ਸਰਪੰਚ ਮਿੰਟੂ ਨੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਕੀਤੀ ਮੁਲਾਕਾਤ ਪਿੰਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ
Publish Date: Wed, 18 Nov 2026 04:28 PM (IST)
Updated Date: Thu, 19 Nov 2026 04:01 AM (IST)
ਰਣਸੀਂਹ ਕਲਾਂ ਦੇ ਵਿਕਾਸ ਮਾਡਲ ਨੂੰ ਦੇਸ਼ ਪੱਧਰ ’ਤੇ ਲਾਗੂ ਕਰਨ ਦੀ ਕੀਤੀ ਮੰਗ, ਵਿਕਾਸ ਤੇ ਕੁਦਰਤ ਪੱਖੀ ਸੋਚ ਨੂੰ ਦੇਸ਼ ਭਰ ਵਿਚ ਅੱਗੇ ਵਧਾਉਣ ਬਾਰੇ ਹੋਈ ਲੰਬੀ ਵਿਚਾਰ-ਚਰਚਾ, ਦੋਵਾਂ ਨੇ ਸਾਂਝਾ ਅੰਬ ਦਾ ਬੂਟਾ ਵੀ ਲਗਾਇਆ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਪਿੰਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਅਤੇ ਕੁਦਰਤ ਪੱਖੀ ਵਿਕਾਸ ਮਾਡਲ ਨੂੰ ਦੇਸ਼ ਪੱਧਰ ਤੇ ਉਭਾਰਨ ਦੇ ਉਦੇਸ਼ ਨਾਲ ਪਿੰਡ ਰਣਸੀਂਹ ਕਲਾਂ ਦੇ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਨੇ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਰਣਸੀਂਹ ਕਲਾਂ ਵਿਚ ਅਪਣਾਏ ਜਾ ਰਹੇ ਵਿਕਾਸ ਮਾਡਲ ਨੂੰ ਦੇਸ਼ ਦੇ ਹੋਰਨਾਂ ਪਿੰਡਾਂ ਵਿਚ ਲਾਗੂ ਕਰਨ ਦੀਆਂ ਸੰਭਾਵਨਾਵਾਂ ਸਬੰਧੀ ਲੰਬੀ ਅਤੇ ਵਿਸਥਾਰਪੂਰਵਕ ਚਰਚਾ ਹੋਈ। ਇਸ ਮੁਲਾਕਾਤ ਨੂੰ ਪਿੰਡ ਰਣਸੀਂਹ ਕਲਾਂ ਦੇ ਵਿਕਾਸ ਕਾਰਜਾਂ ਅਤੇ ਪਿੰਡ ਪੱਧਰ ਤੇ ਕੁਦਰਤ ਨਾਲ ਜੁੜੀ ਵਿਕਾਸ ਦੀ ਸੋਚ ਨੂੰ ਵੱਡੇ ਮੰਚ ਤੇ ਪੇਸ਼ ਕਰਨ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ। ਸਰਪੰਚ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਨੇ ਕੇਂਦਰੀ ਮੰਤਰੀ ਨਾਲ ਪਿੰਡ ਦੇ ਵਿਕਾਸ ਮਾਡਲ, ਲੋਕ ਭਲਾਈ ਕਾਰਜਾਂ ਅਤੇ ਵਾਤਾਵਰਨ ਨੂੰ ਸੁਰੱਖਿਅਤ ਰੱਖਦਿਆਂ ਵਿਕਾਸ ਨੂੰ ਅੱਗੇ ਵਧਾਉਣ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਸਰਪੰਚ ਮਿੰਟੂ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਵਿਕਾਸ ਅਤੇ ਕੁਦਰਤ ਪੱਖੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੇ ਸੰਕਲਪ ਨਾਲ ਦੋਵਾਂ ਵੱਲੋਂ ਸਾਂਝਾ ਅੰਬ ਦਾ ਬੂਟਾ ਵੀ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਬੂਟਾ ਵਿਕਾਸ ਦੇ ਨਾਲ ਕੁਦਰਤ ਦੀ ਸੰਭਾਲ, ਹਰਿਆਲੀ ਅਤੇ ਸਾਂਝੀ ਵਚਨਬੱਧਤਾ ਦਾ ਪ੍ਰਤੀਕ ਹੈ। ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਰਣਸੀਂਹ ਕਲਾਂ ਵੱਲੋਂ ਪਿੰਡ ਦੇ ਵਿਕਾਸ, ਸਫ਼ਾਈ ਅਤੇ ਵਾਤਾਵਰਨ ਸੰਭਾਲ ਲਈ ਅਪਣਾਏ ਜਾ ਰਹੇ ਮਾਡਲ ਦੀ ਦੇਸ਼ ਪੱਧਰ ਤੇ ਚਰਚਾ ਹੋਣ ਲੱਗੀ ਹੈ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਿੰਡ ਰਣਸੀਂਹ ਕਲਾਂ ਦੇ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੇ ਇਸ ਪਿੰਡ ਦੇ ਸਰਪੰਚ ਤੋਂ ਦੇਸ਼ ਦੇ ਹੋਰਨਾਂ ਲੋਕਾਂ ਅਤੇ ਪਿੰਡਾਂ ਨੂੰ ਵੀ ਸਿੱਖਿਆ ਲੈਣ ਦੀ ਲੋੜ ਹੈ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਿੰਡ ਰਣਸੀਂਹ ਕਲਾਂ ਦੇ ਵਿਕਾਸ ਅਤੇ ਸਫ਼ਾਈ ਪ੍ਰਬੰਧਾਂ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕਰਦਿਆਂ ਕਿਹਾ ਕਿ ਪੂਰੇ ਪਿੰਡ ਵਿਚ ਕੋਈ ਖੁੱਲ੍ਹੀ ਨਾਲੀ ਨਹੀਂ ਹੈ ਅਤੇ ਪਿੰਡ ਵਿਚ ਸੀਵਰੇਜ ਸਿਸਟਮ ਦੀ ਵਿਵਸਥਾ ਕੀਤੀ ਗਈ ਹੈ। ਪਿੰਡ ਵਿਚ ਕਚਰਾ ਇਕੱਠਾ ਕਰਨ ਅਤੇ ਇਸ ਦੇ ਬਦਲੇ ਲੋਕਾਂ ਨੂੰ ਖੰਡ ਤੇ ਸ਼ੱਕਰ ਦੇਣ ਵਰਗਾ ਉਪਰਾਲਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਨਾਲ ਲੋਕਾਂ ਨੂੰ ਕਚਰਾ ਇੱਧਰ-ਉੱਧਰ ਸੁੱਟਣ ਦੀ ਬਜਾਏ ਇਕੱਠਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਕੇਂਦਰੀ ਮੰਤਰੀ ਵੱਲੋਂ ਸਰਪੰਚ ਮਿੰਟੂ ਦੀ ਸ਼ਲਾਘਾ ਕੀਤੇ ਜਾਣ ਨਾਲ ਰਣਸੀਂਹ ਕਲਾਂ ਦੇ ਪਿੰਡ ਪੱਧਰੀ ਵਿਕਾਸ ਮਾਡਲ ਨੂੰ ਹੋਰ ਪਛਾਣ ਮਿਲਣ ਦੀ ਉਮੀਦ ਹੈ। ਪਿੰਡ ਵੱਲੋਂ ਸਫ਼ਾਈ, ਸੀਵਰੇਜ, ਕਚਰਾ ਪ੍ਰਬੰਧਨ ਅਤੇ ਕੁਦਰਤ ਪੱਖੀ ਸੋਚ ਨੂੰ ਇਕੱਠੇ ਲੈ ਕੇ ਚੱਲਣ ਦੀ ਕੋਸ਼ਿਸ਼ ਇਹ ਦਰਸਾਉਂਦੀ ਹੈ ਕਿ ਸਥਾਨਕ ਪੱਧਰ ਤੇ ਸਹੀ ਯੋਜਨਾਬੰਦੀ ਅਤੇ ਲੋਕਾਂ ਦੀ ਭਾਗੀਦਾਰੀ ਨਾਲ ਪਿੰਡਾਂ ਨੂੰ ਵਿਕਾਸ ਦੀ ਨਵੀਂ ਦਿਸ਼ਾ ਦਿੱਤੀ ਜਾ ਸਕਦੀ ਹੈ।