ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਿਆਂ ਦੇ ਬਰਸੀ ਸਮਾਗਮ ਆਰੰਭ ਸਥਾਨਕ ਇਲਾਕੇ ਦੇ ਪ੍ਰਸਿੱਧ ਧਾਰਮਿਕ
Publish Date: Sun, 29 Nov 2026 03:38 PM (IST)
Updated Date: Sun, 29 Nov 2026 03:40 PM (IST)
ਗੁਰਦੇਵ ਮਨੇਸ, ਪੰਜਾਬੀ ਜਾਗਰਣ ਕੋਟ ਈਸੇ ਖਾਂ: ਸਥਾਨਕ ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲੇ ਪਿੰਡ ਦੋਲੇਵਾਲਾ ਮਾਇਰ ਵਿਖੇ ਨਗਰ ਨਿਵਾਸੀਆਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਤੁਲਸੀ ਦਾਸ ਜੀ ਦੀ 53ਵੀਂ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਲੜੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁਰੂ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ 26 ਸ੍ਰੀ ਅਖੰਡ ਜਾਪ ਆਰੰਭ ਕਰਵਾਏ ਗਏ। ਸਮਾਗਮ ਦੀ ਆਰੰਭਤਾ ਮੌਕੇ ਹੈੱਡ ਗਿਆਨੀ ਜਗਤਾਰ ਸਿੰਘ ਨੇ ਗੁਰੂ ਚਰਨਾਂ ’ਚ ਅਰਦਾਸ ਕੀਤੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਇਸ ਮੌਕੇ ਸੰਗਤਾਂ ਨੇ ਪੂਰੀ ਸ਼ਰਧਾ ਭਾਵਨਾ ਨਾਲ ਹਾਜ਼ਰੀ ਭਰਦਿਆਂ ਬਾਬਾ ਤੁਲਸੀ ਦਾਸ ਜੀ ਵੱਲੋਂ ਦਰਸਾਏ ਗਏ ਧਾਰਮਿਕ ਅਤੇ ਅਧਿਆਤਮਿਕ ਮਾਰਗ ਤੇ ਚੱਲਣ ਦਾ ਪ੍ਰਣ ਕੀਤਾ। ਗੁਰਬਾਣੀ ਅਤੇ ਨਾਮ ਸਿਮਰਨ ਨਾਲ ਜੁੜਨ ਦਾ ਸੰਦੇਸ਼ ਵੀ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਦੇਸ਼ ਦੀ ਵੰਡ ਤੋਂ ਬਾਅਦ ਬਾਬਾ ਤੁਲਸੀ ਦਾਸ ਜੀ ਦੋਲੇਵਾਲਾ ਮਾਇਰ ਵਿਖੇ ਇਕ ਬੀਆਬਾਨ ਜੰਗਲ ਵਿਚ ਆ ਕੇ ਰਹਿਣ ਲੱਗ ਪਏ ਸਨ। ਉਨ੍ਹਾਂ ਨੇ ਉੱਥੇ ਕੱਖਾਂ ਦੀ ਝੁੱਗੀ ਬਣਾ ਕੇ ਆਪਣਾ ਨਿਵਾਸ ਸਥਾਨ ਬਣਾਇਆ ਅਤੇ ਲਗਾਤਾਰ 28 ਸਾਲ ਮਹਾਨ ਤਪੱਸਿਆ ਕੀਤੀ। ਇਸ ਸਮੇਂ ਦੌਰਾਨ ਉਨ੍ਹਾਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ, ਨਾਮ ਸਿਮਰਨ ਕਰਨ ਅਤੇ ਗੁਰਮਤਿ ਦੇ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਦੀ ਸਾਦਗੀ, ਤਿਆਗ ਅਤੇ ਅਧਿਆਤਮਿਕ ਜੀਵਨ ਕਾਰਨ ਇਲਾਕੇ ਦੀਆਂ ਸੰਗਤਾਂ ਵਿਚ ਉਨ੍ਹਾਂ ਪ੍ਰਤੀ ਅਥਾਹ ਸ਼ਰਧਾ ਹੈ। ਬਾਬਾ ਤੁਲਸੀ ਦਾਸ ਜੀ 5 ਦਸੰਬਰ 1974 ਨੂੰ ਸਵੇਰੇ ਅੰਮ੍ਰਿਤ ਵੇਲੇ 6 ਵੱਜ ਕੇ 32 ਮਿੰਟ ਤੇ ਜੋਤੀ ਜੋਤ ਸਮਾ ਗਏ ਸਨ। ਉਨ੍ਹਾਂ ਦੀਆਂ ਪਵਿੱਤਰ ਯਾਦਾਂ ਨੂੰ ਸਦਾ ਤਾਜ਼ਾ ਰੱਖਣ ਅਤੇ ਉਨ੍ਹਾਂ ਵੱਲੋਂ ਦਰਸਾਏ ਗਏ ਮਾਰਗ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਹਰ ਸਾਲ ਸ਼ਰਧਾ ਨਾਲ ਬਰਸੀ ਸਮਾਗਮ ਕਰਵਾਏ ਜਾਂਦੇ ਹਨ। ਇਸ ਮੌਕੇ ਸੇਵਾਦਾਰ ਕੁਲਵਿੰਦਰ ਸਿੰਘ ਮਨੇਸ, ਬਲਵੰਤ ਸਿੰਘ, ਗੱਜਨ ਸਿੰਘ, ਸੈਕਟਰੀ ਇੰਦਰਜੀਤ ਸਿੰਘ, ਬਾਬਾ ਸ਼ੇਰਾ ਸਿੰਘ, ਬਾਬਾ ਭੋਲਾ ਸਿੰਘ ਲਲਿਹਾਦੀ, ਕਾਰਜ ਸਿੰਘ ਸਦਰ ਕੋਟ, ਸੁਖਵਿੰਦਰ ਸਿੰਘ ਸਰਪੰਚ, ਇਕਬਾਲ ਸਿੰਘ ਸਰਪੰਚ, ਬੂਟਾ ਸਿੰਘ ਡੱਲੇ ਵਾਲ, ਜਗਤਾਰ ਸਿੰਘ ਮੈਂਬਰ ਪੰਚਾਇਤ, ਗੁਰਮੀਤ ਢਿਲੋਂ, ਕਾਲਾ ਢਿਲੋਂ,ਬੂਟਾ ਸਿੰਘ ਠੀਗ, ਦਲਜੀਤ ਸਿੰਘ ਸਿੱਧੂ, ਮਹਿੰਦਰ ਸਿੰਘ, ਸੁੱਖ ਰੰਧਾਵਾ, ਗੁਰਪ੍ਰੀਤ ਰੰਧਾਵਾ, ਡਾ. ਗੁਰਮੇਜ ਸਿੰਘ ਆਦ ਹਜਾਰਾਂ ਸੰਗਤਾਂ ਹਾਜ਼ਰ ਸਨ।