
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਈ ਘਨ੍ਹੱਈਆ ਕੌਮੀ ਸੇਵਾ ਯੋਜਨਾ

ਮਨਪ੍ਰੀਤ ਸਿੰਘ ਮੱਲੇਆਣਾ, ਸਟਾਫ਼ ਰਿਪੋਰਟਰ ਪੰਜਾਬੀ ਜਾਗਰਣ : ਨਿਹਾਲ ਸਿੰਘ ਵਾਲਾ:ਭਾਈ ਘਨ੍ਹੱਈਆ ਕੌਮੀ ਸੇਵਾ ਯੋਜਨਾ ਯੂਨਿਟ ਵੱਲੋਂ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਪ੍ਰਣਾਮ ਸ਼ਹੀਦਾਂ ਨੂੰ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਭਰਵੀਂ ਸ਼ਮੂਲੀਅਤ ਕਰਕੇ ਆਪਣੀਆਂ ਰਚਨਾਵਾਂ ਅਤੇ ਕਲਾ ਦੇ ਮਾਧਿਅਮ ਰਾਹੀਂ ਮਹਾਨ ਦੇਸ਼ ਭਗਤਾਂ ਨੂੰ ਸਿੱਜਦਾ ਕੀਤਾ। ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਸਾਡਾ ਸਿਰ ਉਨ੍ਹਾਂ ਦੇਸ਼ ਭਗਤਾਂ ਅੱਗੇ ਸ਼ਰਧਾ ਅਤੇ ਸਤਿਕਾਰ ਸਹਿਤ ਝੁਕਦਾ ਹੈ, ਜਿੰਨ੍ਹਾਂ ਨੇ ਆਪਾ ਨਿਛਾਵਰ ਕਰਕੇ ਦੇਸ਼ ਨੂੰ ਬਰਤਾਨਵੀ ਸਾਮਰਾਜ ਦੇ ਜੂਲੇ ਤੋਂ ਮੁਕਤ ਕਰਵਾਇਆ। ਇਸ ਉਪਰੰਤ ਨਮਲੀਨ ਕੌਰ, ਸੋਨਮਪ੍ਰੀਤ ਕੌਰ, ਅਵਨੀਤ ਕੌਰ, ਹਰਜੋਤ ਕੌਰ, ਗੁਰਨੂਰ ਕੌਰ, ਵੀਰਪਾਲ ਕੌਰ ਅਤੇ ਪ੍ਰਭਜੋਤ ਕੌਰ ਦੀ ਟੀਮ ਨੇ ਦੇਸ਼ ਪ੍ਰੇਮ ਦੇ ਗੀਤ ’ਤੇ ਸੋਹਣਾ ਡਾਂਸ ਕੀਤਾ। ਜਸਪਿੰਦਰ ਸਿੰਘ ਤੇ ਨਮਲੀਨ ਕੌਰ ਨੇ ਤਿਰੰਗਾ ਨਾਂਅ ਦੀ ਕਵਿਤਾ ਵਿਲੱਖਣ ਢੰਗ ਨਾਲ ਪੇਸ਼ ਕੀਤੀ। ਖੁਸ਼ਪ੍ਰੀਤ ਕੌਰ, ਮਨਿੰਦਰਜੀਤ ਕੌਰ, ਰੁਪਿੰਦਰ ਕੌਰ, ਬਲਜਿੰਦਰ ਕੌਰ, ਵਰਿੰਦਰ ਸਿੰਘ ਅਤੇ ਸਾਹਿਬਦੀਪ ਸਿੰਘ ਦੇ ਗਰੁੱਪ ਡਾਂਸ ਏ ਵਤਨ ਮੇਰੇ ਆਬਾਦ ਰਹੇਂ ਤੂੰ ਰਾਹੀਂ ਖ਼ੂਬ ਵਾਹ ਵਾਹ ਖੱਟੀ। ਜਸਕਰਨ ਸਿੰਘ ਨੇ ਪੰਜਾਬ ਕਵਿਤਾ ਰਾਹੀਂ ਆਪਣੀ ਹਾਜ਼ਰੀ ਲਗਵਾਈ। ਇਸ਼ਮੀਤ ਸਿੰਘ ਦੀ ਕਵਿਤਾ ਹਿੰਦ ਵਾਸੀਓ ਰੱਖਣਾ ਯਾਦ ਸਾਨੂੰ ਖੂਬ ਸਲਾਹੀ ਗਈ। ਜਸਪਿੰਦਰ ਕੌਰ ਦਾ ਸੋਲੋ ਡਾਂਸ ਕਾਬਲ ਏ ਤਾਰੀਫ਼ ਰਿਹਾ। ਨਮਨਦੀਪ ਕੌਰ, ਰਮਨਦੀਪ ਕੌਰ, ਸੁਪਨਦੀਪ ਕੌਰ, ਜਸਪ੍ਰੀਤ ਕੌਰ ਅਤੇ ਹਰਮਨਪ੍ਰੀਤ ਕੌਰ ਦਾ ਭੰਗੜਾ ਸਮਾਗਮ ਦਾ ਸਿਖ਼ਰ ਹੋ ਨਿਬੜਿਆ। ਪ੍ਰਿੰਸੀਪਲ ਗੁਰਪ੍ਰੀਤ ਕੌਰ ਅਤੇ ਵਾਈਸ ਪ੍ਰਿੰਸੀਪਲ ਮੈਡਮ ਮੀਨਾ ਜੈਨ ਨੇ ਕਿਹਾ ਸ਼ਹੀਦ ਸਾਡੇ ਰਾਸ਼ਟਰ ਦਾ ਅਣਮੋਲ ਸਰਮਾਇਆ ਹੁੰਦੇ ਹਨ, ਜਿਨ੍ਹਾਂ ਦੀਆਂ ਲਾਸਾਨੀ ਸ਼ਹਾਦਤਾਂ ਸਦਕਾ ਦੇਸ਼ ਅਜ਼ਾਦ ਹੋਇਆ ਹੈ। ਮੰਚ ਸੰਚਾਲਕ ਦੇ ਫ਼ਰਜ਼ ਸਰਬਜੀਤ ਕੌਰ ਅਤੇ ਮਨਪ੍ਰੀਤ ਕੌਰ ਨੇ ਬਾਖ਼ੂਬੀ ਨਿਭਾਏ।