- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵ ਪ੍ਰਸਿੱਧ ਅਧਿਆਤਮਿਕ 26 ਸਾਲਾਂ

9 ਅਕਤੂਬਰ ਨੂੰ ਹੋਵੇਗਾ ਸਤਿਸੰਗ ਤੇ ਨਾਮਦਾਨ ਸਮਾਗਮ
ਪ੍ਰੇਮ, ਭਾਈਚਾਰੇ ਤੇ ਮਨ ਦੀ ਸ਼ਾਂਤੀ ਦਾ ਦੇਣਗੇ ਸੰਦੇਸ਼
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਵਿਸ਼ਵ ਪ੍ਰਸਿੱਧ ਅਧਿਆਤਮਿਕ 26 ਸਾਲਾਂ ਬਾਅਦ 9 ਅਕਤੂਬਰ 2026 ਨੂੰ ਮੋਗਾਗੁਰੂ ਅਤੇ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੇ ਮੁਖੀ ਪਰਮ ਪੂਜਨੀਕ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਪਧਾਰ ਰਹੇ ਹਨ। ਇਸ ਮੌਕੇ ਉਨ੍ਹਾਂ ਦੀ ਹਜ਼ੂਰੀ ਵਿਚ ਵਿਸ਼ਾਲ ਅਧਿਆਤਮਿਕ ਸਤਿਸੰਗ ਅਤੇ ਨਾਮਦਾਨ ਸਮਾਗਮ ਕਰਵਾਇਆ ਜਾਵੇਗਾ। ਇਸ ਸਮਾਗਮ ਨੂੰ ਲੈ ਕੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀ ਮੋਗਾ ਸ਼ਾਖਾ ਵੱਲੋਂ ਸਮਾਗਮ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਰਮ ਪੂਜਨੀਕ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ 9 ਅਕਤੂਬਰ ਨੂੰ ਸ਼ਾਮ 7 ਵਜੇ ਕੈਪੀਟੋਲ ਹਸਪਤਾਲ ਦੇ ਸਾਹਮਣੇ ਸਥਿਤ ਮੈਦਾਨ, ਬਰਨਾਲਾ-ਜਲੰਧਰ ਹਾਈਵੇਅ, ਬੁੱਘੀਪੁਰਾ ਚੌਂਕ ਨੇੜੇ, ਮੋਗਾ ਵਿਖੇ ਸੰਗਤਾਂ ਨੂੰ ਅਧਿਆਤਮਿਕ ਪ੍ਰਵਚਨਾਂ ਰਾਹੀਂ ਨਿਹਾਲ ਕਰਨਗੇ। ਇਸ ਦੌਰਾਨ ਉਹ ਮਨੁੱਖੀ ਜੀਵਨ ਵਿਚ ਪ੍ਰੇਮ, ਆਪਸੀ ਭਾਈਚਾਰੇ, ਸਦਭਾਵਨਾ ਅਤੇ ਮਾਨਸਿਕ ਸ਼ਾਂਤੀ ਦੀ ਮਹੱਤਤਾ ਬਾਰੇ ਚਾਨਣਾ ਪਾਉਣਗੇ। ਉਹ ਸੰਗਤਾਂ ਨੂੰ ਸਮਝਾਉਣਗੇ ਕਿ ਮਨੁੱਖ ਆਪਣੇ ਅੰਦਰ ਝਾਤ ਮਾਰ ਕੇ ਅਤੇ ਧਿਆਨ-ਅਭਿਆਸ ਰਾਹੀਂ ਆਪਣੇ ਜੀਵਨ ਨੂੰ ਹੋਰ ਸੁਖਦਾਈ ਤੇ ਸ਼ਾਂਤੀਪੂਰਨ ਕਿਵੇਂ ਬਣਾ ਸਕਦਾ ਹੈ। ਸਤਿਸੰਗ ਦੀ ਸਮਾਪਤੀ ਤੋਂ ਬਾਅਦ ਰਾਤ 9 ਵਜੇ ਇਸੇ ਸਥਾਨ ’ਤੇ ਨਵੇਂ ਜਿਗਿਆਸੂਆਂ ਲਈ ਨਾਮਦਾਨ ਦਾ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ। ਨਾਮਦਾਨ ਨੂੰ ਅਧਿਆਤਮਿਕ ਦੀਖਿਆ ਵਜੋਂ ਜਾਣਿਆ ਜਾਂਦਾ ਹੈ। ਮਿਸ਼ਨ ਅਨੁਸਾਰ ਇਸ ਪ੍ਰੋਗਰਾਮ ਦੌਰਾਨ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਜਿਗਿਆਸੂਆਂ ਨੂੰ ਧਿਆਨ-ਅਭਿਆਸ ਦੀ ਵਿਧੀ ਨਾਲ ਜਾਣੂੰ ਕਰਵਾਉਣਗੇ, ਜਿਸ ਦਾ ਉਦੇਸ਼ ਉਨ੍ਹਾਂ ਨੂੰ ਆਪਣੇ ਅੰਦਰ ਪ੍ਰਭੂ ਦੀ ਜੋਤ ਅਤੇ ਨਾਦ ਦਾ ਅਨੁਭਵ ਕਰਨ ਦੇ ਮਾਰਗ ’ਤੇ ਅੱਗੇ ਵਧਾਉਣਾ ਹੈ।
ਦੇਸ਼-ਵਿਦੇਸ਼ ਤੋਂ ਸੰਗਤਾਂ ਦੇ ਪਹੁੰਚਣ ਦੀ ਉਮੀਦ
ਇਸ ਵਿਸ਼ਾਲ ਅਧਿਆਤਮਿਕ ਸਮਾਗਮ ਵਿਚ ਮੋਗਾ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਸੂਬਿਆਂ ਅਤੇ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀ ਮੋਗਾ ਸ਼ਾਖਾ ਵੱਲੋਂ ਸਮੂਹ ਸੰਗਤਾਂ ਦਾ ਸਮਾਗਮ ਵਿਚ ਸ਼ਾਮਲ ਹੋਣ ਲਈ ਸਵਾਗਤ ਕੀਤਾ ਗਿਆ ਹੈ। ਇਹ ਸਮਾਗਮ ਮਨੁੱਖਤਾ, ਪ੍ਰੇਮ, ਸੇਵਾ ਅਤੇ ਅਧਿਆਤਮਿਕ ਚੇਤਨਾ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਮੌਕਾ ਹੋਵੇਗਾ।
ਪ੍ਰੇਮ ਤੇ ਨਿਸ਼ਕਾਮ ਸੇਵਾ ਨੂੰ ਸਮਰਪਿਤ ਹੈ ਮਿਸ਼ਨ
ਪਰਮ ਪੂਜਨੀਕ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਇਕ ਗੈਰ-ਮੁਨਾਫ਼ਾ ਅਧਿਆਤਮਿਕ ਸੰਸਥਾ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੇ ਮੁਖੀ ਹਨ। ਪੱਛਮੀ ਦੇਸ਼ਾਂ ਵਿੱਚ ਇਹ ਸੰਸਥਾ ਸਾਇੰਸ ਆਫ਼ ਸਪਿਰੀਚੁਐਲਿਟੀ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ। ਉਨ੍ਹਾਂ ਦੇ ਅਧਿਆਤਮਿਕ ਕਾਰਜਾਂ ਦਾ ਮੁੱਖ ਉਦੇਸ਼ ਮਨੁੱਖਤਾ ਦੀ ਸੇਵਾ ਕਰਨਾ, ਲੋਕਾਂ ਨੂੰ ਪ੍ਰੇਮ ਅਤੇ ਸਦਭਾਵਨਾ ਦਾ ਸੰਦੇਸ਼ ਦੇਣਾ ਅਤੇ ਮਨੁੱਖ ਨੂੰ ਆਪਣੇ ਅਸਲ ਸਰੂਪ ਦੀ ਪਹਿਚਾਣ ਕਰਨ ਲਈ ਪ੍ਰੇਰਿਤ ਕਰਨਾ ਹੈ। ਮਿਸ਼ਨ ਅਨੁਸਾਰ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਪਿਛਲੇ 35 ਸਾਲਾਂ ਤੋਂ ਜੀਵਨ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਲੱਖਾਂ ਲੋਕਾਂ ਨੂੰ ਧਿਆਨ-ਅਭਿਆਸ ਦੀ ਵਿਧੀ ਸਿਖਾਉਂਦੇ ਆ ਰਹੇ ਹਨ। ਉਨ੍ਹਾਂ ਦੇ ਪ੍ਰਵਚਨਾਂ ਵਿਚ ਆਪਣੇ ਆਪ ਨੂੰ ਜਾਣਨ, ਪ੍ਰਭੂ ਨਾਲ ਜੁੜਨ, ਮਨ ਨੂੰ ਸ਼ਾਂਤ ਕਰਨ ਅਤੇ ਜੀਵਨ ਵਿੱਚ ਨੈਤਿਕ ਕਦਰਾਂ-ਕੀਮਤਾਂ ਅਪਣਾਉਣ ’ਤੇ ਜ਼ੋਰ ਦਿੱਤਾ ਜਾਂਦਾ ਹੈ। ਉਨ੍ਹਾਂ ਦਾ ਸੰਦੇਸ਼ ਹੈ ਕਿ ਮਨੁੱਖ ਨੂੰ ਬਾਹਰੀ ਦੁਨੀਆ ਦੀ ਭੱਜ-ਦੌੜ ਦੇ ਨਾਲ-ਨਾਲ ਆਪਣੇ ਅੰਦਰ ਵੀ ਸਮਾਂ ਬਿਤਾਉਣਾ ਚਾਹੀਦਾ ਹੈ, ਤਾਂ ਜੋ ਉਹ ਜੀਵਨ ਦੇ ਅਸਲ ਉਦੇਸ਼ ਨੂੰ ਸਮਝ ਸਕੇ।
ਅਧਿਆਤਮਿਕ ਸਾਹਿਤ ਰਾਹੀਂ ਵੀ ਲੋਕਾਂ ਤੱਕ ਪਹੁੰਚ ਰਿਹਾ ਸੰਦੇਸ਼
ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਨੂੰ ਧਿਆਨ-ਅਭਿਆਸ ਅਤੇ ਅਧਿਆਤਮਿਕ ਸਿੱਖਿਆ ਦੇ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ ’ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਸੰਦੇਸ਼ ਸੈਮੀਨਾਰਾਂ, ਅਧਿਆਤਮਿਕ ਪੁਸਤਕਾਂ, ਡੀਵੀਡੀ, ਆਡੀਓ ਪੁਸਤਕਾਂ, ਲੇਖਾਂ, ਟੈਲੀਵਿਜ਼ਨ, ਰੇਡੀਓ, ਇੰਟਰਨੈੱਟ ਅਤੇ ਸਮਾਜਿਕ ਮਾਧਿਅਮਾਂ ਰਾਹੀਂ ਦੁਨੀਆ ਭਰ ਦੇ ਲੋਕਾਂ ਤੱਕ ਪਹੁੰਚਦੇ ਹਨ। ਉਨ੍ਹਾਂ ਦੀਆਂ ਪੁਸਤਕਾਂ ਵਿਸ਼ਵ ਦੀਆਂ 56 ਭਾਸ਼ਾਵਾਂ ਵਿਚ ਉਪਲਬਧ ਹਨ। ਇੰਨ੍ਹਾਂ ਵਿਚ ਮਨ ਦਾ ਸ਼ੁੱਧੀਕਰਨ ਮੈਡੀਟੇਸ਼ਨ ਐਜ਼ ਮੈਡੀਕੇਸ਼ਨ ਫਾਰ ਦ ਸੋਲ’ ਅਤੇ ਧਿਆਨ-ਅਭਿਆਸ ਦੁਆਰਾ ਅੰਦਰੂਨੀ ਅਤੇ ਬਾਹਰੀ ਸ਼ਾਂਤੀ ਵਰਗੀਆਂ ਪੁਸਤਕਾਂ ਸ਼ਾਮਲ ਹਨ। ਇਨ੍ਹਾਂ ਰਚਨਾਵਾਂ ਰਾਹੀਂ ਮਨ ਦੀ ਸ਼ਾਂਤੀ, ਆਤਮਿਕ ਵਿਕਾਸ ਅਤੇ ਧਿਆਨ-ਅਭਿਆਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।
ਦੁਨੀਆ ਭਰ ’ਚ ਸਥਾਪਤ ਹਨ ਮਿਸ਼ਨ ਦੇ ਕੇਂਦਰ
ਸਾਵਣ ਕਿਰਪਾਲ ਰੂਹਾਨੀ ਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸੰਸਥਾ ਦੇ ਦੁਨੀਆ ਭਰ ਵਿਚ 3,500 ਤੋਂ ਵੱਧ ਕੇਂਦਰ ਸਥਾਪਿਤ ਹਨ। ਮਿਸ਼ਨ ਦਾ ਮੁੱਖ ਦਫ਼ਤਰ ਵਿਜੇ ਨਗਰ ਦਿੱਲੀ ਵਿਚ ਹੈ ਜਦਕਿ ਇਸ ਦਾ ਅੰਤਰਰਾਸ਼ਟਰੀ ਮੁੱਖ ਦਫ਼ਤਰ ਨੇਪਰਵਿਲੇ, ਸ਼ਿਕਾਗੋ, ਅਮਰੀਕਾ ’ਚ ਸਥਿਤ ਹੈ। ਸਮਾਗਮ ਸਬੰਧੀ ਭੁਪਿੰਦਰ ਸਿੰਘ, ਜ਼ੋਨ ਇੰਚਾਰਜ ਬਲਦੇਵ ਰਾਜ ਹੀਰਾ, ਜ਼ੋਨ ਕੋਆਰਡੀਨੇਟਰ ਆਊਟਰੀਚ ਅਤੇ ਸੁਖਵਿੰਦਰ ਸਿੰਘ ਸਕੱਤਰ ਸ਼ਾਮਲ ਹਨ।