋਹੜ ਬੁੱਟਰ, ਹਰਮਨ ਤਖਾਣਵੱਧ, ਇਕਬਾਲ ਤਖਾਣਵੱਧ, ਸੁਰਜੀਤ ਸੀਤਾ, ਗੁਰਪ੍ਰੀਤ ਮੱਲ੍ਹੀਆਂ ਵਾਲਾ, ਜੀਵਨ ਜੋਗੇਵਾਲਾ, ਸੁੱਖ ਮਹੇਸ਼ਰੀ, ਕੁਲਬੀਰ ਮਹੇਸ਼ਰੀ, ਜਗਸੀਰ ਖੋਸਾ, ਜਸਵਿੰਦਰ ਡਾਲਾ ਅਤੇ ਰਾਜਾ ਤਖਾਣਵੱਧ ਆਦਿ ਸ਼ਾਮਲ ਹੋਏ।